jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਬਿਜਲੀ ਖੁਣੋਂ ਸੁੱਕ ਰਹੀ ਜੀਰੀ ਦੀ ਪਨੀਰੀ ਨੂੰ ਦੇਖ ਕੇ ਕਿਸਾਨ ਦੁਖੀ

www.sabblok.blogspot.com

  • ਪਿੰਡ ਹਿੰਦੂਪੁਰ (ਫਤਹਿਗੜ੍ਹ ਸਾਹਿਬ) ਵਿਖੇ ਕਾਂਗਰਸ ਦੀ ਰੈਲੀ ਦੌਰਾਨ ਕਿਸਾਨ ਰਣਜੀਤ ਸਿੰਘ ਤੇ ਜਸਜੀਤ ਸਿੰਘ ਆਪਣੇ ਦੁੱਖ ਬਿਆਨਦੇ ਹੋਏ

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਫਤਿਹਗੜ੍ਹ ਸਾਹਿਬ, 14 ਮਈ
ਪੰਜਾਬ ਵਿੱਚ 146 ਬਲਾਕ ਸਮਿਤੀਆਂ ਅਤੇ 24 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਲਈ ਭਾਵੇਂ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਦੌਰਾਨ ਲੀਡਰ ਇਕ-ਦੂਸਰੇ ਉਪਰ ਸਿਆਸੀ ਤੀਰ ਚਲਾ ਰਹੇ ਹਨ ਪਰ ਲੋਕਾਂ ਦੇ ਦੁੱਖ ਸਾਂਝੇ ਹਨ। ਭਾਵੇਂ ਕੋਈ ਕਿਸਾਨ ਅਕਾਲੀਆਂ ਦੇ ਚੋਣ ਪ੍ਰਚਾਰ ਵਿੱਚ ਸਰਗਰਮ ਹੈ ਅਤੇ ਕੋਈ ਕਾਂਗਰਸ ਦੀਆਂ ਰੈਲੀਆਂ ਵਿੱਚ ਨਾਅਰੇ ਗੂੰਜਾ ਰਿਹਾ ਹੈ, ਪਰ ਹਰੇਕ ਕਿਸਾਨ ਬਿਜਲੀ ਖੁਣੋਂ ਸੜ ਰਹੀ ਝੋਨੇ ਦੀ ਪਨੀਰੀ ਤੋਂ ਚਿੰਤਤ ਹਨ।
ਪਿੰਡਾਂ ਨਾਲ ਸਬੰਧਤ ਇਨ੍ਹਾਂ ਚੋਣਾਂ ਦੌਰਾਨ ਪਿੰਡਾਂ ਨੂੰ ਜੋੜਦੀਆਂ ਸੰਪਰਕ ਸੜਕਾਂ (ਲਿੰਕ ਰੋਡਜ਼) ਵੱਲੋਂ ਧਾਰੇ ਟੋਇਆਂ ਦੇ ਰੂਪ ਦੀ ਵੀ ਖੂਬ ਚਰਚਾ ਹੈ ਅਤੇ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ ਤੋਂ ਵੀ ਲੋਕ ਦੁਖੀ ਹਨ। ਲੋਕ ਭਾਵੇਂ ਚੋਣਾਂ ਦੌਰਾਨ ਆਪਣੀਆਂ ਮਜਬੂਰੀਆਂ ਅਤੇ ਸਵਾਰਥਾਂ ਕਾਰਨ ਖਾਸ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਚੋਣ ਪ੍ਰਚਾਰ ਕਰਨ ਵਾਲੇ ਕਾਫਲਿਆਂ ਵਿੱਚ ਸ਼ਾਮਲ ਹਨ ਪਰ ਬਹੁਤੇ ਦੱਬੀ ਜ਼ੁਬਾਨ ਨਾਲ ਲੋਕ ਕਾਰਜਾਂ ਲਈ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਇਕੋ ਸਿੱਕੇ ਦੇ ਦੋ ਪਾਸੇ ਦੱਸ ਰਹੇ ਹਨ। ਚੋਣ ਪ੍ਰਚਾਰ ਦੌਰਾਨ ਜਿੱਥੇ ਕਾਂਗਰਸ ਦੀ ਲੀਡਰਸ਼ਿਪ ਬਾਦਲ ਸਰਕਾਰ ਉਪਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਲਾਗੂ ਨਾ ਕਰਨ ਦੇ ਦੋਸ਼ ਲਾ ਰਹੀ ਹੈ, ਉਥੇ ਅਕਾਲੀਆਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉਠ ਚੁੱਕਾ ਹੈ। ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅੱਜ ਕੀਤੇ ਦੌਰੇ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਚੋਣ ਰੈਲੀਆਂ ਵਿੱਚ ਸ਼ਾਮਲ ਲੋਕਾਂ ਦੀਆਂ ਸਮੱਸਿਆਵਾਂ ਅਤੇ ਦੁੱਖ ਸਾਂਝੇ ਹਨ। ਇਸ ਜ਼ਿਲ੍ਹੇ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਤੇ 76 ਪੰਚਾਇਤੀ ਸਮਿਤੀ ਸੀਟਾਂ ਉਪਰ ਚੋਣਾਂ ਹੋ ਰਹੀਆਂ ਹਨ। ਅੱਜ ਸਵੇਰੇ ਜ਼ਿਲ੍ਹੇ ਦੇ ਪਿੰਡ ਹਿੰਦੂਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਚੁੰਨੀ ਕਲਾਂ ਤੋਂ ਕਾਂਗਰਸ ਦੀ ਉਮੀਦਵਾਰ ਕੰਵਲਜੀਤ ਕੌਰ ਅਤੇ ਬਲਾਕ ਸਮਿਤੀ ਦੇ ਉਮੀਦਵਾਰ ਮੋਹਣ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਸੀ। ਰੈਲੀ ਦੀ ਕਮਾਂਡ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਦੀ ਪਤਨੀ ਮਨਦੀਪ ਕੌਰ ਦੇ ਹੱਥ ਸੀ ਅਤੇ ਉਹ ਲੋਕਾਂ ਨੂੰ ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਉਣ ਦੀ ਅਪੀਲ ਕਰ ਰਹੀ ਸੀ।
ਇਸ ਮੌਕੇ ਉਮੀਦਵਾਰ ਕੰਵਲਜੀਤ ਕੌਰ ਨੂੰ ਜਦੋਂ ਇਸ ਪੱਤਰਕਾਰ ਨੇ ਸਥਾਨਕ ਮੁੱਦੇ ਪੁੱਛੇ ਤਾਂ ਉਸ ਨੇ ਬਸ ਏਨਾ ਹੀ ਕਿਹਾ, ‘ਪਤਾ ਨਹੀਂ, ਸਭ ਠੀਕ ਹੈ।’ ਇਸੇ ਦੌਰਾਨ ਉਸ ਦੇ ਪਤੀ ਤੇ ਫਤਹਿਗੜ੍ਹ ਜ਼ਿਲ੍ਹੇ ਦੇ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਸੀਟ ਲਈ ਤਾਂ ਉਸ ਦੀ ਆਪਣੀ ਤਿਆਰੀ ਸੀ ਪਰ ਇਹ ਹਲਕਾ ਮਹਿਲਾਵਾਂ ਲਈ ਰਾਖਵਾਂ ਹੋਣ ਕਾਰਨ  ਮਜਬੂਰਨ ਉਨ੍ਹਾਂ ਆਪਣੀ ਪਤਨੀ ਨੂੰ ਖੜ੍ਹਾ ਕੀਤਾ ਹੈ। ਇਕੱਠ ਵਿੱਚ ਸ਼ਾਮਲ ਪਿੰਡ ਜਮੀਤਗੜ੍ਹ ਦੇ ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਬਿਜਲੀ ਖੁਣੋਂ ਝੋਨੇ ਦੀ ਪਨੀਰੀ ਸੜ ਰਹੀ ਹੈ। ਸਰਕਾਰ ਤੀਸਰੇ ਦਿਨ ਬਾਅਦ ਦੁਪਹਿਰ 3.00 ਵਜੇ ਬਿਜਲੀ ਛੱਡਦੀ ਹੈ ਜਦਕਿ ਝੋਨੇ ਦੀ ਪਨੀਰੀ ਨੂੰ ਸਵੇਰੇ ਘੱਟੋ-ਘੱਟ ਇਕ ਘੰਟਾ ਪਾਣੀ ਲੋੜੀਂਦਾ ਹੈ। ਇਕ ਹੋਰ ਕਿਸਾਨ  ਜਸਜੀਤ ਸਿੰਘ ਨੇ ਤਰਲਾ ਮਾਰਿਆ ਕਿ ਘੱਟੋ-ਘੱਟ ਪਨੀਰੀ ਲਈ ਤਾਂ ਸਵੇਰੇ ਪਾਣੀ ਛੱਡਣ ਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਪਿੰਡ ਹੰਸਾਲੀ ਸਾਹਿਬ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਖੇੜਾ ਬਲਾਕ ਦੇ ਅਕਾਲੀ ਉਮੀਦਵਾਰ ਬਲਜੀਤ ਸਿੰਘ ਭੁੱਟਾ ਦੀ ਚੋਣ ਰੈਲੀ ਵਿੱਚ ਸ਼ਾਮਲ ਕਿਸਾਨਾਂ ਨੂੰ ਵੀ ਪਾਣੀ ਖੁਣੋਂ ਸੜ ਰਹੀ ਆਪਣੀ ਪਨੀਰੀ ਦੀ ਹੀ ਚਿੰਤਾ ਸੀ। ਇੱਥੇ ਮੌਜੂਦ ਪਿੰਡ ਦੇ ਸਾਬਕਾ ਸਰਪੰਚ ਹਰਨਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਦੀ ਮੰਦੀ ਹਾਲਤ ਹੋਣ ਕਾਰਨ ਪਨੀਰੀਆਂ ਸੁੱਕ ਰਹੀਆਂ ਹਨ। ਕਿਸਾਨ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਕਈ ਵਾਰ ਅੱਧੀ ਰਾਤ ਨੂੰ ਬਿਜਲੀ ਛੱਡੀ ਜਾਂਦੀ ਹੈ ਜਦਕਿ ਪਨੀਰੀ ਲਈ ਪਾਣੀ ਸਵੇਰੇ ਚਾਹੀਦਾ ਹੈ, ਸ਼ਾਮ ਨੂੰ ਪਾਣੀ ਸਗੋਂ ਕੱਢਣਾ ਪੈਂਦਾ ਹੈ। ਕਿਸਾਨ ਕਰਮਜੀਤ ਸਿੰਘ ਨੇ ਪੀਣ ਵਾਲੇ ਪਾਣੀ ਦੀਆਂ ਖਸਤਾ ਹਾਲਤ ਪਾਈਪਾਂ ਦੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਪਾਣੀ ਦਾ ਪ੍ਰੈਸ਼ਰ ਏਨਾ ਘੱਟ ਹੈ ਕਿ ਪੰਜ ਫੁੱਟ ਤੱਕ ਵੀ ਪਾਣੀ ਨਹੀਂ ਚੜ੍ਹਦਾ।
ਉਂਜ ਸ਼ਾਇਦ ਚੋਣਾਂ ਕਾਰਨ ਅੱਜ ਬਡਾਲੀ ਆਲਾ ਸਿੰਘ-ਸਾਧੂਗੜ੍ਹ ਮੁੱਖ ਸੜਕ ਉਪਰ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਸੀ। ਇਸ ਰੈਲੀ ਨੂੰ ਸੰਬੋਧਨ ਕਰਨ ਆਏ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲਬਾਤ ਦੌਰਾਨ ਮੰਨਿਆ ਕਿ ਸਵੇਰ ਵੇਲੇ ਬਿਜਲੀ ਨਾ ਆਉਣ ਕਾਰਨ ਪਨੀਰੀ ਉਪਰ ਮਾੜਾ ਅਸਰ ਪੈ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਇਕ-ਅੱਧੇ ਦਿਨ ਵਿੱਚ ਇਹ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਕੇਂਦਰ ਸਰਕਾਰ ਦੀ ਗਲਤ ਨੀਤੀ ਕਾਰਨ ਰੇਤਾ-ਬਜਰੀ ਦੀ ਪੈਦਾ ਹੋਈ ਕਿੱਲਤ ਕਰਕੇ ਰੁਕਿਆ ਪਿਆ ਹੈ, ਜੋ ਜਲਦੀ ਸ਼ੁਰੂ ਹੋ ਜਾਵੇਗਾ। ਦੂਸਰੇ ਪਾਸੇ ਫਤਹਿਗੜ੍ਹ ਸਾਹਿਬ ’ਚ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਹੱਥ ਹੈ। ਉਹ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਵਾਅਦਾਖ਼ਿਲਾਫ਼ੀਆਂ ਦਾ ਜ਼ਿਕਰ ਕਰਕੇ ਵੋਟਾਂ ਮੰਗ ਰਹੇ ਸਨ।

No comments: