www.sabblok.blogspot.com
ਚੰਡੀਗੜ੍ਹ, 31 ਮਈ (ਬਿਊਰੋ ਚੀਫ਼)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਗੰਨੇ ਦੀ ਖਰੀਦ ਲਈ
ਸਾਲ 2013-14 ਲਈ ਗੰਨੇ ਦਾ ਭਾਅ 290 ਰੁਪਏ ਪ੍ਰਤੀ ਕੁਇੰਟਲ ਮਿਥਣ ਦਾ ਫੈਸਲਾ ਲਿਆ ਗਿਆ
ਹੈ, ਲੇਕਿਨ ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ ਇਹ ਭਾਅ 280 ਰੁਪਏ ਅਤੇ 275
ਰੁਪਏ ਹੋਵੇਗਾ | ਵਰਨਣਯੋਗ ਹੈ ਕਿ ਗੁਆਂਢੀ ਰਾਜ ਹਰਿਆਣਾ ਵੱਲੋਂ ਗੰਨੇ ਦਾ ਖਰੀਦ ਮੁੱਲ
290 ਰੁਪਏ ਐਲਾਨੇ ਜਾਣ ਕਾਰਨ ਰਾਜ ਸਰਕਾਰ ਲਈ ਵੀ ਜ਼ਰੂਰੀ ਹੋ ਗਿਆ ਸੀ ਕਿ ਉਹ ਗੁਆਂਢੀ
ਰਾਜ ਦੇ ਬਰਾਬਰ ਰਾਜ ਦੇ ਕਿਸਾਨਾਂ ਨੂੰ ਗੰਨੇ ਦਾ ਮੁੱਲ ਦੇਵੇ, ਕਿਉਂਕਿ ਮਗਰਲੇ ਸਾਲਾਂ
ਦੌਰਾਨ ਹਰਿਆਣਾ ਨਾਲੋਂ ਘੱਟ ਮੁੱਲ ਰੱਖੇ ਜਾਣ ਦੀ ਸੂਰਤ ਵਿਚ ਰਾਜ ਦਾ ਗੰਨਾ ਹਰਿਆਣਾ ਦੀਆਂ
ਮਿੱਲਾਂ ਵੱਲ ਜਾਂਦਾ ਰਿਹਾ ਹੈ | ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਮਗਰਲੇ ਸਾਲ
ਦੌਰਾਨ ਅਗੇਤੇ, ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ 250, 240 ਅਤੇ 235 ਰੁਪਏ
ਪ੍ਰਤੀ ਕੁਇੰਟਲ ਦਾ ਮੁੱਲ ਕਿਸਾਨਾਂ ਨੂੰ ਦਿੱਤਾ ਗਿਆ ਸੀ ਅਤੇ ਇਸ ਸਾਲ ਦੌਰਾਨ ਕਿਸਾਨਾਂ
ਨੂੰ ਪ੍ਰਤੀ ਕੁਇੰਟਲ 40 ਰੁਪਏ ਦਾ ਇਕੋ ਸਾਲ ਦੌਰਾਨ ਵਾਧਾ ਮਿਲੇਗਾ | ਇਸ ਮੰਤਵ ਦਾ ਫੈਸਲਾ
ਅੱਜ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ
ਮੀਟਿੰਗ ਦੌਰਾਨ ਲਿਆ ਗਿਆ | ਰਾਜ ਵਿਚ ਗੰਨੇ ਦੀ ਖਰੀਦ ਸਤੰਬਰ-ਅਕਤੂਬਰ ਦੇ ਮਹੀਨੇ ਦੌਰਾਨ
ਸ਼ੁਰੂ ਹੋ ਜਾਂਦੀ ਹੈ, ਜਦੋਂਕਿ ਗੰਨੇ ਦੀ ਪਿੜਾਈ ਦਾ ਕੰਮ ਮਾਰਚ ਤੱਕ ਚੱਲਦਾ ਹੈ | ਮੁੱਖ
ਮੰਤਰੀ ਵੱਲੋਂ ਅੱਜ ਮੀਟਿੰਗ ਦੌਰਾਨ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੂੰ
ਕਿਹਾ ਗਿਆ ਕਿ ਉਹ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਨੂੰ ਦੁੱਗਣਾ ਕਰਨ ਲਈ
ਰਾਜ ਸਰਕਾਰ ਨੂੰ ਛੇਤੀ ਤਜਵੀਜ਼ ਬਣਾ ਕੇ ਭੇਜਣ, ਕਿਉਂਕਿ ਇਸ ਖੇਤਰ ਦੇ ਕਿਸਾਨਾਂ ਵੱਲੋਂ
ਮਿੱਲ ਦੀ ਸਮਰੱਥਾ ਵਧਾਏ ਜਾਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਇਹ
ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਗੰਨੇ ਦੀ ਅਦਾਇਗੀ ਨੂੰ ਨਿਯਮਤ ਸਮੇਂ ਸਿਰ ਕਰਨ ਲਈ ਰਾਜ
ਦੇ ਬਜਟ ਵਿਚ ਲੋੜੀਂਦੀ ਧੰਨ ਰਾਸ਼ੀ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇਗਾ | ਮੁੱਖ
ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਗੰਨੇ ਦੀ ਕਟਾਈ ਸਬੰਧੀ ਮਸ਼ੀਨਰੀ ਵਾਜਬ ਦਰਾਂ 'ਤੇ
ਮੁਹੱਈਆ ਕਰਾਉਣ ਲਈ ਸਰਕਾਰ ਯਤਨ ਕਰੇਗੀ ਅਤੇ ਖੇਤੀਬਾੜੀ ਸਾਜ਼ੋ ਸਮਾਨ 'ਤੇ ਸਬਸਿਡੀ
ਮੁਹੱਈਆ ਕਰਵਾਈ ਜਾਵੇਗੀ |
