jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 20 May 2013

ਜੇਲ੍ਹ---(ਕਹਾਣੀ)---ਪਪਲਪ੍ਰੀਤ ਸਿੰਘ

www.sabblok.blogspot.com

ਦਿਲਰਾਜ ਸਿੰਘ ਨੂੰ ਜੇਲ੍ਹ ਦੀ ਡਿਓੜੀ ਵਿੱਚ ਛੱਡ ਕੇ ਥਾਣੇ ਦੇ ਸਿਪਾਹੀ ਵਾਪਸ ਮੁੜ ਗਏ। ਨਾਂ, ਥਾਂ-ਪਤਾ ਲਿਖਣ ਤੋਂ ਬਾਅਦ ਤਲਾਸ਼ੀ ਲਈ ਮੋਟਾ ਜਿਹਾ ਜੇਲ੍ਹ ਪੁਲਿਸ ਦਾ ਮੁਲਾਜ਼ਮ ਉਸ ਵੱਲ ਵਧਿਆ। ਦਿਲਰਾਜ ਦੀ ਧਾਰਮਿਕ ਦਿੱਖ ਅਤੇ ਹੱਥ 'ਚ ਮੋਟਾ ਕੜਾ ਵੇਖ ਕੇ ਸਿਪਾਹੀ ਨੇ ਪੁੱਛਿਆ, 'ਬਾਬਾ, ਕੁਝ ਹੈਗਾ ਤੇ ਨਹੀਂ ?' ਕੁਝ ਹੈਗਾ ਦਾ ਮਤਲਬ ਜੇਲ੍ਹ ਵਿੱਚ ਕਈ ਰੂਪਾਂ ਵਿੱਚ ਹੁੰਦਾ ਹੈ। ਸਰਸਰੀ ਜਿਹੀ ਤਲਾਸ਼ੀ ਤੋਂ ਬਾਅਦ ਡਿਓੜੀ ਦੇ ਅਗਲੇ ਬੂਹੇ ਦਾ ਜਿੰਦਰਾ ਖੁੱਲ੍ਹਿਆ ਤੇ ਅੱਗੇ ਦਿਲਰਾਜ ਲਈ ਅਨੋਖਾ ਜਿਹਾ ਮਾਹੌਲ ਸੀ। ਜੇਲ੍ਹ ਅੰਦਰ ਡਿਓੜੀ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਵੇਖ ਉਸ ਨੇ ਧਰਤੀ ਮਾਤਾ ਨੂੰ ਛੂਹ ਕੇ ਧੂੜ ਮੱਥੇ ਨੂੰ ਲਾਈ। ਦੋ ਦਿਨ ਦੀ ਗੈਰ-ਕਾਨੂੰਨੀ ਹਿਰਾਸਤ ਅਤੇ ਇਕ ਦਿਨ ਦੇ ਰਿਮਾਂਡ ਤੋਂ ਬਾਅਦ ਉਹ ਜੇਲ੍ਹ ਜਾਣ ਲਈ ਕਾਹਲਾ ਸੀ, ਕਿਉਂਕਿ ਪੁਲਿਸ ਨੇ ਉਸ ਉੱਪਰ ਝੂਠਾ ਕੇਸ ਜੋ ਪਾ ਦਿੱਤਾ ਸੀ ਅਤੇ ਬਾਹਰੋ-ਬਾਹਰ ਜ਼ਮਾਨਤ ਅਜੇ ਮੁਸ਼ਕਿਲ ਸੀ। ਜੇਲ੍ਹ ਦੇ ਅੰਦਰ ਨੂੰ ਜਾਂਦੇ ਰਾਹ ਵਿੱਚ ਧੁੱਪ ਸੇਕਦੇ ਕੰਧਾਂ ਨਾਲ ਢੋਹ ਲਾ ਕੇ ਬੈਠੇ ਹਵਾਲਾਤੀ ਅਤੇ ਕੈਦੀ ਗੱਲਾਂ ਕਰਨ 'ਚ ਰੁੱਝੇ ਸਨ। ਦਿਲਰਾਜ ਦੇ ਹੱਥ 'ਚ ਖਾਦ ਵਾਲੀ ਬੋਰੀ ਦਾ ਸੀਤਾ ਝੋਲਾ ਅਤੇ ਕੱਛ 'ਚ ਕੰਬਲ ਸੀ। ਜੇਲ੍ਹ ਦੇ ਵਿਹੜੇ 'ਚ ਲੱਗੇ ਵਾਲੀਬਾਲ ਦੇ ਜਾਲ ਦੇ ਦੋਹੀਂ ਪਾਸੇ ਉੱਚੇ ਲੰਮੇ ਗੱਭਰੂ ਆਪਸੀ ਖੇਡ ਦਾ ਪ੍ਰਦਸ਼ਨ ਕਰ ਰਹੇ ਸਨ। "ਪਾਜੀ, ਮੈਂ ਨਵਾਂ ਆਇਆਂ।" ਦਿਲਰਾਜ ਨੇ ਇਕ ਕੈਦੀ ਨੂੰ ਆਪਣੇ ਬਾਰੇ ਦੱਸਿਆ। ਉਸ ਨੇ ਦਿਲਰਾਜ ਨੂੰ ਬਾਰਕ ਨੰਬਰ ਇੱਕ ਵਿੱਚ ਜਾਣ ਲਈ ਕਹਿ ਦਿੱਤਾ। ਜੇਲ੍ਹ ਦੇ ਅੰਦਰੋਂ ਇਕ ਹੋਰ ਖੁਰਦਰਾ ਜਿਹਾ ਕੰਬਲ, ਜ਼ਮਾਨਤ ਹੋਣ ਤੇ ਵਾਪਸ ਕਰਨ ਦੀ ਸ਼ਰਤ 'ਤੇ ਦਿਲਰਾਜ ਨੂੰ ਮਿਲ ਗਿਆ। ਇਸ਼ਨਾਨ ਕਰਨ ਤੋਂ ਬਾਅਦ ਉਸ ਨੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਦੀਦਾਰੇ ਕੀਤੇ ਅਤੇ ਰਹਿਰਾਸ ਸਾਹਿਬ ਦਾ ਪਾਠ ਸਰਵਣ ਕੀਤਾ।
ਪਿਛਲੇ ੩ ਦਿਨ 'ਚ ਉਸ ਨੂੰ ਨਹਾਉਣ ਦਾ ਮੌਕਾ ਇਕ ਵਾਰ ਸਾਊ ਸੁਭਾਅ ਦੇ ਸੰਤਰੀ ਨੇ ਹਵਾਲਾਤ 'ਚੋਂ ਬਾਹਰ ਕੱਢ ਕੇ ਦਿੱਤਾ ਸੀ, ਜਦ ਥਾਣਾ ਮੁਖੀ ਕਿਤੇ ਦੇਸੀ ਸ਼ਰਾਬ ਦੀ ਚੱਲਦੀ ਭੱਠੀ ਤੇ ਛਾਪਾ ਮਾਰਨ ਗਿਆ ਸੀ।
ਦਿਲਰਾਜ ਨੇ ਇਕ ਹਵਾਲਾਤੀ ਕੋਲੋਂ ਸਾਬਣ ਉਧਾਰਾ ਮੰਗ ਕੇ ਆਪਣੇ ਸਿਰ ਵਾਲਾ ਪਰਨਾ ਅਤੇ ਕੁੜਤਾ ਧੋ ਕੇ ਰਾਖੀ ਰੱਖ ਕੇ ਸੁਕਾਇਆ। ਕਿਉਂਕਿ ਜੇਲ੍ਹ ਅੰਦਰ ਕਿਸੇ ਵੀ ਚੀਜ਼ ਦੀ ਚੋਰੀ ਹੋ ਜਾਣੀ ਆਮ ਗੱਲ ਸੀ। 'ਰੋਟੀ ਪਵਾ ਲਓ, ਰੋਟੀ ਪਵਾ ਲਓ' ਦੀ ਆਵਾਜ਼ ਆਉਣ ਦੀ ਦੇਰ ਸੀ ਕਿ ਲੰਮੀ ਕਤਾਰ 'ਚ ਹਵਾਲਾਤੀ ਤੇ ਕੈਦੀ ਆਪੋ ਆਪਣੇ ਭਾਂਡੇ ਫੜ ਕੇ ਖਲੋ ਗਏ।
ਪਤਲੀ ਜਿਹੀ ਦਾਲ ਅਤੇ ਅੱਧੋ ਵੱਧ ਕੱਚੀਆਂ ਰੋਟੀਆਂ ਦਿਲਰਾਜ ਸਿੰਘ ਨੂੰ ਵੀ ਪ੍ਰਾਪਤ ਹੋ ਗਈਆਂ। ਇਕ ਚਤੁਰ ਜਿਹੇ ਹਵਾਲਾਤੀ ਨੇ ਦਿਲਰਾਜ ਨੂੰ ਪੁੱਛਿਆ 'ਕਿੰਨੀਆਂ ਰੋਟੀਆਂ ਫੜੀਆਂ ਈ।' ਦਿਲਰਾਜ ਨੇ ਕਿਹਾ 'ਚਾਰ'। ਉਸ ਨੇ ਅੱਗੋਂ ਕਿਹਾ ਕਿ ਕੱਲ੍ਹ ਤੋਂ ਛੇ ਫੜੀਂ ਬਾਕੀ ਦੋ ਸੁਕਾ ਕੇ ਬਾਲਣ ਦੇ ਕੰਮ ਆਉਣਗੀਆਂ। ਜੇਲ੍ਹ ਅੰਦਰ ਘਿਉ ਵਾਲੇ ਪੀਪੇ ਨੂੰ ਵੱਢ ਕੇ ਬਣਾਈ ਗਈ ਭੱਠੀ 'ਚ ਵਾਧੂ ਰੋਟੀਆਂ ਸੁਕਾ ਕੇ ਬਾਲਣ ਦੇ ਕੰਮ ਜੋ ਆਉਂਦੀਆਂ ਹਨ। ਦਿਲਰਾਜ ਲਈ ਉਸ ਦੀ ਸਲਾਹ ਮੰਨਣ 'ਚ ਹੀ ਭਲਾ ਸੀ ਕਿਉਂਕਿ ਘਰ ਦੀ ਗਰੀਬੀ ਚੋਂ ਉਸਨੂੰ ਆਸ ਨਹੀਂ ਸੀ ਕਿ ਕੋਈ ਉਸ ਨੂੰ ਲੱਕੜਾਂ ਦਾ ਤੋੜ੍ਹਾ ਜੇਲ੍ਹ ਅੰਦਰ ਭੇਜ ਦੇਵੇ। ਦਿਲਰਾਜ ਨੇ ਨਿੱਕੇ ਹੁੰਦਿਆਂ ਸੁਣਿਆ ਸੀ ਕਿ ਜੇਲ੍ਹ ਅਸਲੀ ਨਰਕ ਹੁੰਦੀ ਹੈ। ਪਰ ਇਹ ਸਭ ਕੁਝ ਉਸ ਨੇ ਆਪਣੀ ਅੱਖੀਂ ਵੇਖ ਲਿਆ। ਨਿਤਨੇਮ ਕਰ ਕੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਸ ਬਾਰਕ ਵਿੱਚ ਆ ਗਿਆ। ਉਸ ਨੂੰ ਕੋਈ ਵੀ ਇਨਸਾਨ ਆਪਣੇ ਸੁਭਾਅ ਨਾਲ ਮੇਲ ਖਾਂਦਾ ਨਾ ਲੱਗਦਾ। ਜੇਲ੍ਹ ਦੀਆਂ ਚੱਕੀਆਂ ਵਿੱਚ ਪਹੁੰਚ ਕੇ ਇਲਾਕੇ ਦੇ ਇਕ ਆਦਮੀ ਨਾਲ ਸਾਂਝ ਕੱਢ ਲਈ ਅਤੇ ਉਸ ਕੋਲੋਂ ਗਿਆਨੀ ਭਜਨ ਸਿੰਘ ਦਾ ਨਾਵਲ 'ਚੜ੍ਹਦੀ ਕਲਾ' ਪੜ੍ਹਨ ਲਈ ਮੰਗ ਲਿਆਂਦਾ।
ਦਿਲਰਾਜ ਕੋਲ ਹੁਣ ਜੇਲ੍ਹ ਅੰਦਰਲੀ ਜਗੀਰ ਵਿੱਚ ਝੋਲਾ, ਉਸ ਅੰਦਰ ਇੱਕ ਸਿਰ ਵਾਲਾ ਪਰਨਾ, ਕੁੜਤਾ-ਪਜਾਮਾ, ਕੰਬਲ ਅਤੇ ਹੁਣ ਨਾਵਲ ਵੀ ਜੁੜ ਚੁੱਕਾ ਸੀ। ਦਿਲਰਾਜ ਦੇ ਪਿਤਾ ਨੇ ਕੁਝ ਵਰ੍ਹੇ ਪਹਿਲਾਂ ਸਹਿਕਾਰੀ ਬੈਂਕ ਦਾ ਕਰਜ਼ਾ ਸਿਰ ਚੜ੍ਹ ਜਾਣ ਕਾਰਨ ਆਤਮ-ਹੱਤਿਆ ਕਰ ਲਈ ਸੀ। ਵੱਡਾ ਭਰਾ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋ ਗਿਆ ਸੀ। ਜਿਸ ਦੀ ਲਾਸ਼ ਵੀ ਟੱਬਰ ਨੂੰ ਨਹੀਂ ਮਿਲੀ ਸੀ। ਇਧਰ ਉਸ ਦੀ ਬੁੱਢੀ ਮਾਤਾ ਆਪਣੇ ਪੁੱਤ ਦੀ ਅੱਜ ਮੁਲਾਕਾਤ ਕਰਨ ਆਈ। ਜਾਂਦੀ ਹੋਈ ਛੇਤੀ ਜਮਾਨਤ ਕਰਾਉਣ ਦੀ ਗੱਲ ਕਹਿ, ਕਿਲੋ ਗੰਢੇ ਅਤੇ ਅੱਧੀ ਕੁ ਦਰਜਨ ਕੇਲੇ ਦਿਲਰਾਜ ਦੇ ਹੱਥ ਫੜਾ ਗਈ।
ਚੰਦਰੇ ਸ਼ਰੀਕਾਂ ਵੱਲੋਂ ਪੁਲਿਸ ਨੂੰ ਪੈਸੇ ਚਾੜ੍ਹ ਕੇ ਦਿਲਰਾਜ ਤੇ ਝੂਠਾ ਛੱਬੀ ਦਾ ਕੇਸ ਬਣਾਇਆ ਗਿਆ ਸੀ। ਝੂਠੇ ਕੇਸ ਦਾ ਮੂਲ ਕਾਰਨ ਦਿਲਰਾਜ ਦੀ ਬਚੀ ਹੋਈ ਪੌਣਾ ਕੁ ਕਿੱਲਾ ਜ਼ਮੀਨ ਸੀ। ਬਾਕੀ ਦੀ ੩ ਕਿੱਲੇ ਕੁਰਕੀ ਹੋ ਚੁੱਕੀ ਸੀ। ਦਿਲਰਾਜ ਸਿੰਘ ਦੇ ਜੇਲ੍ਹ ਅੰਦਰ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਇਕ ਕੈਦੀ ਨੇ ਪਖਾਨਾ ਸਾਫ ਕਰਨ ਲਈ ਵਰਤਿਆ ਜਾਂਦਾ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ ਸੀ। ਇਹ ਗੱਲ ਜਦ ਉਸ ਨੂੰ ਜੇਲ੍ਹ ਅੰਦਰੋਂ ਪਤਾ ਲੱਗੀ ਤਾਂ ਉਸ ਨੂੰ ਆਪਣਾ ਨਿਰਸਾਹ ਹੋਇਆ ਬਾਪ ਯਾਦ ਆ ਗਿਆ। ਜਿਸ ਦਾ ਸਾਹ ਕਰਜ਼ੇ ਨੇ ਰੱਸਾ ਬਣ ਕੇ ਘੁੱਟ ਲਿਆ ਸੀ। ਪਿਛਲੇ ਕੁਝ ਸਾਲਾਂ ਤੋਂ ਰੁਕੇ ਬਿਜਲੀ ਦੇ ਬਿੱਲ ਕਾਰਨ ਬਿਜਲੀ ਵਾਲੇ ਬੰਬੀ ਦਾ ਕੁਨੈਕਸ਼ਨ ਕੱਟ ਕੇ ਲੈ ਗਏ ਸਨ। ਬਾਅਦ 'ਚ ਡੀਜ਼ਲ ਬਾਲ ਕੇ ਇੰਜਣ ਨਾਲ ਉਹ ਪੱਠੇ ਭਰ ਲੈਂਦਾ ਰਿਹਾ ਅਤੇ ਕਰਜ਼ੇ ਦੇ ਬੋਝ ਨੇ ਘਰ ਦੀ ਆਰਥਿਕਤਾ ਦੀ ਬੱਤੀ ਨੂੰ ਡਿੰਮ ਕਰ ਛੱਡਿਆ ਸੀ। ਮਾਤਾ ਦੱਸ ਕੇ ਗਈ ਸੀ ਕਿ ਪੱਠੇ ਤੇਰੇ ਪਿੱਛੋਂ ਔੜ ਨਾਲ ਸੜ ਗਏ ਨੇ। ਮਾਤਾ ਔੜੈ ਪੱਠੇ ਹੀ ਡੰਗਰਾਂ ਨੂੰ ਖੁਦ ਵੱਢ ਕੇ ਸਬੂਤੇ ਪਾ ਦਿੰਦੀ ਰਹੀ। ਜਿਸ ਕਾਰਨ ਡੰਗਰਾਂ ਦੀ ਚਮੜੀ ਦੇ ਖੱਪੜ ਉਤੋਂ ਖੁਸ਼ਕ ਹੋ ਹੋ ਕੇ ਝੜ ਗਏ। ਲਾਡਾਂ ਨਾਲ ਪਾਲੀ ਸ਼ਾਹੀਵਾਲ ਗਾਂ ਨੇ ਬੱਚ ਸੁੱਟ ਦਿੱਤਾ ਅਤੇ ਚਾਰ ਕਿਲੋ ਦੁੱਧ ਦੇਣ ਵਾਲੀ ਮੱਝ ਕਿਲੋ ਤੇ ਆ ਗਈ।
ਜੇਲ੍ਹ ਅੰਦਰ ਬੈਠਾ ਦਿਲਰਾਜ ਆਪਣੀ ਕਿਸਮਤ ਤੇ ਝੂਰਦਾ ਰਹਿੰਦਾ। ਉਸ ਦਾ ਕਦੇ ਜੀਅ ਕਰਦਾ ਕਿ ਉਹ ਜੇਲ੍ਹ ਦੀ ਅਠਾਰਾਂ ਫੁੱਟੀ ਕੰਧ ਟੱਪ ਕੇ ਫੁਰਰ ਹੋ ਜਾਵੇ ਪਰ ਫੇਰ ਉਹ ਇਸ ਪਿੱਛੋਂ ਫਰਾਰੀ ਦੇ ਕੇਸ ਤੋਂ ਝਕਦਾ ਮਨ ਬਦਲ ਲੈਂਦਾ। ਇਹ ਸਭ ਉਹਦੇ ਮਨ ਦੇ ਖਿਆਲ ਸਨ, ਪਰ ਅਸਲ ਗੁੱਸਾ ਉਸ ਨੂੰ ਝੂਠਾ ਕੇਸ ਪਾਉਣ-ਪਵਾਉਣ ਵਾਲਿਆਂ ਅਤੇ ਜੂੰ ਦੀ ਤੋਰ ਤੁਰਦੀ ਹਿੰਦੁਸਤਾਨੀ ਨਿਆਂਪਾਲਿਕਾ ਤੇ ਸੀ।
ਇਕ-ਇਕ ਕਰ ਕੇ ਅੱਜ ਉਸ ਨੂੰ ਬਾਹਠ ਦਿਨ ਹੋ ਗਏ ਸਨ। ਫਿਰ ਵੀ ਵਕੀਲ ਉਸ ਦੀ ਮਾਤਾ ਨੂੰ ਕਹਿੰਦਾ ਕਿ ਜ਼ਮਾਨਤ ਹੋਈ ਸਮਝੋ। ਉਹ ਆ ਕੇ ਆਪਣੇ ਪੁੱਤ ਨੂੰ ਦੱਸ ਦਿੰਦੀ। ਵਕੀਲ ਦੀ ਤਿੰਨ ਹਜ਼ਾਰ ਫੀਸ ਮਾਤਾ ਨੇ ਕੰਨ ਦੀਆਂ ਟੂੰਬਾਂ ਸੁਨਿਆਰੇ ਕੋਲ ਗਹਿਣੇ ਰੱਖ ਕੇ ਦਿੱਤੀ ਸੀ। ਕਦੇ ਦਿਲਰਾਜ ਇਹ ਵੀ ਸੋਚਦਾ ਕਿ ਕੇਸ ਤੇ ਪੈ ਹੀ ਗਿਆ, ਕਿਉਂ ਨਾ ਉਹ ਸ਼ਰੀਕਾਂ ਦਾ ਸਿਰ ਪਾੜ ਕੇ ਹੀ ਅੰਦਰ ਆਉਂਦਾ ਤੇ ਜਦ ਬੁੱਢੜੀ ਮਾਤਾ ਦੀਆਂ ਠੰਢਾ ਰਹਿਣ ਦੀਆਂ ਨਸੀਹਤਾਂ ਯਾਦ ਕਰਦਾ, ਫਿਰ ਮਨ ਕਿਸੇ ਹੋਰ ਪਾਸੇ ਲਾ ਲੈਂਦਾ।
ਜੇਲ੍ਹ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਦਿਲਰਾਜ ਸਿੰਘ ਦੀ ਸਾਂਝ ਗੂੜ੍ਹੀ ਹੋ ਗਈ। ਗੁਰਬਾਣੀ ਦੀ ਸੰਥਿਆ ਕਰਨ ਲਈ ਵਧੇਰੇ ਗੁਰਦੁਆਰਾ ਸਾਹਿਬ ਵੱਧ ਸਮਾਂ ਲਾ ਕੇ ਬਾਹਰ ਵਾਪਸ ਮੁੜਦਾ। ਵਧੇਰੇ ਗੁਰਬਾਣੀ ਪੜ੍ਹਨ ਕਾਰਨ ਜੇਲ੍ਹ ਦੀ ਨਰਕ ਵਰਗੀ ਜ਼ਿੰਦਗੀ ਨੇ ਦਿਲਰਾਜ ਤੋਂ ਆਪਣਾ ਅਸਰ ਘਟਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਜੇ ਜੇਲ੍ਹ ਅੰਦਰ ਗੁਰਦੁਆਰਾ ਸਾਹਿਬ ਨਾ ਹੁੰਦਾ ਤੇ ਉਹ ਕਿੰਝ ਇਹ ਦਿਨ ਕੱਢਦਾ।
ਇਕ ਦਿਨ ਦਿਲਰਾਜ ਦੇ ਮਾਮੇ ਦਾ ਪੁੱਤ ਮੁਲਾਕਾਤ ਲਈ ਆਇਆ। ਉਸ ਨੇ ਦੱਸਿਆ ਕਿ ਦਿਲਰਾਜ ਸਿੰਹਾਂ ਤੇਰੀ ਜਮਾਨਤ ਹੋ ਗਈ। ਸ਼ਾਇਦ ਸ਼ਾਮਾਂ ਨੂੰ ਹੀ ਤੂੰ ਬਾਹਰ ਆ ਜਾਵੇਂ। ਇਹ ਸੁਣ ਕੇ ਖੁਸ਼ੀ ਤਾਂ ਕੁਦਰਤੀ ਸੀ। ਦਿਲਰਾਜ ਨੇ ਬਾਰਕ ਵਾਪਸ ਜਾ ਕੇ ਨਾਵਲ ਦੇ ਬਾਕੀ ਰਹਿੰਦੇ ਪੰਜ-ਸੱਤ ਸਫੇ ਪੜ੍ਹ ਕੇ ਧੰਨਵਾਦ ਸਹਿਤ ਵਾਪਸ ਕਰ ਦਿੱਤਾ। ਸ਼ਾਮ ਨੂੰ ਉਹ ਆਪਣਾ ਝੋਲਾ ਸੂਤਰ ਕਰੀ ਡਿਓੜੀ ਵੱਲ ਵੇਖਦਾ ਰਿਹਾ ਕਿ ਕਦ ਆਵਾਜ਼ ਆਉਂਦੀ ਹੈ ਪਰ ਕੋਈ ਆਵਾਜ਼ ਨਾ ਆਈ। ਰਹਿਰਾਸ ਸਾਹਿਬ ਪੜ੍ਹ ਕੇ ਉਹ ਲੰਮੇ ਪੈ ਗਿਆ, ਪਰ ਅੱਜ ਨੀਂਦ ਕਿਤੇ ਖੰਭ ਲਾ ਕੇ ਉੱਡ ਗਈ ਸੀ। ਅਗਲਾ ਦਿਨ ਵੀ ਪਹਿਲਾਂ ਵਾਂਗ ਚੜ੍ਹਿਆ। ਸਵੇਰੇ ਛੇ ਵਜੇ ਬੰਦੀ ਖੁੱਲੀ। ਨਿਤਨੇਮ ਕਰ, ਮੱਥਾ ਟੇਕ ਕੇ ਵਾਪਸ ਬਾਰਕ 'ਚ ਆ ਗਿਆ। ਦਿਲਰਾਜ ਸਿੰਘ ਅੱਜ ਸਾਰਾ ਦਿਨ ਸੋਚਾਂ ਸੋਚਦਾ ਰਿਹਾ ਕਿ ਆਵਾਜ਼ ਕਿਉਂ ਨਹੀਂ ਆਈ। ਦੋ ਵਾਰ ਡਿਓੜੀ ਤੋਂ ਪੁੱਛ ਕੇ ਆਇਆ ਪਰ ਉਹਨ੍ਹਾਂ ਸਿਰ ਫੇਰ ਦਿੱਤਾ। ਅੱਜ ਦੀਆਂ ਸ਼ਾਮਾਂ ਵੀ ਲੰਘ ਗਈਆਂ। ਫੇਰ ਉਹੋ ਸੋਚਾਂ ਉਸ ਦੁਆਲੇ ਘੇਰਾ ਘੱਤਣ ਲੱਗੀਆਂ ਕਿ ਕੀ ਕਾਰਨ ਹੋਊ, ਜੋ ਅੱਜ ਵੀ ਉਸ ਦੀ ਬੰਦ ਖਲਾਸੀ ਨਹੀਂ ਹੋਈ। ਤੀਸਰੇ ਦਿਨ ਮਾਤਾ ਮੁਲਾਕਾਤ ਕਰਨ ਆਈ। ਉਸ ਦੱਸਿਆ, ਪੁੱਤ ਪਰਸੋਂ ਜਮਾਨਤ ਨਹੀਂ ਹੋ ਸਕੀ। ਜੱਜ ਫੈਸਲਾ ਰਾਖਵਾਂ ਰੱਖਣ ਤੋਂ ਬਾਅਦ ਉਠ ਗਿਆ ਸੀ ਅਤੇ ਬਾਅਦ 'ਚ ਪਤਾ ਲੱਗਾ ਕਿ ਅੱਗੇ ਤਰੀਕ ਪੈ ਗਈ। 'ਚੰਗਾ ਬੀਬੀ' ਤੇ ਗੁਰ ਫਤਹਿ ਬੁਲਾ ਕੇ ਦਿਲਰਾਜ ਵਾਪਸ ਬਾਰਕ 'ਚ ਮੁੜ ਆਇਆ। ਤਿੰਨ ਮਹੀਨੇ ਦੇ ਕਰੀਬ ਸਮਾਂ ਲੰਘ ਗਿਆਂ ਸੀ। ਚੌਦਾਂ ਕੁ ਦਿਨ ਬਾਅਦ ਸ਼ਾਮ ਵੇਲੇ ਦਿਲਰਾਜ ਸਿੰਘ ਵਲਦ ਹਜ਼ਾਰਾ ਸਿੰਘ ਦਾ ਨਾਮ ਉੱਚੀ ਪੁਕਾਰਿਆ ਗਿਆ। ਦਿਲਰਾਜ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਅੱਜ ਉਹ ਛੁੱਟ ਜਾਵੇਗਾ। ਇਕ ਸੌ ਚੌਦਾਂ ਦਿਨ ਜੇਲ੍ਹ ਕੱਟਣ ਤੋਂ ਬਾਅਦ ਡਿਓੜੀ 'ਚ ਉਸ ਨੂੰ ਬਲਾਇਆ ਗਿਆ। ਵਾਪਸ ਮੁੜ ਕੇ ਉਸ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਸਿਰ ਝੁਕਾਇਆ ਕਿ ਸੱਚੇ ਪਾਤਸ਼ਾਹ ਅੱਗੇ ਤੋਂ ਮੈਂ ਇਥੇ ਕਦੇ ਨਾ ਆਵਾਂ। ਜੇਲ੍ਹ ਦੀ ਡਿਓੜੀ 'ਚ ਕਾਗਜ਼ੀ ਕਾਰਵਾਈ ਅਤੇ ਤਲਾਸ਼ੀ ਹੋਣ ਤੋਂ ਬਾਅਦ, ਜੇਲ੍ਹ ਮੁਲਾਜ਼ਮਾਂ ਨੇ ਉਸ ਦੇ ਹੱਥ ਉੱਤੇ ਜੇਲ੍ਹ ਦੀ ਮੋਹਰ ਲਗਾ ਦਿੱਤੀ। ਦਿਲਰਾਜ ਕੋਲ ਘਰ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਬੱਸ ਕੰਡਕਟਰ ਨੇ ਮੋਹਰ ਵੇਖ ਕੇ ਉਸ ਤੋਂ ਕਿਰਾਇਆ ਨਾ ਲਿਆ। ਰਾਤ ਦੇ ਨੌਂ ਵਜੇ ਜਰਨੈਲੀ ਸੜਕ ਤੋਂ ਉਤਰ, ਤੁਰ ਕੇ ਪੌਣੇ ਦਸ ਵਜੇ ਆਪਣੀ ਖੇਤਾਂ ਵਿਚਲੀ ਦੋ ਕਮਰਿਆਂ ਵਾਲੀ ਬਹਿਕ ਤੇ ਪਹੁੰਚਿਆ। ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਉਸ ਨੂੰ ਘਰ ਦੀ ਪੱਕੀ ਰੋਟੀ ਨਸੀਬ ਹੋਈ। ਨਿਤਰੇ ਹੋਏ ਅਸਮਾਨ ਚੋਂ ਤਾਰੇ ਵੇਖਣ ਦਾ ਮੌਕਾ ਵੀ ਅੱਜ ਮਿਲਿਆ। ਗਰੀਬੀ ਕਾਰਨ ਸਿਰਹਾਣੇ ਦੀ ਥਾਂ ਰੱਖੇ ਕੰਬਲ ਨੂੰ ਚੰਗੀ ਤਰ੍ਹਾਂ ਸਿਰ ਹੇਠਾਂ ਕਰਦਾ ਦਿਲਰਾਜ ਉਨ੍ਹਾਂ ਕੈਦੀਆਂ ਬਾਰੇ ਸੋਚਣ ਲੱਗ ਪਿਆ, ਜੋ ਕਈ-ਕਈ ਸਾਲਾਂ ਤੋਂ ਜੇਲ੍ਹਾਂ ਅੰਦਰ ਬੰਦ ਸਨ, ਜਿਨ੍ਹਾਂ ਕੋਲੋਂ ਜੁਰਮ ਚਾਹੇ ਜਾਂ ਅਣਚਾਹੇ ਹੋਇਆ ਸੀ। ਆਪਣੇ ਧੁੰਦਲੇ ਭਵਿੱਖ, ਸ਼ਰੀਕਾਂ ਨਾਲ ਸਿਝਣ ਅਤੇ ਮਾਤਾ ਨਾਲ ਗੁਰਬਤ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰ ਕੇ ਦਿਲਰਾਜ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਕਦ ਉਸ ਨੂੰ ਨੀਂਦ ਆ ਗਈ।
—ਪਪਲਪ੍ਰੀਤ ਸਿੰਘ

No comments: