Pages

Sunday, 22 September 2013

ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ ਖਾਕੀ…

www.sabblok.blogspot.com
policce
*ਦੋ ਬੇਕਸੂਰਾਂ ਦੀ ਕੀਤੀ ਕੁੱਟਮਾਰ
*ਪਿੰਡ ਹੋਇਆ ਪੁਲਸ ਛਾਉਣੀ ‘ਚ ਤਬਦੀਲ

ਟਾਂਡਾ – ਅੱਜ ਥਾਣਾ ਟਾਂਡਾ ਅਧੀਨ ਆਉਂਦੇ ਪਿੰਡ ਬਘਿਆੜੀ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਵਕ ਹੋ ਗਈ, ਜਦੋਂ ਪੂਰਾ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਬਘਿਆੜੀ ਵਿਚ ਅੱਜ ਕਰੀਬ 11 ਵਜੇ ਥਾਣਾ ਕਰਤਾਰਪੁਰ ਦੇ ਇਕ ਏ. ਐੱਸ. ਆਈ. ਬਲਜਿੰਦਰ ਸਿੰਘ ਪਹਿਲਵਾਨ ਆਪਣੇ ਨਾਲ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਪਿੰਡ ਵਿਚ ਇਕ ਕੇਸ ‘ਚ ਲੋੜੀਂਦੇ ਵਿਅਕਤੀ ਨੂੰ ਫੜਨ ਆਏ, ਜਿਥੇ ਲੋੜੀਂਦਾ ਵਿਅਕਤੀ ਤਾਂ ਉਨ੍ਹਾਂ ਦੇ ਹੱਥ ਨਾ ਲੱਗਾ ਪਰ ਉਕਤ ਥਾਣੇਦਾਰ ਨੇ ਪਿੰਡ ਦੇ ਹੀ ਦੋ ਹੋਰ ਬੇਕਸੂਰ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਬੇਹਾਲ ਕਰ ਦਿੱਤਾ, ਜੋ ਕੁੱਟਮਾਰ ਨਾਲ ਬੇਹੋਸ਼ ਹੋ ਗਏ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਰੋਸ ਦੀ ਲਹਿਰ ਭੜਕ ਗਈ, ਜਿਸ ਕਾਰਨ ਆਮ ਲੋਕਾਂ ਨੇ ਉਕਤ ਪੁਲਸ ਮੁਲਾਜ਼ਮਾਂ ਨੂੰ ਘੇਰ ਲਿਆ। ਲੋਕਾਂ ਦਾ ਗੁੱਸਾ ਭੜਕਦਾ ਵੇਖ ਛੋਟਾ ਥਾਣੇਦਾਰ ਤਾਂ ਭੱਜ ਜਾਣ ‘ਚ ਸਫਲ ਹੋ ਗਿਆ ਪਰ ਦੋ ਮੁਲਾਜ਼ਮ ਪਿੰਡ ਵਾਸੀਆਂ ਨੇ ਕਾਬੂ ਕਰ ਲਏ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਥਾਣਾ ਟਾਂਡਾ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਡੀ. ਐੱਸ. ਪੀ. ਹਰਜਿੰਦਰ ਸਿੰਘ ਟਾਂਡਾ ਦੀ ਅਗਵਾਈ ਹੇਠ ਐੱਸ. ਐੱਚ. ਓ. ਸਤਿੰਦਰ ਕੁਮਾਰ ਚੱਢਾ ਭਾਰੀ ਪੁਲਸ ਫੋਰਸ ਸਮੇਤ ਉਥੇ ਪਹੁੰਚ ਗਏ। ਇਨ੍ਹਾਂ ਤੋਂ ਇਲਾਵਾ ਪਰਮਿੰਦਰ ਸਿੰਘ ਬਾਜਵਾ ਐੱਸ. ਐੱਚ. ਓ. ਭੋਗਪੁਰ ਤੇ ਐੱਸ. ਐੱਚ. ਓ. ਗੜ੍ਹਦੀਵਾਲ ਦੀ ਪੁਲਸ ਵੀ ਉਥੇ ਮੌਜੂਦ ਸੀ। ਡੀ. ਐੱਸ. ਪੀ. ਨੇ ਮੌਕੇ ‘ਤੇ ਸਥਿਤੀ ਦੇਖੀ, ਜਿਥੇ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਘਿਆੜੀ ਜਿਨ੍ਹਾਂ ਨੂੰ ਉਕਤ ਥਾਣੇਦਾਰ ਵਲੋਂ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਹੋਇਆ ਸੀ। ਜਦ ਕਿ ਦੂਸਰੇ ਵਿਅਕਤੀ ਜਗਤਾਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬਘਿਆੜੀ ਨੂੰ ਝੋਨੇ ਦੇ ਖੇਤਾਂ ਵਿਚੋਂ ਕਾਫੀ ਭਾਲ ਕਰਨ ਤੋਂ ਬਾਅਦ ਲੱਭਿਆ ਗਿਆ, ਜੋ ਕਿ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਪੁਲਸ ਵਲੋਂ ਦੋਵਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਟਾਂਡਾ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਟਾਂਡਾ ਪੁਲਸ ਵਲੋਂ ਛੋਟੇ ਥਾਣੇਦਾਰ ਬਲਜਿੰਦਰ ਸਿੰਘ ਦੇ ਨਾਲ ਆਏ ਦੂਸਰੇ ਦੋ ਮੁਲਾਜ਼ਮਾਂ ਨੂੰ ਥਾਣਾ ਟਾਂਡਾ ‘ਚ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਕੋਲੋਂ ਇਸ ਮਾਮਲੇ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ। ਪਿੰਡ ਬਘਿਆੜੀ ‘ਚ ਉਕਤ ਥਾਣੇਦਾਰ ਦੀ ਇਹ ਦੂਸਰੀ ਘਟਨਾ ਹੈ : ਕਰੀਬ 3 ਮਹੀਨੇ ਪਹਿਲਾਂ ਵੀ ਪਿੰਡ ਬਘਿਆੜੀ ਵਿਖੇ ਉਕਤ ਏ. ਐੱਸ. ਆਈ. ਸਿਵਲ ਵਰਦੀ ‘ਚ ਇਸ ਕੇਸ ‘ਚ ਲੋੜੀਂਦੇ ਵਿਅਕਤੀ ਨੂੰ ਫੜਨ ਆਏ ਸਨ। ਜਿਥੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਟਾਂਡਾ ਪੁਲਸ ਨੇ ਕਾਫੀ ਜੱਦੋ-ਜਹਿਦ ਪਿਛੋਂ ਉਨ੍ਹਾਂ ਨੂੰ ਛੁਡਵਾਇਆ ਸੀ।
ਮਾਮਲਾ ਐੱਸ . ਐੱਸ . ਪੀ . ਜਲੰਧਰ ਦੇ ਧਿਆਨ ‘ਚ ਜਾਵੇਗਾ : ਡੀ. ਐੱਸ. ਪੀ. ਟਾਂਡਾ : ਡੀ. ਐੱਸ. ਪੀ. ਟਾਂਡਾ ਹਰਜਿੰਦਰ ਸਿੰਘ ਨੇ ਕਿਹਾ ਕਿ ਉਕਤ ਮੁਲਾਜ਼ਮਾਂ ਵਲੋਂ ਪਿੰਡ ਬਘਿਆੜੀ ‘ਚ ਬੇਕਸੂਰ ਵਿਅਕਤੀਆਂ ਦੀ ਕੀਤੀ ਕੁੱਟਮਾਰ ਸਬੰਧੀ ਮਾਮਲਾ ਐੈੱਸ. ਐੱਸ. ਪੀ. ਜਲੰਧਰ ਦੇ ਧਿਆਨ ‘ਚ ਲਿਆ ਕੇ ਉਕਤ ਥਾਣੇਦਾਰ ਸਮੇਤ 5 ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਸਿਫਾਰਿਸ਼ ਕਰਨਗੇ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।