www.sabblok.blogspot.com
ਸ੍ਰੀਨਗਰ, 16 ਅਕਤੂਬਰ -ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਜਾਰੀ ਜੰਗੀ ਸੂਰਤਹਾਲ ਦੇ ਮੱਦੇਨਜ਼ਰ ਭਾਰਤ ਨੇ ਗੈਰ ਮਾਮੂਲੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਰਹੱਦ 'ਤੇ ਵਾਧੂ ਫੌਜੀ ਦਸਤੇ ਤਾਇਨਾਤ ਕਰਨ ਦਾ ਸਿਲਸਿਲਾ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ | ਫੌਜ ਨੇ ਉੱਤਰੀ ਕਸ਼ਮੀਰ ਦੇ ਨਾਲ ਲੱਗਦੀ ਕੰਟਰੋਲ ਰੇਖਾ ਦੇ ਸੈਕਟਰਾਂ 'ਚ ਬਫੋਰਸ ਤੋਪਾਂ ਸਥਾਪਤ ਕਰ ਦਿੱਤੀਆਂ ਹਨ ਅਤੇ ਉੱਤਰੀ ਕਸ਼ਮੀਰ ਦੇ ਗੁਰੇਜ਼, ਕੁਪਵਾੜਾ, ਉੜੀ ਅਤੇ ਗੁਲਮਰਗ ਸੈਕਟਰਾਂ ਵੱਲ ਰਵਾਨਾ ਕਰ ਦਿੱਤੀਆਂ ਗਈਆਂ ਹਨ ਜਦਕਿ ਭਾਰੀ ਮਾਤਰਾ 'ਚ ਗੋਲਾ ਬਾਰੂਦ ਵੀ ਭੇਜ ਦਿੱਤਾ ਗਿਆ ਹੈ | ਫੌਜ ਨੇ ਇਨ੍ਹਾਂ ਸੈਕਟਰਾਂ 'ਚ ਮੋਰਚੇ ਵੀ ਕਾਇਮ ਕਰ ਦਿੱਤੇ ਹਨ | ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਭਾਰਤ-ਪਾਕਿ ਫੌਜਾਂ ਦਰਮਿਆਨ ਸੂਰਤਹਾਲ ਕਸ਼ੀਦਾ ਬਣੀ ਹੋਈ ਹੈ, ਜਿਸ ਕਾਰਨ ਦੋਵਾਂ ਮੁਲਕਾਂ 'ਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ | ਪਿਛਲੇ ਕਈ ਹਫ਼ਤਿਆਂ ਤੋਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਤਣਾਅ ਦੀ ਸਥਿਤੀ ਜਾਰੀ ਹੈ |