ਬਗਦਾਦ, 20 ਮਈ (ਏਜੰਸੀ)-ਇਰਾਕ ਦੀ ਰਾਜਧਾਨੀ ਬਗਦਾਦ 'ਚ ਸ਼ੀਆ ਅਤੇ ਸੁੰਨੀਆਂ ਦੇ ਬਹੁਤਾਤ ਵਾਲੇ ਇਲਾਕਿਆਂ 'ਚ ਕਈ ਲੜੀਵਾਰ ਹੋਏ ਬੰਬ ਧਮਾਕੇ ਅਤੇ ਗੋਲੀਬਾਰੀ 'ਚ 57 ਲੋਕਾਂ ਦੀ ਮੌਤ ਹੋ ਗਈ। ਦਸੰਬਰ 2011 'ਚ ਅਮਰੀਕਾ ਨੇ ਸੈਨਾ ਨੂੰ ਉਥੋਂ ਹਟਾ ਦਿੱਤਾ ਸੀ ਉਸ ਤੋਂ ਬਾਅਦ ਤੋਂ ਹੀ ਘੱਟ ਗਿਣਤੀ 'ਚ ਸੁੰਨੀ ਮੁਸਲਮਾਨ ਅਤੇ ਸ਼ੀਆ ਫਿਰਕਿਆਂ ਦੇ ਆਪਸੀ ਟਕਰਾਅ 'ਚ ਵਾਧਾ ਹੋ ਗਿਆ ਹੈ। ਇਹ ਧਮਾਕੇ ਬਾਜ਼ਾਰ, ਬੱਸ ਸਟੈਂਡ ਵਰਗੇ ਭੀੜ-ਭਾੜ ਵਾਲੇ ਇਲਾਕਿਆਂ 'ਚ ਹੋਏ। ਪਿੱਛਲੇ ਹਫਤੇ ਤੋਂ ਚੱਲ ਰਹੇ ਇਸ ਵਿਵਾਦ 'ਚ ਸੁੰਨੀ ਮੁਸਲਮਾਨ ਅਤੇ ਸ਼ੀਆ ਦੇ 200 ਤੋਂ ਵੱਧ ਲੋਕ ਮਾਰੇ ਗਏ ਹਨ। ਪੁਲਿਸ ਅਨੁਸਾਰ ਇਰਾਕ ਦੀ ਰਾਜਧਾਨੀ ਬਗਦਾਦ ਦੇ ਸ਼ੀਆ ਜ਼ਿਲ੍ਹੇ 'ਚ 9 ਕਾਰ ਬੰਬ ਧਮਾਕੇ ਹੋਏ ਜਿਸ ਵਿਚ 57 ਲੋਕਾਂ ਦੀ ਮੌਤ ਹੋ ਗਈ ਅਤੇ 130 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਅਤੇ ਸਥਾਨਕ ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਨੇ ਦੇਸ਼ ਦੇ ਪੱਛਮੀ ਇਲਾਕੇ 'ਚ ਪੁਲਿਸ ਨਾਕੇ 'ਤੇ ਹਮਲਾ ਕਰ ਦਿੱਤਾ ਜਿਸ 'ਚ 10 ਇਰਾਕੀ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਸੀਰੀਆ ਦੇ ਗੁਆਂਢ 'ਚ ਹੋਏ ਮੁਕਾਬਲੇ ਕਾਰਨ ਇਰਾਕ 'ਚ ਫਿਰਕੂ ਤਣਾਅ ਵੱਧ ਗਿਆ ਹੈ ਜਿਥੇ ਸੁੰਨੀ ਵਿਦਰੋਹੀ ਰਾਸ਼ਟਰਪਤੀ ਬਸ਼ਰ ਅਲ-ਅਸਾਦ ਜੋਕਿ ਸ਼ੀਆ, ਈਰਾਨ ਤੋਂ ਹੈ ਦਾ ਵਿਰੋਧ ਕਰ ਰਹੇ ਹਨ। ਇਰਾਕ 'ਚ ਹੋਏ ਹਮਲਿਆਂ ਦੀ ਜਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨਾਕੇ 'ਤੇ ਹੋਣ ਵਾਲੇ ਹਮਲੇ 'ਚ 7 ਪੁਲਿਸ ਕਰਮਚਾਰੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਬਗਦਾਦ ਦੇ ਉੱਤਰੀ ਪੱਛਮੀ 'ਚ ਪੈਂਦੇ ਰਾਵਾ ਸ਼ਹਿਰ 'ਚ ਇਕ ਪੁਲਿਸ ਥਾਣੇ ਅਤੇ ਨਾਕੇ 'ਤੇ ਬੰਦੂਕਧਾਰੀਆਂ ਦੇ ਹਮਲੇ 'ਚ 3 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਬੰਦੂਕਧਾਰੀਆਂ ਨੇ ਇਕ ਸੈਨਾ ਦੇ ਟਿਕਾਣੇ 'ਤੇ ਵੀ ਹਮਲਾ ਕੀਤਾ ਅਤੇ ਬਾਅਦ 'ਚ ਉਥੇ ਅੱਗ ਲਗਾ ਦਿੱਤੀ। ਅੰਬਰ ਸੂਬੇ 'ਚ ਹਾਲ ਹੀ ਦੇ ਹਫਤਿਆਂ ਵਿਚ ਸੁਰੱਖਿਆ ਬਲਾਂ 'ਤੇ ਕਈ ਹਮਲੇ ਹੋਏ। ਪੰਜ ਮਹੀਨੇ ਪਹਿਲਾਂ ਰਮਾਦੀ ਤੇ ਫਲੂਜਾ 'ਚ ਸੁੰਨੀਆਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਜੋ ਅਜੇ ਤੱਕ ਜਾਰੀ ਹੈ।