ਬਠਿੰਡਾ, 22 ਮਈ (ਹੁਕਮ ਚੰਦ ਸ਼ਰਮਾ)-ਬਠਿੰਡਾ ਇਲਾਕੇ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 49 ਡਿਗਰੀ ਸੈਲਸੀਅਸ ਦੀ ਰਿਕਾਰਡ ਪੱਧਰ 'ਤੇ ਪਹੰੁਚ ਗਿਆ ਜਿਸ ਨਾਲ ਸਾਰੇ ਪਾਸੇ ਖਲਬਲੀ ਮਚ ਗਈ ਅਤੇ ਆਮ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਅੱਜ ਸਵੇਰੇ 11 ਵਜੇ ਤਾਪਮਾਨ 44 ਡਿਗਰੀ ਸੈਲਸੀਅਸ 'ਤੇ ਪਹੰੁਚ 
ਗਿਆ ਸੀ, ਜੋ ਦੁਪਹਿਰ 2 ਵਜੇ ਤੱਕ 49 ਡਿਗਰੀ ਸੈਲਸੀਅਸ 'ਤੇ ਜਾ ਪਹੰੁਚਿਆ, ਜਿਸ ਕਾਰਨ ਸ਼ਹਿਰ ਵਿਚ ਹਰ ਪਾਸੇ ਛਨਾਟਾ ਛਾ ਗਿਆ | ਦੇਰ ਸ਼ਾਮ ਤੱਕ ਗਰਮ ਲੂ ਚੱਲਦੀ ਰਹੀ, ਜਿਸ ਕਰਕੇ ਕਈ ਲੋਕਾਂ ਦੇ ਬੇਹੋਸ਼ ਹੋਣ ਦੀ ਰਿਪੋਰਟ ਹੈ | ਗਰਮੀ ਦੇ ਪ੍ਰਕੋਪ ਦੇ ਵਧਣ ਕਾਰਨ ਬਹੁਤ ਸਾਰੇ ਸਕੂਲਾਂ ਨੇ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ | ਸਰਕਾਰੀ ਅਤੇ ਸਿਵਲ ਹਸਪਤਾਲ ਦੇ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਅੱਜ ਬੁਖ਼ਾਰ, ਦਸਤ ਅਤੇ ਉਲਟੀਆਂ ਤੋਂ ਪ੍ਰਭਾਵਿਤ ਵੱਡੀ ਗਿਣਤੀ ਮਰੀਜ਼ ਇਲਾਜ ਲਈ ਹਸਪਤਾਲਾਂ ਵਿਚ ਪਹੰੁਚੇ | ਦੁਪਹਿਰ ਤੋਂ ਪਹਿਲਾਂ ਬਿਜਲੀ ਕੱਟ ਨੇ ਲੋਕਾਂ ਦੀ ਮੁਸਕਿਲਾਂ ਵਿਚ ਵਾਧਾ ਕੀਤਾ | ਗਰਮੀ ਕਾਰਨ ਬਰਫ਼, ਦੁੱਧ, ਦਹੀਂ, ਪਨੀਰ, ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ | ਇਸ ਤੋਂ ਪਹਿਲਾਂ ਕਪਾਹ ਦੀ ਤਾਜਾ ਬੀਜੀ ਫਸਲ ਗਰਮੀ ਕਾਰਨ ਝੁਲਸ ਰਹੀ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ 24 ਮਈ ਤੱਕ ਇਸ ਤਰ੍ਹਾਂ ਹੀ ਗਰਮੀ ਜਾਰੀ ਰਹੇਗੀ |