ਚੰਡੀਗੜ੍ਹ, (ਵਿਨੋਦ ਰਾਣਾ)- ਪੀ. ਜੀ. ਆਈ. ਵਿਚ ਸਥਿਤ ਵਾਲਮੀਕਿ ਮੰਦਰ ਦਾ ਇਕ ਪੁਜਾਰੀ ਇਕ 17 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ ਕਰਦਾ ਹੋਇਆ ਪੁਲਸ ਨੇ ਮੰਦਰ ਵਿਚੋਂ ਹੀ ਕਾਬੂ ਕੀਤਾ ਹੈ। ਦੋਸ਼ੀ ਪੁਜਾਰੀ ਦੀ ਪਛਾਣ ਮਹਾਬੀਰ ਵਜੋਂ ਹੋਈ ਹੈ। ਪੁਲਸ ਨੇ ਨਾਬਾਲਗਾ ਦਾ ਸੈਕਟਰ-16 ਸਥਿਤ ਹਸਪਤਾਲ ਵਿਚੋਂ ਮੈਡੀਕਲ ਕਰਵਾਇਆ ਜਿੱਥੇ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਾਬਾਲਗਾ ਨੇ ਦੱਸਿਆ ਕਿ ਉਹ ਮੰਦਰ ਵਿਚ ਮੱਥਾ ਟੇਕਣ ਲਈ ਜਾਂਦੀ ਸੀ। ਇਕ ਦਿਨ ਪੁਜਾਰੀ ਉਸ ਨੂੰ ਜ਼ਬਰਦਸਤੀ ਅੰਦਰ ਵਾਲੇ ਕਮਰੇ ਵਿਚ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਜਦੋਂ ਉਹ ਮੰਦਰ ਕੋਲੋਂ ਲੰਘ ਰਹੀ ਸੀ ਤਾਂ ਪੁਜਾਰੀ ਨੇ ਉਸ ਨੂੰ ਮੁੜ ਅੰਦਰ ਖਿੱਚ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਕਤ ਲੜਕੀ ਨੂੰ ਮੰਦਰ ਵਿਚ ਜ਼ਬਰਦਸਤੀ ਲੈ ਕੇ ਜਾਂਦੇ ਪੁਜਾਰੀ ਨੂੰ ਇਕ ਵਿਅਕਤੀ ਨੇ ਦੇਖ ਲਿਆ ਜਿਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲੜਕੀ ਨੂੰ ਪੁਜਾਰੀ ਦੇ ਚੁੰਗਲ ਵਿਚੋਂ ਛੁਡਵਾਇਆ ਅਤੇ ਪੁਜਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਉਕਤ ਪੁਜਾਰੀ ਛੋਟੇ ਬੱਚਿਆਂ ਨੂੰ ਕਿਸੇ ਚੀਜ਼ ਦਾ ਲਾਲਚ ਦੇ ਕੇ ਮੰਦਰ ਵਿਚ ਲੈ ਜਾਂਦਾ ਸੀ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਲੋਕਾਂ ਨੇ ਦੱਸਿਆ ਕਿ ਉਕਤ ਪੁਜਾਰੀ 15 ਸਾਲ ਤੋਂ ਇਸ ਮੰਦਰ ਵਿਚ ਹੈ ਅਤੇ ਉਹ ਕਿਸੇ ਨੂੰ ਮੱਥਾ ਟੇਕਣ ਲਈ ਮੰਦਰ ਦੇ ਅੰਦਰ ਨਹੀਂ ਜਾਣ ਦਿੰਦਾ ਸੀ ਜਿਸ ਕਾਰਨ ਲੋਕ ਗੇਟ ਤੋਂ ਹੀ ਮੱਥਾ ਟੇਕ ਕੇ ਚਲੇ ਜਾਂਦੇ ਸਨ ਪਰ ਇਹ ਪੁਜਾਰੀ ਬੱਚਿਆਂ ਨੂੰ ਅਕਸਰ ਹੀ ਆਪਣੇ ਨਾਲ ਅੰਦਰ ਲੈ ਜਾਂਦਾ ਸੀ।