ਓਟਵਾ 4 ਜਨਵਰੀ (ਪੀ. ਐਮ. ਆਈ.): - ਕੌਮੀ ਪੱਧਰ ਉੱਤੇ ਇਪਸੌਸ ਰੀਡ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 2013 ਵਿੱਚ ਅਰਥਚਾਰੇ ਨੂੰ ਲੈ ਕੇ ਬਹੁਤੇ ਕੈਨੇਡੀਅਨ ਆਸਵੰਦ ਹਨ। ਪੱਛਮੀ ਕੈਨੇਡਾ ਤੋਂ ਖਾਸਤੌਰ ਉੱਤੇ ਸਕਾਰਾਤਮਕ ਹੁੰਗਾਰਾ ਮਿਲਿਆ ਹੈ। 65 ਫੀ ਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ 2013 ਵਿੱਚ ਅਰਥਚਾਰਾ ਲੀਹ ਉੱਤੇ ਆ ਜਾਵੇਗਾ ਜਦਕਿ ਬਾਕੀ 35 ਫੀ ਸਦੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲ ਵਿੱਚ ਵੀ ਹਾਲਾਤ ਬਹੁਤੇ ਨਹੀਂ ਬਦਲਣ ਵਾਲੇ। 2013 ਵਿੱਚ ਆਰਥਿਕ ਪੱਖੋਂ ਬਹੁਤੇ ਕੈਨੇਡੀਅਨ ਕੀ ਮੰਨਦੇ ਹਨ ਇਸ ਬਾਰੇ ਰਾਇ ਵੱਖੋ ਵੱਖਰੀ ਹੈ। ਪੱਛਮੀ ਕੈਨੇਡਾ ਦੇ ਬਸਿੰ਼ਦੇ ਮੰਨਦੇ ਹਨ ਕਿ ਆਉਣ ਵਾਲਾ ਸਾਲ ਆਰਥਿਕ ਲਿਹਾਜ ਨਾਲ ਵਧੀਆ ਹੋਵੇਗਾ ਜਦਕਿ ਪੂਰਬੀ ਕੈਨੇਡਾ ਵਿੱਚ ਰਹਿਣ ਵਾਲੇ ਮੰਨਦੇ ਹਨ ਕਿ ਅਸਥਿਰਤਾ ਬਣੀ ਰਹਿ ਸਕਦੀ ਹੈ। ਅਲਬਰਟਾ ਵਿੱਚ ਰਹਿਣ ਵਾਲਿਆਂ ਦਾ ਨਜ਼ਰੀਆ ਸਕਾਰਾਤਮਕ ਹੈ ਤੇ ਇਨ੍ਹਾਂ ਵਿੱਚੋਂ 77 ਫੀ ਸਦੀ ਨੂੰ ਪੱਕਾ ਯਕੀਨ ਹੈ ਕਿ ਆਉਣ ਵਾਲਾ ਵਰ੍ਹਾ ਸਹੀ ਰਹੇਗਾ। ਸਸਕੈਚਵਨ ਦੇ 76 ਫੀ ਸਦੀ ਤੇ ਬ੍ਰਿਟਿਸ਼ ਕੋਲੰਬੀਆ ਦੇ 72 ਫੀ ਸਦੀ ਵਾਸੀ ਆਉਣ ਵਾਲੇ ਵਰ੍ਹੇ ਨੂੰ ਲੈ ਕੇ ਆਸਵੰਦ ਹਨ। ਦੂਜੇ ਪਾਸੇ ਓਨਟਾਰੀਓ ਵਿੱਚ ਰਹਿਣ ਵਾਲਿਆਂ ਵਿੱਚੋਂ 66 ਫੀ ਸਦੀ ਦਾ ਮੰਨਣਾ ਹੈ ਕਿ 2013 ਚੰਗਾ ਸਾਲ ਹੋਵੇਗਾ ਤੇ ਅਟਲਾਂਟਿਕ ਕੈਨੇਡਾ ਦੇ 65 ਫੀ ਸਦੀ ਤੇ ਕਿਊਬਿਕ ਦੇ 53 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲਾ ਸਾਲ ਉਨ੍ਹਾਂ ਲਈ ਵਧੀਆ ਰਹੇਗਾ। ਸੱਭ ਤੋਂ ਵੱਧ ਸਮੱਸਿਆ ਇਸ ਗੱਲ ਦੀ ਹੈ ਕਿ 40 ਫੀ ਸਦੀ ਕੈਨੇਡੀਅਨ ਮੰਨਦੇ ਹਨ ਕਿ ਕੈਨੇਡਾ ਇੱਕ ਵਾਰੀ ਫਿਰ ਮੰਦਵਾੜੇ ਦੀ ਜਕੜ ਵਿੱਚ ਆ ਸਕਦਾ ਹੈ, ਕਿਊਬਿਕ ਤੇ ਅਟਲਾਂਟਿਕ ਕੈਨੇਡਾ ਦੇ ਬਹੁਤ ਬਸਿੰ਼ਦਿਆਂ ਦਾ ਵੀ ਇਹ ਮੰਨਣਾ ਹੈ ਕਿ ਕੈਨੇਡਾ ਮੰਦਵਾੜੇ ਦਾ ਸਿ਼ਕਾਰ ਹੋ ਸਕਦਾ ਹੈ। ਪਿੱਛਲਝਾਤ ਮਾਰਨ ਉੱਤੇ ਪਤਾ ਲੱਗਦਾ ਹੈ ਕਿ ਸਰਵੇਖਣ ਅਨੁਸਾਰ 61 ਫੀ ਸਦੀ ਕੈਨੇਡੀਅਨ ਮੰਨਦੇ ਸਨ ਕਿ 2012 ਵੀ ਆਰਥਿਕ ਪੱਖੋਂ ਚੰਗਾ ਰਹੇਗਾ। ਇੱਕ ਵਾਰੀ ਫਿਰ ਅਲਬਰਟਾ, ਸਸਕੈਚਵਨ ਤੇ ਮੈਨੀਟੋਬਾ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ, ਅਟਲਾਂਟਿਕ ਕੈਨੇਡਾ, ਓਨਟਾਰੀਓ ਤੇ ਕਿਊਬਿਕ ਵਿੱਚ ਸਕਾਰਾਤਮਕ ਰੁਖ ਵੇਖਣ ਨੂੰ ਮਿਲ ਰਿਹਾ ਹੈ। ਓਨਟਾਰੀਓ ਦੇ ਕਿਊਬਿਕ ਦੇ ਲੋਕਾਂ ਦਾ ਮੰਨਣਾ ਹੈ ਕਿ 2012 ਮਾੜਾ ਰਿਹਾ, 41 ਤੋਂ 47 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ 2012 ਕੈਨੇਡੀਅਨ ਅਰਥਚਾਰੇ ਲਈ ਮਾੜਾ ਰਿਹਾ।
|
No comments:
Post a Comment