ਬੀਜਿੰਗ- ਹਾਲ 'ਚ ਲੱਦਾਖ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਪੈਦਾ ਗਤੀਰੋਧ ਦੇ ਸਮੂਚਿਤ ਹਲ ਨੂੰ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਪਰਿਪੱਖ ਰੂਪ ਨਾਲ ਸੰਭਾਲਣ ਦਾ ਸੂਚਕ ਦੱਸਦੇ ਹੋਏ ਚੀਨ ਨੇ ਆਪਣੇ ਨਵੇਂ ਪ੍ਰਧਾਨ ਮੰਤਰੀ ਲੀ ਕਵਿੰਗ ਦੀ ਭਾਰਤ ਯਾਤਰਾ ਦੀ ਸੋਮਵਾਰ ਨੂੰ ਐਲਾਨ ਕਰ ਦਿੱਤਾ। ਲੀ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਰਵਾਨਾ ਹੋਣ ਵਾਲੇ ਹਨ ਅਤੇ ਉਹ 19 ਮਈ ਨੂੰ ਤਿੰਨ ਦਿਨ ਦੇ ਭਾਰਤ ਦੌਰੇ 'ਤੇ ਜਾਣਗੇ। ਇਸ ਤੋਂ ਬਾਅਦ ਲੀ ਕਈ ਹੋਰ ਦੇਸ਼ਾਂ ਦੀ ਯਾਤਰਾ ਵੀ ਕਰਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਲੀ ਦੀ ਤਿੰਨ ਦਿਨਾਂ ਭਾਰਤ ਯਾਤਰਾ 19 ਮਈ ਤੋਂ ਸ਼ੁਰੂ ਹੋਵੇਗੀ। ਉਹ ਇਸ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਕਰਣਗੇ। 57 ਸਾਲਾ ਲੀ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵੀ ਜਾਣਗੇ। ਚੀਨੀ ਅਧਿਕਾਰੀਆਂ ਮੁਤਾਬਕ ਲੀ ਨੇ ਮਾਰਚ 'ਚ ਪ੍ਰਧਾਨ ਮੰਤਰੀ ਅਹੁਦੇ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਆਪਣੇ ਪਹਿਲੇ ਪੜਾਅ ਦੇ ਰੂਪ 'ਚ ਚੁਣਿਆ। ਲੀ ਭਾਰਤ ਅਤੇ ਪਾਕਿਸਤਾਨ ਦੇ ਇਲਾਵਾ ਜਰਮਨੀ ਅਤੇ ਸਵਿਟਜ਼ਰਲੈਂਡ ਦੀ ਯਾਤਰਾ 'ਤੇ ਵੀ ਜਾਣਗੇ।