jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਵਹਿਮ ਭਰਮ ਅਤੇ ਪ੍ਰਵਾਸੀ ਪੰਜਾਬੀ ਪੱਤਰਕਾਰੀ

www.sabblok.blogspot.com
-ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀ ਪੱਤਰਕਾਰੀ ਦਾ ਮੁੱਢ ਨਰੋਈ ਅਤੇ ਸਮਾਜਿਕ ਪੱਤਰਕਾਰੀ ਨਾਲ ਬੱਝਿਆ ਹੈ। ਪੰਜਾਬੀ ਪੱਤਰਕਾਰਤਾ ਕਰੀਬ ਇਕ ਸਦੀ ਪਹਿਲਾਂ ਵਿਦੇਸ਼ਾਂ ਵਿਚ ਪੈਦਾ ਹੋਈ ਸੀ ਅਤੇ ਮੁੱਖ ਤੌਰ ’ਤੇ ਉਸ ਸਮੇਂ ਦੇਸ਼ ਭਗਤੀ, ਦੇਸ਼ ਆਜ਼ਾਦੀ, ਸਮਾਜਿਕ ਸਰੋਕਾਰ ਅਤੇ ਲੋਕਾਂ ਦਾ ਆਪਸੀ ਤਾਲਮੇਲ ਪ੍ਰਵਾਸੀ ਪੰਜਾਬੀ ਪੱਤਰਕਾਰੀ ਲਈ ਮੁੱਖ ਮਨੋਰਥ ਸਨ। ਮੁੱਢ ਵਿਚ ਆਪਣੀ ਭਾਸ਼ਾ ਵਿਚ ਜਾਣਕਾਰੀ ਹਾਸਲ ਕਰਨ ਲਈ ਤਲਬ ਪੂਰੀ ਕਰਨ ਦਾ ਮਨੋਰਥ ਵੀ ਪੱਤਰਕਾਰੀ ਦਾ ਇਕ ਅਹਿਮ ਮੰਤਵ ਸੀ। 19ਵੀਂ ਸਦੀ ਦੇ ਮੁੱਢ ਵਿਚ ਉਤਰੀ ਅਮਰੀਕਾ ਦੀ ਧਰਤੀ ਉਪਰ ਗਦਰ ਲਹਿਰ ਦੇ ਮੁੱਢ ਬੱਝਣ ਨਾਲ ਪ੍ਰਵਾਸੀ ਪੰਜਾਬੀ ਪੱਤਰਕਾਰਤਾ ਦਾ ਮੁੱਢ ਬੱਝਿਆ। ਉਸ ਸਮੇਂ ਅਮਰੀਕਾ ਦੀ ਧਰਤੀ ਤੋਂ ਕੱਢਿਆ ਗ਼ਦਰ ਅਤੇ ਇਸੇ ਤਰ੍ਹਾਂ ਦੇ ਕੁੱਝ ਹੋਰ ਅਖ਼ਬਾਰ ਦੇਸ਼ ਦੀ ਆਜ਼ਾਦੀ ਪ੍ਰਤੀ ਲਗਾਅ ਪੈਦਾ ਕਰਨ ਅਤੇ ਦੇਸ਼ ਆਜ਼ਾਦ ਕਰਵਾਉਣ ਲਈ ਪ੍ਰਵਾਸੀ ਪੰਜਾਬੀਆਂ ਅੰਦਰ ਜਜ਼ਬਾ ਪੈਦਾ ਕਰਨ ਦੇ ਸਾਧਨ ਬਣੇ ਸਨ। ਇਨ੍ਹਾਂ ਅਖ਼ਬਾਰਾਂ ਵਿਚ ਸਮਾਜਿਕ ਕੁਰੀਤੀਆਂ, ਵਹਿਮਾਂ-ਭਰਮਾਂ ਅਤੇ ਅਡੰਬਰਾਂ ਦੀ ਕੋਈ ਵੀ ਜਗ੍ਹਾ ਨਹੀਂ ਸੀ ਹੁੰਦੀ। ਪਰ ਸਮੇਂ ਦੇ ਲੰਘਦਿਆਂ ਜਿਉਂ-ਜਿਉਂ ਇਨ੍ਹਾਂ ਮੁਲਕਾਂ ਵਿਚ ਸਾਡੇ ਲੋਕਾਂ ਦੀ ਆਬਾਦੀ ਵੱਧਦੀ ਗਈ ਅਤੇ ਸਮਾਜਿਕ ਤਬਦੀਲੀਆਂ ਵਾਪਰਦੀਆਂ ਰਹੀਆਂ, ਤਿਉਂ-ਤਿਉਂ ਪੰਜਾਬੀ ਪੱਤਰਕਾਰੀ ਵਿਚ ਵੀ ਵੱਡਾ ਨਿਘਾਰ ਆਇਆ ਹੈ। ਪਿਛਲੇ ਦੋ-ਢਾਈ ਦਹਾਕਿਆਂ ਤੋਂ ਪ੍ਰਵਾਸੀ ਪੰਜਾਬੀ ਪੱਤਰਕਾਰੀ ਦੇ ਇਕ ਹਿੱਸੇ ਨੇ ਆਪਣੇ ਸਮਾਜਿਕ ਸਰੋਕਾਰ ਅਤੇ ਲੋਕਾਂ ਪ੍ਰਤੀ ਪ੍ਰਤੀਬੱਧਤਾ ਛੱਡ ਕੇ ਪਾਖੰਡੀ ਬਾਬਿਆਂ ਅਤੇ ਅਡੰਬਰੀਂ ਲੋਕਾਂ ਦਾ ਪ੍ਰਚਾਰ ਕਰਨ ਦਾ ਕੰਮ ਫੜ ਲਿਆ ਹੈ। ਉਨ੍ਹਾਂ ਦੀ ਕਮਾਈ ਦਾ ਮੁੱਖ ਮਨੋਰਥ ਇਹ ਬਾਬੇ ਹੀ ਬਣ ਗਏ ਹਨ। ਪੰਜਾਬੀ ਦੀ ਕਹਾਵਤ ਹੈ ਕਿ ‘‘ਜਿਸ ਦਾ ਅੰਨ ਖਾਈਏ, ਉਸੇ ਦਾ ਗੁਣ ਗਾਈਏ’’। ਅਜਿਹੇ ਅਖ਼ਬਾਰਾਂ ਨੇ ਇਸ ਕਹਾਵਤ ਨੂੰ ਹੀ ਸੱਚ ਬਣਾ ਧਰਿਆ ਹੈ। ਹਰ ਤਰ੍ਹਾਂ ਦੇ ਵਹਿਮ-ਭਰਮ, ਪਾਖੰਡ ਅਤੇ ਅਡੰਬਰ ਇਹ ਲੋਕ ਖੁੱਲ੍ਹ ਕੇ ਲੋਕਾਂ ਵਿਚ ਪ੍ਰਚਾਰਦੇ ਅਤੇ ਪ੍ਰਸਾਰਦੇ ਹਨ। ਇਨ੍ਹਾਂ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਨੂੰ ਅਨੇਕ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸਕਰ ਪਿਛਲੇ ਕਰੀਬ ਇਕ ਦਹਾਕੇ ਤੋਂ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਦਿਆਂ ਲੋਕਾਂ ਨੂੰ ਵੱਡੀ ਪੱਧਰ ’ਤੇ ਮਾਨਸਿਕ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰਥਿਕ ਤੰਗੀ ਅਤੇ ਮਾਨਸਿਕ ਔਕੜਾਂ ਪਰਿਵਾਰਾਂ ਅੰਦਰ ਝਗੜਿਆਂ ਅਤੇ ਆਪਸੀ ਮਾਨਸਿਕ ਤਨਾਅ ਪੈਦਾ ਕਰਨ ਦਾ ਵੱਡਾ ਕਾਰਨ ਬਣਦੇ ਹਨ। ਅਜਿਹੇ ਤਨਾਅ ਕਾਰਨ ਪਰਿਵਾਰਾਂ ਅੰਦਰ ਕਲੇਸ਼, ਝਗੜੇ ਹੋਣਾ ਕੁਦਰਤੀ ਗੱਲ ਹੈ। ਮਾਨਸਿਕ ਦਬਾਅ ਹੇਠ ਚੱਲ ਰਹੇ ਲੋਕਾਂ ਨੂੰ ਫੁੰਡਣ ਲਈ ਅਜਿਹੇ ਬਾਬੇ ਬੜੇ ਨਾਟਕੀ ਢੰਗ ਨਾਲ ਅਡੰਬਰ ਰੱਚਦੇ ਹਨ ਅਤੇ ਸਾਡੀਆਂ ਅਖ਼ਬਾਰਾਂ ਦਾ ਇਕ ਹਿੱਸਾ ਇਨ੍ਹਾਂ ਦਾ ਹੱਥ ਠੋਕਾ ਬਣਦਾ ਹੈ। ਇਥੋਂ ਤੱਕ ਕਿ ਕਈ ਲੋਕਾਂ ਬਾਰੇ ਤਾਂ ਇਹ ਵੀ ਚਰਚਾ ਹੈ ਕਿ ਉਹ ਖੁਦ ਹੀ ਬਾਬਿਆਂ ਦਾ ਭੇਖ ਧਾਰ ਕੇ ਆਪਣੇ ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਛਾਪ ਲੈਂਦੇ ਹਨ ਅਤੇ ਖੁਦ ਹੀ ਟੈਲੀਪੈਥੀ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਦੱਸ ਕੇ ਉਨ੍ਹਾਂ ਤੋਂ ਡਾਲਰ ਬਟੋਰਦੇ ਹਨ। ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਅਜਿਹੇ ਅਖ਼ਬਾਰਾਂ ਵਿਚ ਸਾਡੇ ਲੋਕਾਂ ਦੀਆਂ ਮਾਨਸਿਕ, ਸਰੀਰਕ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਵੱਡੇ-ਵੱਡੇ ਚਮਤਕਾਰੀ ਅਤੇ ਨਾਟਕੀ ਦਾਅਵੇ ਕੀਤੇ ਜਾਂਦੇ ਹਨ ਅਤੇ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਕੁਝ ਘੰਟਿਆਂ ਵਿਚ ਸ਼ਰਤੀਆ ਇਲਾਜ ਉਨ੍ਹਾਂ ਕੋਲ ਹੈ। ਜਦ ਕੋਈ ਵਿਅਕਤੀ ਮਾਨਸਿਕ ਦਬਾਅ ਹੇਠ ਹੁੰਦਾ ਹੈ ਜਾਂ ਫਿਰ ਪਰਿਵਾਰਕ ਕਲੇਸ਼, ਝਗੜੇ ਵਿਚ ਫਸ ਜਾਂਦਾ ਹੈ ਤਾਂ ਉਸ ਲਈ ਅਜਿਹੇ ਅਡੰਬਰੀਂ ਬਾਬਿਆਂ ਵੱਲੋਂ ਸੁਝਾਏ ਚਮਤਕਾਰੀ ਨੁਸਖੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਣਕੇ ਬੋਹੜਨ ਵਾਂਗ ਹੁੰਦੇ ਹਨ। ਇਕ ਵਾਰ ਅਜਿਹੇ ਬਾਬਿਆਂ ਦੇ ਚੁੰਗਲ ਵਿਚ ਫਸਿਆ ਬੰਦਾ ਮੁੜ ਫਿਰ ਆਪਣਾ ਝੁੱਗਾ ਚੌੜ ਕਰਵਾ ਕੇ ਹੀ ਵਾਪਸ ਮੁੜਦਾ ਹੈ। ਸਾਡਾ ਧਰਮ ਅਤੇ ਪ੍ਰਵਾਸੀ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਅਜਿਹੇ ਪਾਖੰਡੀ, ਅਡੰਬਰੀਂ ਅਤੇ ਚਮਤਕਾਰੀ ਬਾਬਿਆਂ ਦੀਆਂ ਨਾਟਕੀ ਗੱਲਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਦਾ। ਪ੍ਰਵਾਸੀ ਪੰਜਾਬੀ ਪੱਤਰਕਾਰਤਾ ਹਮੇਸ਼ਾ ਪਾਖੰਡ ਅਤੇ ਅੰਡਬਰਾਂ ਦਾ ਪਰਦਾਫਾਸ਼ ਕਰਦੀ ਆਈ ਹੈ। ਪਰ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਇਸੇ ਪੱਤਰਕਾਰੀ ਦਾ ਇਕ ਹਿੱਸਾ ਖੁਦ ਹੀ ਅਜਿਹੇ ਬਾਬਿਆਂ ਦਾ ਹੱਥ ਠੋਕਾ ਬਣ ਕੇ ਪਾਖੰਡ ਅਤੇ ਅਡੰਬਰ ਦਾ ਕੂੜ ਪ੍ਰਚਾਰ ਕਰਨ ਦੇ ਰਾਹ ਤੁਰ ਪਿਆ ਹੈ। ਸਾਡੇ ਆਪਣੇ ਧਰਮ ਦੇ ਕਈ ਬਾਬੇ ਵੀ ਵਹਿਮ-ਭਰਮ ਫੈਲਾਉਣ ’ਚ ਪਿੱਛੇ ਨਹੀਂ ਹੱਟਦੇ। ਅਨੇਕਾਂ ਥਾਈਂ ਉਨ੍ਹਾਂ ਨੂੰ ਵੀ ਪੁੱਛਾਂ ਦਿੰਦਿਆਂ, ਧਾਗੇ-ਤਵੀਤ ਕਰਦਿਆਂ ਅਤੇ ਅਜਿਹੇ ਹੋਰ ਪਾਖੰਡਾਂ ਵਿਚ ਲੋਕਾਂ ਨੂੰ ਫਸਾਉਂਦਿਆਂ ਵੇਖਿਆ ਜਾਂਦਾ ਹੈ।

ਪ੍ਰਵਾਸੀ ਪੰਜਾਬੀ ਪੱਤਰਕਾਰਤਾ ਸਾਹਮਣੇ ਅਡੰਬਰੀਂ ਬਾਬੇ, ਪਾਖੰਡ ਅਤੇ ਵਹਿਮ ਭਰਮ ਇਕ ਵੱਡੀ ਚੁਣੌਤੀ ਬਣ ਗਿਆ ਹੈ। ਅੱਜ ਸਾਡੇ ਲੋਕਾਂ ਲਈ ਇਨ੍ਹਾਂ ਮੁਲਕਾਂ ਵਿਚ ਇੰਮੀਗ੍ਰੇਸ਼ਨ ਦੀਆਂ ਸਮੱਸਿਆਵਾਂ, ਇਥੋਂ ਦੇ ਸਮਾਜਾਂ ਵਿਚ ਵਿਚਰਨ ਅਤੇ ਉਨ੍ਹਾਂ ਨਾਲ ਤਾਲਮੇਲ ਕਰਨ, ਹੋ ਰਹੇ ਨਫਰਤੀ ਹਮਲਿਆਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਆਪਣੀ ਵਿਲੱਖਣ ਪਛਾਣ ਸੰਬੰਧੀ ਹੋਰਨਾਂ ਨਸਲਾਂ ਅਤੇ ਵਰਗਾਂ ਦੇ ਲੋਕਾਂ ਨੂੰ ਜਾਣੂੰ ਕਰਵਾਉਣ, ਵੱਖ-ਵੱਖ ਮੁਲਕਾਂ ਵਿਚ ਵਸੇ ਪੰਜਾਬੀ ਭਾਈਚਾਰੇ ਬਾਰੇ ਇਕ-ਦੂਜੇ ਨੂੰ ਸਹੀ ਜਾਣਕਾਰੀ ਪਹੁੰਚਾਉਣ ਅਤੇ ਆਰਥਿਕ ਮੰਦੀ ਦੇ ਦੌਰ ਵਿਚ ਚੱਲ ਰਹੀ ਸਰਗਰਮੀ ਬਾਰੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਵਰਗੀਆਂ ਗੱਲਾਂ ਬੜੀਆਂ ਹੀ ਅਹਿਮ ਹਨ। ਇਨ੍ਹਾਂ ਤੋਂ ਇਲਾਵਾ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਨਰੋਏ ਸੱਭਿਆਚਾਰ, ਇਤਿਹਾਸਕ ਅਤੇ ਵਿਰਸੇ ਨਾਲ ਜੋੜਨ ਲਈ ਯਤਨ ਕਰਨਾ ਵੀ ਬੜਾ ਅਹਿਮ ਹੈ। ਸਾਡੇ ਗੁਰੂ ਅਤੇ ਧਰਮ ਸਾਨੂੰ ਹਮੇਸ਼ਾ ਇਹ ਅਡੰਬਰਾਂ ਅਤੇ ਵਹਿਮਾਂ-ਭਰਮਾਂ ਤੋਂ ਉਪਰ ਉਠ ਕੇ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੰਦਾ ਹੈ। ਸਾਡੀ ਗੁਰਬਾਣੀ ਵਿਚ ਸਾਡੇ ਗੁਰੂਆਂ ਨੇ ਅਜਿਹੀਆਂ ਸਾਇੰਟਫਿਕ ਗੱਲਾਂ ਲਿਖੀਆਂ ਹਨ, ਜਿਹੜੀਆਂ ਸਾਇੰਸਦਾਨਾਂ ਨੇ ਇਸ ਸਦੀ ਵਿਚ ਖੋਜੀਆਂ ਹਨ। ਪਰ ਸਾਡੇ ਗੁਰੂਆਂ ਨੇ ਉਨ੍ਹਾਂ ਦਾ ਇੰਕਸ਼ਾਫ ਪੰਜ ਸਦੀਆਂ ਪਹਿਲਾਂ ਹੀ ਕਰ ਦਿੱਤਾ ਸੀ। ਅਜਿਹੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੇ ਮਾਲਕ ਹੁੰਦਿਆਂ ਸਾਨੂੰ ਪਾਖੰਡੀ ਬਾਬਿਆਂ ਦੇ ਲੜ ਲੱਗਣ ਦੀ ਥਾਂ ਆਪਣੇ ਧਰਮ ਅਤੇ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਪਾਖੰਡਾਂ ਵਿਚ ਫਸ ਕੇ ਅਸੀਂ ਹੋਰ ਵਧੇਰੇ ਮਾਨਸਿਕ ਤਨਾਅ ਅਤੇ ਕਲੇਸ਼ਾਂ ਦਾ ਸ਼ਿਕਾਰ ਹੋਵਾਂਗੇ। ਸੋ ਸਮੂਹ ਸੂਝਵਾਨ ਪ੍ਰਵਾਸੀ ਪੰਜਾਬੀਆਂ ਨੂੰ ਸਾਡੀ ਇਹੋ ਬੇਨਤੀ ਹੈ ਕਿ ਅਜਿਹੇ ਪਾਖੰਡਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਪ੍ਰਵਾਸੀ ਪੰਜਾਬੀ ਪੱਤਰਕਾਰੀ ਤੋਂ ਦੂਰ ਰਿਹਾ ਜਾਵੇ ਅਤੇ ਨਰੋਏ ਸਰੋਕਾਰਾਂ ਨਾਲ ਭਰਪੂਰ ਅਤੇ ਲੋਕ ਸਮੱਸਿਆਵਾਂ ਨੂੰ ਸਹੀ ਸੰਦਰਭ ਵਿਚ ਪੇਸ਼ ਕਰਨ ਵਾਲੀ ਪੱਤਰਕਾਰੀ ਨੂੰ ਮਜ਼ਬੂਤ ਕੀਤਾ ਜਾਵੇ। ਅਸੀਂ ਹਲੀਮੀ ਨਾਲ ਇਹ ਦਾਅਵਾ ਕਰਦੇ ਹਾਂ ਕਿ ਪੰਜਾਬ ਮੇਲ ਮੁੱਢ ਤੋਂ ਹੀ ਇਸ ਧਾਰਨਾ ਉਪਰ ਕਾਇਮ ਰਿਹਾ ਹੈ ਕਿ ਪਾਖੰਡੀ ਅਤੇ ਅਡੰਬਰੀ ਬਾਬਿਆਂ ਦੀ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾਵੇਗੀ। ਸਾਡੀ ਇਹ ਧਾਰਨਾ ਅਜੇ ਵੀ ਕਾਇਮ ਹੈ ਅਤੇ ਅੱਗੇ ਤੋਂ ਵੀ ਪੰਜਾਬ ਮੇਲ ਸਾਡੀ ਪੱਤਰਕਾਰੀ ਦੀਆਂ ਨਰੋਈਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖੇਗਾ ਅਤੇ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਅਤੇ ਅਡੰਬਰਾਂ ਦਾ ਪਰਦਾਫਾਸ਼ ਕਰਦਾ ਰਹੇਗਾ।
www.punjabmailusa.com
Punjab Mail USA.
916-320-9444

No comments: