ਓਕਕ੍ਰੀਕ: 10 ਅਗਸਤ (PMI News):-—ਗੁਰਦੁਆਰੇ 'ਚ ਫਾਇਰਿੰਗ ਦੀ ਘਟਨਾ ਪਿਛੋਂ ਸਿੱਖਾਂ ਪ੍ਰਤੀ ਹਮਦਰਦੀ ਪ੍ਰਗਟਾਉਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਉਨ੍ਹਾਂ ਦੀ ਅਮਰੀਕਾ ਯਾਤਰਾ ਉਸ ਸਮੇਂ ਮਹਿੰਗੀ ਸਾਬਤ ਹੋਈ ਜਦੋਂ ਅਮਰੀਕਾ ਦੇ ਇਕ ਮਨੁੱਖੀ ਅਧਿਕਾਰ ਗਰੁੱਪ ਨੇ ਉਨ੍ਹਾਂ ਵਿਰੁੱਧ ਸੂਬੇ 'ਚ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਇਕ ਮੁਕੱਦਮਾ ਦਾਇਰ ਕਰ ਦਿੱਤਾ।
'ਜਰਨਲ ਸੈਂਟੀਨਲ' ਅਖ਼ਬਾਰ ਮੁਤਾਬਕ ਮੁਕੱਦਮੇ 'ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਅਤੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਬਾਦਲ ਦਾ ਮੁਕੰਮਲ ਕੰਟਰੋਲ ਹੈ, ਜੋ ਤਿੰਨ ਜਾਨੂੰ ਅਤੇ ਹਜ਼ਾਰਾਂ ਅਣਜਾਨੀਆਂ ਵਾਦੀਆਂ ਨਾਲ ਸਖਤ ਅਤੇ ਗੈਰ ਮਨੁੱਖੀ ਰਵੱਈਆ ਅਪਣਾਉਣ ਅਤੇ ਗੈਰ ਕਾਨੂੰਨੀ ਤੌਰ 'ਤੇ ਕਤਲ ਕਰਨ ਲਈ ਜ਼ਿੰਮੇਵਾਰ ਹਨ।
ਬਾਦਲ ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਲਈ ਮਿਲਵਾਕੀ ਆਏ ਹੋਏ ਹਨ ਅਤੇ ਉਹ ਪਿਛਲੇ ਐਤਵਾਰ ਨੂੰ ਗੁਰਦੁਆਰੇ 'ਚ ਹੋਈ ਫਾਇਰਿੰਗ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਅੰਤਿਮ ਸੰਸਕਾਰ ਦੀ ਰਸਮ 'ਚ ਵੀ ਸ਼ਾਮਿਲ ਹੋਣਗੇ।
ਆਪਣੇ ਆਪ ਨੂੰ 'ਸਿੱਖਸ ਫਾਰ ਜਸਟਿਸ' ਦਾ ਕਨਵੀਨਰ ਦੱਸਣ ਵਾਲੇ ਨਿਊਯਾਰਕ ਦੇ ਅਵਤਾਰ ਸਿੰਘ ਨੇ ਅਮਰੀਕਾ ਦੀ ਮਿਲਵਾਕੀ ਜ਼ਿਲਾ ਅਦਾਲਤ 'ਚ ਬਾਦਲ ਵਿਰੁੱਧ 30 ਪੰਨਿਆਂ ਦੀ ਸ਼ਿਕਾਇਤ ਦਾਇਰ ਕੀਤੀ ਹੈ। ਅਖਬਾਰ ਮੁਤਾਬਕ ਬਾਦਲ ਨੇ ਇਸ ਮੁਕੱਦਮੇ ਸੰਬੰਧੀ ਕਿਹਾ ਕਿ ਉਨ੍ਹਾਂ ਅਜੇ ਤਕ ਅਜਿਹੀਆਂ ਖਬਰਾਂ ਨਹੀਂ ਦੇਖੀਆਂ ਹਨ।
|