Pages

Saturday, 6 July 2013

ਅੰਮ੍ਰਿਤਸਰ ਨੇੜੇ ਬੱਸ ਤੇ ਬਲੈਰੋ ਦੀ ਟੱਕਰ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

www.sabblok.blogspot.com

ਵੇਰਕਾ, 6 ਜੁਲਾਈ (ਪਰਮਜੀਤ ਸਿੰਘ ਬੱਗਾ)-ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨਜ਼ਦੀਕ ਬੀਤੀ ਦੇਰ ਰਾਤ ਵਿਆਹ ਸਮਾਰੋਹ ਤੋਂ ਵਾਪਸ ਘਰ ਪਰਦਿਆਂ ਬਲੈਰੋ ਜੀਪ ਅਤੇ ਯਾਤਰੂ ਲੈ ਕੇ ਅਮਰਨਾਥ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਦੀ ਆਹਮੋ ਸਾਹਮਣੀ ਜ਼ਬਰਦਸਤ ਟੱਕਰ ਵਿਚ ਬਲੈਰੋ ਸਵਾਰ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਹੋਰ ਮੈਂਬਰਾਂ ਤੋਂ ਇਲਾਵਾ ਬੱਸ ਕਡੰਕਟਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ‘ਚ ਬਲੈਰੋ ਸਵਾਰ ਇਕ ਔਰਤ ਤੇ ਦੋ ਨੌਜਵਾਨ ਸ਼ਾਮਿਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਬਲੈਰੋ ਜੀਪ ਨੰ: ਪੀ. ਬੀ.-ਏ.ਟੀ.-8639, ਜਿਸ ਨੂੂੰ ਧਰਮਵੀਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮਰਹਾਣਾ, ਜ਼ਿਲ੍ਹਾ ਤਰਨ ਤਾਰਨ ਚਲਾ ਰਿਹਾ ਸੀ, ਜੋ ਆਪਣੀ ਪਤਨੀ, ਦੋ ਬੇਟੇ ਤੇ ਇਕ ਭਤੀਜੇ ਨਾਲ ਅਟਾਰੀ ਰੋਡ ‘ਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਪਿੰਡ ਮਰਹਾਣਾ ਜਾ ਰਹੇ ਸਨ ਕਿ ਰਾਤ 2 ਵਜੇ ਦੇ ਕਰੀਬ ਵੇਰਕਾ ਬਾਈਪਾਸ ਸੜਕ ਦੀ ਉਲਟ ਦਿਸ਼ਾ ਰਾਹੀਂ ਪੁੱਲ ਪਾਰ ਕਰਦਿਆਂ ਬਠਿੰਡਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਅਮਰਨਾਥ ਜਾ ਰਹੀ ਨਿਊ ਭਾਰਤ ਬੱਸ ਸਰਵਿਸ ਬਠਿੰਡਾ ਦੀ ਬੱਸ ਨੰਬਰ ਆਰ. ਜੇ. 31-ਪੀ.ਬੀ. 0030 ਨਾਲ ਸਿੱਧੀ ਟੱਕਰ ਹੋ ਗਈ।
ਇਸ ਟੱਕਰ ਨਾਲ ਬਲੈਰੋ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਵਿਚ ਸਵਾਰ ਚਾਲਕ ਧਰਮਵੀਰ ਸਿੰਘ ਪੁੱਤਰ ਬਲਬੀਰ ਸਿੰਘ, ਪਤਨੀ ਇੰਦਰਜੀਤ ਕੌਰ, ਬੇਟਾ ਸੁਖਮਨਪ੍ਰੀਤ ਸਿੰਘ (16), ਬੇਟਾ ਜਤਿੰਦਰਜੀਤ ਸਿੰਘ (14) ਅਤੇ ਭਤੀਜਾ ਗੁਰਪ੍ਰੀਤ ਸਿੰਘ (30) ਪੁੱਤਰ ਬਲਵੀਰ ਸਿੰਘ ਸਾਰੇ ਗੰਭੀਰ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਇੰਦਰਜੀਤ ਕੌਰ, ਸੁਖਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜ਼ਖ਼ਮਾਂ ਦੀ ਪੀੜ ਨਾ ਸਹਾਰਦੇ ਹੋਏ ਦਮ ਤੋੜ ਗਏ ਜਦਕਿ ਚਾਲਕ ਧਰਮਵੀਰ ਸਿੰਘ ਤੇ ਇਸ ਦੇ ਬੇਟੇ ਜਤਿੰਦਰਜੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੋ ਇਸ ਸਮੇਂ ਅੰਮ੍ਰਿਤਸਰ ਦੇ ਦੋ ਵੱਖ ਵੱਖ ਨਿੱਜੀ ਹਸਪਤਾਲਾਂ ਵਿਚ ਅਤੇ ਬੱਸ ਕੰਡਕਟਰ ਕੇਵਲ ਖਾਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਜੇਰੇ ਇਲਾਜ ਹਨ। ਇਸ ਟੱਕਰ ਦੌਰਾਨ ਬੱਸ ਦਾ ਸੰਤੁਲਨ ਵਿਗਣ ਜਾਣ ਨਾਲ ਬੱਸ ਵੀ ਪੁਲ ਤੋਂ ਹੇਠ ਨੀਵੀਂ ਜਗ੍ਹਾ ਚਲੀ ਗਈ ਪ੍ਰੰਤੂ ਪਲਟਣ ਤੋਂ ਬਚ ਗਈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।