jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 5 June 2013

ਵਿਸ਼ਵ ਵਾਤਾਵਰਣ ਦਿਵਸ (5 ਜੂਨ) ਤੇ ਵਿਸ਼ੇਸ਼

www.sabblok.blogspot.com
ਇਸ ਸਾਲ ਵਰਲਡ ਐਨਵਾਇਰਨਮੈਂਟ ਡੇ ਯਾਨੀ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ ’ਗ੍ਰੀਨ ਇਕਾਨਮੀ’ (ਹਰਿਤ ਅਰਥਵਿਵਸਥਾ) ਯੂਨੀਸੈੱਫ ਅਨੁਸਾਰ ਇਸ ਦੇ ਦੋ ਪਹਿਲੂ ਹਨ। ਪਹਿਲਾ ਹੈ ‘ਗ੍ਰੀਨ ਇਕਾਨਮੀਜ਼’ ਦੀ ਸਮੱਸਿਆ ਤੇ ਦੂਜਾ ਗ੍ਰੀਨ ਇਕਾਨਮੀ ਨੂੰ ਲਾਗੂ ਕਰਨਾ। ਪ੍ਰਤੀ ਸਾਲ 5 ਜੂਨ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਪ੍ਰਿਥਵੀ ਦੀ ਜੈਵ ਵਿਭਿੰਨਤਾ ਦੀ ਸੁਰੱਖਿਆ ਕੀਤੀ ਜਾ ਸਕੇ।
ਲੱਗਭਗ 30-35 ਸਾਲ ਪਹਿਲਾਂ ਜਦੋਂ ਅਸੀਂ ਆਪਣੀ ਸਕੂਲ ਦੀ ਜਮਾਤ ‘ਚ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਗੋਸ਼ਟੀਆਂ ਅਤੇ ਨਿਬੰਧ ਲੇਖਣ ਆਦਿ ਮੁਕਾਬਲੇ ਆਯੋਜਿਤ ਕਰਦੇ ਸਨ ਤਾਂ ਲੱਗਦਾ ਸੀ ਕਿ ਵਾਤਾਵਰਣ ਨੂੰ ਸਾਫ ਰੱਖਣਾ ਅਤੇ ਉਸ ਨੂੰ ਅਸ਼ੁੱਧ ਹੋਣ ਤੋਂ ਬਚਾਉਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਹ ਸਮੱਸਿਆ ਜੋ ਕਦੇ ਛੋਟੀ ਲੱਗਦੀ ਸੀ, ਹੁਣ ਇਕ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।
ਵਾਤਾਵਰਣ ਦੇ 4 ਸਤੰਭ
ਜਲ, ਵਾਯੂਮੰਡਲ, ਪੌਦੇ-ਦਰੱਖਤ ਤੇ ਮਨੁੱਖ ਮੂਲ ਰੂਪ ‘ਚ ਵਾਤਾਵਰਣ ਦੇ ਇਹੀ 4 ਸਤੰਭ ਮੰਨੇ ਜਾਂਦੇ ਹਨ। ਇਨ੍ਹਾਂ ਸਾਰਿਆਂ ਦਾ ਆਪਸੀ ਤਾਲਮੇਲ ਹੀ ਚੰਗੇ ਵਾਤਾਵਰਣ ਦਾ ਪ੍ਰਤੀਕ ਹੈ। ਸਾਡਾ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੇ ਜ਼ਿਆਦਾਤਰ ਜਲ ਸੋਮੇ ਅਸੀਂ ਜਾਣੇ-ਅਣਜਾਣੇ ‘ਚ ਵੱਧ ਤੋਂ ਵੱਧ ਦੂਸ਼ਿਤ ਕਰ ਦਿੱਤੇ ਹਨ।
ਕੋਈ ਵੀ ਛੋਟੀ ਨਦੀ ਜਾਂ ਜਲ ਸੋਮਾ ਅਜਿਹਾ ਨਹੀਂ ਹੈ ਜਿਸ ਨੂੰ ਅਸੀਂ ਆਪਣੇ ਘਰਾਂ ਦੇ ਦੂਸ਼ਿਤ ਪਾਣੀ ਜਾਂ ਕਾਰਖਾਨਿਆਂ ਦੀ ਗੰਦਗੀ ਤੋਂ ਖਰਾਬ ਨਾ ਕੀਤਾ ਹੋਵੇ। ਇਸ ਦੀ ਸਭ ਤੋਂ ਵੱਡੀ ਉਦਾਹਰਣ ਸਾਡੀਆਂ ਸਭ ਤੋਂ ਪਵਿੱਤਰ ਨਦੀਆਂ ਗੰਗਾ ਤੇ ਯਮੁਨਾ ਹਨ।
ਲੁਧਿਆਣਾ ‘ਚ ਵਹਿ ਰਿਹਾ ‘ਬੁੱਢਾ ਦਰਿਆ’ ਅੱਜ ‘ਬੁੱਢਾ ਨਾਲਾ’ ਬਣ ਚੁੱਕਾ ਹੈ। ਸਿਰਫ 50 ਸਾਲ ਪਹਿਲਾਂ ਹੀ ਇਸ ਦਾ ਪਾਣੀ ਇੰਨਾ ਸ਼ੁੱਧ ਅਤੇ ਨਿਰਮਲ ਸੀ ਕਿ ਲੋਕ ਇਥੇ ਨਹਾਉਂਦੇ ਸਨ ਪਰ ਅੱਜ ਇਹ ਪੂਰੀ ਤਰ੍ਹਾਂ ਨਾਲ ਗੰਦਾ ਹੋ ਚੁੱਕਾ ਹੈ। ਪੈਸਟੀਸਾਈਡਸ ਜਾਂ ਕੀਟਨਾਸ਼ਕਾਂ ਦਾ ਬਹੁਤ ਮਾਤਰਾ ‘ਚ ਉਪਯੋਗ ਕਰਨ ਨਾਲ ਵੀ ਭੂ-ਜਲ ਹੁਣ ਪੀਣ ਯੋਗ ਵੀ ਨਹੀਂ ਰਿਹਾ। ਸਰਕਾਰ ਅਤੇ ਲੋਕਾਂ ਦੀ ਵਾਤਾਵਰਣ ਸੁਰੱਖਿਆ ਪ੍ਰਤੀ ਲਾਪ੍ਰਵਾਹੀ ਤੇ ਅਗਿਆਨਤਾ ਦੇ ਕਾਰਨ ਵਾਤਾਵਰਣ ਦਾ ਹਰ ਪਹਿਲੂ ਅੱਜ ਸਾਡੇ ਲਈ ਇਕ ਗੰਭੀਰ ਚੁਣੌਤੀ ਬਣ ਚੁੱਕਾ ਹੈ।
ਧਰਤੀ ਮਾਤਾ ਹੋਈ ‘ਜ਼ਹਿਰੀਲੀ’
ਵਾਯੂਮੰਡਲ ਤੇ ਖੇਤੀਯੋਗ ਧਰਤੀ ਵੀ ਵੱਖ-ਵੱਖ ਤਰ੍ਹਾਂ ਦੇ ਰਸਾਇਣਾਂ ਦੇ ਜ਼ਿਆਦਾਤਰ ਪ੍ਰਯੋਗ ਕਾਰਨ ਦੂਸ਼ਿਤ ਹੋ ਰਹੀ ਹੈ। ਪੰਜਾਬ ਦੇ ਮਾਲਵਾ ਖੇਤਰ ‘ਚ ਕੈਂਸਰ ਦੀ ਵਧਦੀ ਕੁਰੋਪੀ ਵੀ ਇਸੇ ਦਾ ਨਤੀਜਾ ਹੈ। ਮਨੁੱਖ ਨੇ ਆਪਣੇ ਸਵਾਰਥ ਲਈ ਮਿੱਟੀ ਦੇ ਸੰਤੁਲਨ ਨੂੰ ਹੀ ਵਿਗਾੜ ਦਿੱਤਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਜ਼ਿਆਦਾਤਰ ਕੀਟਨਾਸ਼ਕਾਂ ਨੂੰ ਜ਼ਹਿਰੀਲਾ ਐਲਾਨ ਦਿੱਤਾ ਹੈ, ਬਾਵਜੂਦ ਇਸ ਦੇ ਸਾਡੇ ਦੇਸ਼ ‘ਚ ਇਨ੍ਹਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ।
ਖੇਤਾਂ ‘ਚ ਰਸਾਇਣਾਂ ਦੀ ਅਸੰਤੁਲਿਤ ਵਰਤੋਂ, ਭੂਮੀ ਦਾ ਉਪਜਾਊਪਣ ਵਧਾਉਣ ਲਈ ਰਸਾਇਣਿਕ ਖਾਦਾਂ ਅਤੇ ਫਸਲ ਨੂੰ ਕੀੜਿਆਂ ਅਤੇ ਰੋਗਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਭੂਮੀ ਨੂੰ ਦੂਸ਼ਿਤ ਕਰ ਦਿੰਦੇ ਹਨ। ਇਨ੍ਹਾਂ ਕਾਰਨ ਡੱਡੂ ਅਤੇ ਗੰਡੋਏ ਵਰਗੇ ਜੀਵ ਨਸ਼ਟ ਹੋ ਜਾਂਦੇ ਹਨ ਜਦਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜਿਆਂ ਤੋਂ ਬਚਾਅ ‘ਚ ਇਹੀ ਜੀਵ ਸਹਾਇਕ ਹੁੰਦੇ ਹਨ।
ਇਸ ਲਈ ਖੇਤੀ ‘ਚ ਐਲਗੀ, ਕੰਪੋਜ਼ਿਟ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਖੇਤਾਂ ‘ਚ ਅਜਿਹੇ ਲਾਭਦਾਇਕ ਜੀਵਾਂ ਦਾ ਵਾਧਾ ਹੋ ਸਕੇ ਜੋ ਖੇਤ ਦੀ ਉਪਜਾਊ ਸ਼ਕਤੀ ਵਧਾ ਸਕਣ।
ਵਾਹਨਾਂ ‘ਤੇ ਨਿਰਭਰਤਾ
ਕਾਰਾਂ ਤੇ ਹੋਰ ਵਾਹਨਾਂ ਦੇ ਉੱਪਰ ਵਧਦੀ ਹੋਈ ਨਿਰਭਰਤਾ ਅਤੇ ਧੂੰਏਂ ਨੇ ਸਾਡੇ ਛੋਟੇ ਵੱਡੇ ਸ਼ਹਿਰਾਂ ਦੇ ਮਾਹੌਲ ਨੂੰ ਸਾਹ ਲੈਣ ਲਾਇਕ ਤਕ ਨਹੀਂ ਛੱਡਿਆ। ਭਾਰਤ ਦਾ ਉਦਯੋਗਿਕ ਸ਼ਹਿਰ ਲੁਧਿਆਣਾ ਵਿਸ਼ਵ ਦੇ ਚੌਥੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਆ ਗਿਆ ਹੈ। ਨਤੀਜੇ ਵਜੋਂ ਸਾਹ ਦੀਆਂ ਬੀਮਾਰੀਆਂ ਉਦਯੋਗਿਕ ਨਗਰਾਂ ‘ਚ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ।
ਇਸ ਤਰ੍ਹਾਂ ਕਾਰਖਾਨੇ, ਜੋ ਕਿਸੇ ਵੀ ਦੇਸ਼ ਦੀ ਉੱਨਤੀ ਦਾ ਆਧਾਰ ਹੈ, ਜੇਕਰ ਓਹੀ ਵਾਤਾਵਰਣ ਨੂੰ ਨਜ਼ਰਅੰਦਾਜ਼ ਕਰਕੇ ਧੂੰਏਂ ਦੀ ਨਿਕਾਸੀ ਦੇ ਨਿਰਧਾਰਿਤ ਸੁਰੱਖਿਆ ਨਿਯਮਾਂ ਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਦਯੋਗੀਕਰਨ ਦਾ ਪੂਰਾ ਲਾਭ ਭਿਆਨਕ ਬੀਮਾਰੀਆਂ ਵਿਚ ਬਦਲ ਜਾਵੇਗਾ।
ਘਰੇਲੂ ਈਂਧਨ, ਵਾਹਨਾਂ ਦੀ ਵਧਦੀ ਸੰਖਿਆ ਅਤੇ ਉਦਯੋਗਿਕ ਕਾਰਖਾਨੇ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਇਸ ਨਾਲ ਨਜਿੱਠਣ ਲਈ ਕੋਇਲਾ, ਡੀਜ਼ਲ ਤੇ ਪੈਟਰੋਲ ਦੀ ਵਰਤੋਂ ਵਧੀਆ ਢੰਗ ਨਾਲ ਹੋਣੀ ਚਾਹੀਦੀ ਹੈ। ਕਾਰਖਾਨਿਆਂ ਵਿਚ ਚਿਮਨੀਆਂ ਦੀ ਉਚਾਈ ਵਧਾਈ ਜਾਵੇ ਅਤੇ ਉਸ ਵਿਚ ਫਿਲਟਰ ਦੀ ਵਰਤੋਂ ਕੀਤੀ ਜਾਵੇ। ਘਰਾਂ ਅਤੇ ਹੋਟਲਾਂ ਵਿਚ ਈਂਧਨ ਦੇ ਰੂਪ ਵਿਚ ਗੋਬਰ ਗੈਸ ਅਤੇ ਸੌਰ ਊਰਜਾ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਵਾਯੂਮੰਡਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਾਰਖਾਨਿਆਂ ਨੂੰ ਆਪਣੀਆਂ ਧੂੰਆਂ ਛੱਡਣ ਵਾਲੀਆਂ ਚਿਮਨੀਆਂ ਵੱਡੀਆਂ ਅਤੇ ਉੱਚੀਆਂ ਬਣਾਉਣੀਆਂ ਪੈਣਗੀਆਂ ਅਤੇ ਕਾਰਖਾਨਿਆਂ ਦਾ ਰਸਾਇਣਿਕ ਨਿਕਾਸ ਜਲ ਸੋਮਿਆਂ ‘ਚ ਨਾ ਪਾਉਣ ਲਈ ਵਚਨਬੱਧ ਹੋਣਾ ਪਵੇਗਾ।
ਜੰਗਲਾਂ ਦੀ ਕਟਾਈ ਬੰਦ ਹੋਵੇ
ਮਨੁੱਖ ਆਮ ਤੌਰ ‘ਤੇ ਰੋਜ਼ਾਨਾ 22 ਹਜ਼ਾਰ ਵਾਰ ਸਾਹ ਲੈਂਦਾ ਹੈ ਅਤੇ 16 ਕਿਲੋਗ੍ਰਾਮ ਆਕਸੀਜਨ ਦੀ ਵਰਤੋਂ ਕਰਦਾ ਹੈ ਜੋ ਕਿ ਉਸ ਵਲੋਂ ਗ੍ਰਹਿਣ ਕੀਤੇ ਜਾਣ ਵਾਲੇ ਭੋਜਨ ਅਤੇ ਜਲ ਦੀ ਮਾਤਰਾ ਤੋਂ ਬਹੁਤ ਵੱਧ ਹੈ। ਇਸ ਲਈ ਦਰੱਖਤਾਂ ਦੀ ਕਟਾਈ ਬੰਦ ਹੋਣੀ ਚਾਹੀਦੀ ਹੈ ਅਤੇ ਨਵੇਂ ਦਰੱਖਤ ਲਗਾਏ ਜਾਣੇ ਚਾਹੀਦੇ ਹਨ।
ਪਲਾਸਟਿਕ ਦਾ ਮਾੜਾ ਨਤੀਜਾ
ਇਸੇ ਤਰ੍ਹਾਂ ਪਲਾਸਟਿਕ ਦੀਆਂ ਵਸਤੂਆਂ ਜਿਵੇਂ ਪਾਣੀ ਦੀਆਂ ਬੋਤਲਾਂ, ਲਿਫਾਫਿਆਂ ਅਤੇ ਅਜਿਹੇ ਹੋਰ ਸਾਮਾਨ ਦੀ ਵੀ ਉਚਿਤ ਡਿਸਪੋਜ਼ਲ ਨਾ ਹੋਣ ਨਾਲ ਧਰਤੀ ਦਾ ਹਰ ਕੋਨਾ ਇਥੋਂ ਤਕ ਕਿ ਮਾਊਂਟ ਐਵਰੈਸਟ ਵੀ ਦੂਸ਼ਿਤ ਹੋ ਚੁੱਕਾ ਹੈ।
ਕੁਦਰਤ ਨਾਲ ਤਾਲਮੇਲ ਜ਼ਰੂਰੀ
ਅਜਿਹੀਆਂ ਕੋਈ ਖੋਜਾਂ ਹਨ ਜੋ ਮਨੁੱਖ ਜਾਤੀ ਦੀ ਸੁੱਖ-ਸਹੂਲਤ ਲਈ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ ਕੁਦਰਤ ਦੀ ਅਣਦੇਖੀ ਕਰਕੇ ਇਨ੍ਹਾਂ ਦੀ ਵਰਤੋਂ ਕਰਦੇ ਹਾਂ ਤਾਂ ਅਖੀਰ ਉਹ ਅਭਿਸ਼ਾਪ ਹੀ ਬਣ ਜਾਂਦੇ ਹਨ। ਜਿਵੇਂ ਅੱਜਕਲ ਨਿਊਕਲੀਅਰ ਸ਼ਕਤੀ ਦੀ ਵਰਤੋਂ ਸਾਰੇ ਵਿਸ਼ਵ ‘ਚ ਕੀਤੀ ਜਾ ਰਹੀ ਹੈ ਅਤੇ ਸਾਡੇ ਦੇਸ਼ ‘ਚ ਵੀ ਇਸ ਦੀ ਵਰਤੋਂ ਬਿਜਲੀ ਬਣਾਉਣ ਦੇ ਬਦਲ ਦੇ ਰੂਪ ‘ਚ ਹੋਣ ਜਾ ਰਿਹਾ ਹੈ ਪਰ ਸਾਨੂੰ ਨਿਊਕਲੀਅਰ ਸ਼ਕਤੀ ਦੇ ਮਾੜੇ ਪ੍ਰਭਾਵ ਝੱਲਣੇ ਪੈ ਸਕਦੇ ਹਨ। ਇਸ ਲਈ ਸਾਨੂੰ ਕੁਦਰਤ ਦੇ ਨਾਲ ਤਾਲਮੇਲ ਰੱਖ ਕੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਕੁਝ ਅਜਿਹੇ ਸਖਤ ਕਦਮ ਚੁੱਕਣੇ ਪੈਣਗੇ ਜਿਸ ਨਾਲ ਦੇਸ਼ ਦੀ ਉੱਨਤੀ ਦੇ ਨਾਲ-ਨਾਲ ਵਾਤਾਵਰਣ ਵੀ ਸੁਰੱਖਿਅਤ ਰਹੇ।
ਆਓ ਅੱਜ ਵਾਤਾਵਰਣ ਦਿਵਸ ‘ਤੇ ਅਸੀਂ ਇਹ ਸਹੁੰ ਚੁੱਕੀਏ ਕਿ ਅਸੀਂ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਉਨ੍ਹਾਂ ਆਦਤਾਂ ਨੂੰ ਬਦਲਣਾ ਹੈ ਜਿਨ੍ਹਾਂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਤੇ ਆਪਣੇ ਜਾਣ-ਪਛਾਣ ਵਾਲੇ ਲੋਕਾਂ ਦੇ ਜਨਮ ਦਿਨ ‘ਤੇ ਇਕ-ਇਕ ਦਰੱਖਤ ਲਗਾਈਏ ਅਤੇ ਉਸ ਦੇ ਰੱਖ-ਰਖਾਅ ਦਾ ਧਿਆਨ ਵੀ ਰੱਖੀਏ ਕਿਉਂਕਿ ਦਰੱਖਤ ਹੀ ਵਾਯੂਮੰਡਲ ਨੂੰ ਸ਼ੁੱਧ ਰੱਖਣ ‘ਚ ਮਦਦਗਾਰ ਹਨ। ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਅਸੀਂ ਜੋ ਵੀ ਦਰੱਖਤ ਲਗਾਈਏ, ਉਹ ਛਾਂਦਾਰ, ਫਲਦਾਰ ਅਤੇ ਦਵਾਈਆਂ ਵਾਲੇ ਲਾਭ ਦੇਣ ਵਾਲੇ ਹੋਣ। ਅਜਿਹੇ ਦਰੱਖਤ ਜੋ ਕਿ ਭਾਰਤੀ ਮਹਾਦੀਪ ਦੇ ਮੂਲ ਦਰੱਖਤ ਹਨ ਜਿਵੇਂ ਨਿੰਮ, ਪਿੱਪਲ, ਜਾਮੁਨ, ਅਮਲਤਾਸ, ਪਲਾਸ਼, ਆਂਵਲਾ, ਬਿਲਵ ਅਤੇ ਅਰਜੁਨ ਆਦਿ ਦਾ ਦਵਾਈਆਂ ਵਜੋਂ ਮਹੱਤਵ ਹੈ।
ਔਰਤਾਂ ਦਾ ਯੋਗਦਾਨ
ਵਾਤਾਵਰਣ ਸੁਰੱਖਿਆ ‘ਚ ਭਾਰਤੀ ਔਰਤਾਂ ਨੇ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੋਈ ਵੀ ਉਨ੍ਹਾਂ ਸਿੱਧੀਆਂ-ਸਾਦੀਆਂ ਔਰਤਾਂ ਨੂੰ ਨਹੀਂ ਭੁੱਲ ਸਕਦਾ ਜਿਨ੍ਹਾਂ ਨੇ 1973 ‘ਚ ’ਚਿਪਕੋ ਅੰਦੋਲਨ’ ਦੌਰਾਨ ਦਰੱਖਤਾਂ ਨੂੰ ਬਾਹਾਂ ‘ਚ ਜਕੜ ਕੇ ਕੱਟਣ ਤੋਂ ਬਚਾਇਆ ਸੀ। ਵਾਤਾਵਰਣ ਦੀ ਰੱਖਿਆ ਲਈ ਸਾਡੇ ਸਾਰਿਆਂ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸ਼ਕਤੀ ਹੈ।
ਮੌਸਮ ‘ਚ ਬਦਲਾਅ
ਦਰੱਖਤਾਂ, ਬੂਟਿਆਂ ਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੋਂ ਪੈਦਾ ਗਲੋਬਲ ਵਾਰਮਿੰਗ ਕਾਰਨ ਸਾਡੇ ਦੇਸ਼ ਦੀਆਂ ਅਨੇਕਾਂ ਨਦੀਆਂ ਤੇ ਜਲ ਸੋਮਿਆਂ ਦੇ ਮੁਹਾਣੇ ਹਿਮਾਲਿਆ ਵੀ ਬੜੀ ਤੇਜ਼ੀ ਨਾਲ ਪਿਘਲ ਰਿਹਾ ਹੈ। ਨਤੀਜੇ ਵਜੋਂ ਮੌਸਮ ‘ਚ ਅਣਕਿਆਸਾ ਬਦਲਾਅ ਅਤੇ ਕਈ ਹੋਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੇ ਪ੍ਰਤੀ ਸਾਲ ਸਾਡੇ ਦੇਸ਼ ‘ਚ ਅਪਾਰ ਜਾਨ ਤੇ ਮਾਲ ਦੀ ਹਾਨੀ ਹੋ ਜਾਂਦੀ ਹੈ।
ਧਰਤੀ ਦੀ ਰੱਖਿਆ ਕਰੋ
ਵਾਤਾਵਰਣ ਸਾਡੇ ਕੋਲ ਸਿਰਫ ਇਹ ਛੋਟੀ ਧਰਤੀ ਵਰਗਾ ਹੀ ਹੈ ਅਤੇ ਅਸੀਂ ਹੋਰ ਕਿਤੇ ਨਹੀਂ ਜਾ ਸਕਦੇ। ਸਾਡੇ ਜਿਊਣ ਲਈ ਹੋਰ ਕੋਈ ਜਗ੍ਹਾ ਨਹੀਂ ਹੈ ਇਸ ਲਈ ਸਾਨੂੰ ਇਸ ਨੂੰ ਆਪਣੇ ਅਤੇ ਆਪਣੇ ਬੱਚਿਆਂ ਲਈ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਤੁਸੀਂ ਇਸ ਦੀ ਸ਼ੁਰੂਆਤ ਪਲਾਸਟਿਕ ਦੀ ਲਗਾਤਾਰ ਵਰਤੋਂ ਨਾ ਕਰਕੇ ਜਾਂ ਫਿਰ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਨਾ ਸੁੱਟ ਕੇ ਕਰ ਸਕਦੇ ਹੋ। ਰੀਸਾਈਕਲਿੰਗ ਦੀ ਸ਼ੁਰੂਆਤ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਅਜਿਹਾ ਹੀ ਕਰਨ ਲਈ ਕਹੋ। ਪੈਟਰੋਲ ਤੇ ਪਾਣੀ ਵਰਗੇ ਕੁਦਰਤੀ ਸੋਮਿਆਂ ਦੀ ਘੱਟ ਵਰਤੋਂ ਕਰੋ ਤੇ ਇਨ੍ਹਾਂ ਨੂੰ ਨਸ਼ਟ ਹੋਣ ਦੇਣ ਤੋਂ ਪ੍ਰਹੇਜ਼ ਕਰੋ।
ਨੇੜਲੇ ਸਥਾਨਾਂ ‘ਤੇ ਜਾਣ ਲਈ ਸਾਈਕਲ ਦੀ ਵਰਤੋਂ ਕਰੋ। ਇਸ ਤਰ੍ਹਾਂ ਜੇਕਰ ਥੋੜ੍ਹਾ ਜਿਹਾ ਵੀ ਯੋਗਦਾਨ ਦੇਈਏ ਅਤੇ ਛੋਟੀਆਂ-ਛੋਟੀਆਂ ਗੱਲਾਂ ਦਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ‘ਚ ਧਿਆਨ ਰੱਖਣਾ ਸ਼ੁਰੂ ਕਰ ਦੇਈਏ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਹਾਲਾਂਕਿ ਭਾਰਤ ‘ਚ ਸਰਕਾਰੀ ਤੇ ਗੈਰ-ਸਰਕਾਰੀ ਦੋਵਾਂ ਪੱਧਰਾਂ ‘ਤੇ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਪਰ ਜਦੋਂ ਤਕ ਇਸ ‘ਚ ਆਮ ਜਨਤਾ ਦੀ ਸਰਗਰਮ ਭਾਈਵਾਲੀ ਨਹੀਂ ਹੋਵੇਗੀ ਅਸੀਂ ਵਾਤਾਵਰਣ ਨੂੰ ਸੰਭਾਲਣ ‘ਚ ਸਫਲ ਨਹੀਂ ਹੋ ਸਕਾਂਗੇ।

ਧੰਨਵਾਦ ਸਹਿਤ

No comments: