jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 5 June 2013

ਸਾਕਾ ਨੀਲਾ ਤਾਰਾ ਦੇ 29 ਸਾਲ ਬਾਅਦ ਵੀ ਨਿਆਂ ਪ੍ਰਾਪਤੀ ਲਈ ਭਟਕ ਰਹੇ ਨੇ 133 ਪੀੜਤ ਦੁਕਾਨਦਾਰ

www.sabblok.blogspot.com

ਗਲਿਆਰਾ ਪ੍ਰਾਜੈਕਟ ਕਾਰਨ ਕਈ ਇਤਿਹਾਸਕ ਬਾਜ਼ਾਰ ਹੋਏ ਖ਼ਤਮ


ਅੰਮ੍ਰਿਤਸਰ ’ਚ ਅਕਾਲ ਤਖ਼ਤ ਦੇ ਪਿੱਛੋਂ ਲੰਘਦੀ ਸੜਕ ਜੋ ਕਿ ਗਲਿਆਰਾ ਸੁੰਦਰੀਕਰਨ ਪ੍ਰਾਜੈਕਟ ਦਾ ਹਿੱਸਾ ਹੈ
ਅੰਮ੍ਰਿਤਸਰ, 5 ਜੂਨ ਜਗਤਾਰ ਸਿੰਘ ਲਾਂਬਾ
1984 ’ਚ ਵਾਪਰੇ ਸਾਕਾ ਨੀਲਾ ਤਾਰਾ ਦੀ ਫੌਜੀ ਕਾਰਵਾਈ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਣਾਏ ਗਏ ਗਲਿਆਰੇ ਕਾਰਨ ਜਿੱਥੇ ਇੱਥੇ ਵੱਸਦੇ ਲੋਕ ਤੇ ਦੁਕਾਨਦਾਰ ਪ੍ਰਭਾਵਿਤ ਹੋਏ ਹਨ, ਉੱਥੇ ਹੀ ਗਲਿਆਰੇ ਵਿੱਚ ਆਉਣ ਕਾਰਨ ਕਈ ਇਤਿਹਾਸਕ ਬਾਜ਼ਾਰਾਂ ਤੇ ਗਲੀਆਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ ਜਿਸ ਕਾਰਨ ਇਸ ਇਲਾਕੇ ਦਾ ਪੁਰਾਤਨ ਸਰੂਪ ਪ੍ਰਭਾਵਿਤ ਹੋਇਆ ਹੈ।
ਜੂਨ 1984 ’ਚ ਹੋਏ ਸਾਕਾ ਨੀਲਾ ਤਾਰਾ ਤੇ 1988 ’ਚ ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਨੂੰ ਖੁੱਲ੍ਹਾ ਕਰਨ ਦੀ ਯੋਜਨਾ ਬਣਾਈ ਸੀ। ਉਸ ਵੇਲੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਸੁੰਦਰੀਕਰਨ ਯੋਜਨਾ ਦਾ ਨਾਂ ਦਿੱਤਾ ਗਿਆ ਤੇ ਕੇਂਦਰ ਸਰਕਾਰ ਵੱਲੋਂ ਯੋਜਨਾ ਨੂੰ ਮੁਕੰਮਲ ਕਰਨ ਲਈ 70 ਕਰੋੜ ਰੁਪਏ ਰੱਖੇ ਗਏ। ਇਸ ਯੋਜਨਾ ਨੂੰ ਪੰਜ ਪੜਾਵਾਂ ਵਿੱਚ ਵੰਡਿਆ ਗਿਆ। ਪਹਿਲੇ ਪੜਾਅ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 30 ਮੀਟਰ ਦੇ ਘੇਰੇ ਵਿੱਚ ਆਉਂਦੇ ਸੈਂਕੜੇ ਘਰ, ਵਪਾਰਕ ਅਦਾਰੇ ਤੇ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦੂਜੇ ਪੜਾਅ ਵਿੱਚ ਇਸ ਨੂੰ ਇਕ ਖੁੱਲ੍ਹਾ ਖੇਤਰ ਬਣਾ ਦਿੱਤਾ ਗਿਆ ਜਿਸ ਨੂੰ ਬਾਅਦ ਵਿੱਚ ਗਲਿਆਰੇ ਦਾ ਰੂਪ ਦੇ ਦਿੱਤਾ ਗਿਆ, ਜਿਸ ਤਹਿਤ ਇੱਥੇ ਹਰੀ ਪੱਟੀ ਸਥਾਪਤ ਕੀਤੀ ਗਈ।
ਅੱਜ ਤੋਂ ਲਗਪਗ ਢਾਈ-ਤਿੰਨ ਦਹਾਕੇ ਪਹਿਲਾਂ ਜਦੋਂ ਗਲਿਆਰਾ ਨਹੀਂ ਸੀ, ਉਸ ਵੇਲੇ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਵਧੇਰੇ ਰੌਣਕ ਵਾਲਾ ਵਪਾਰਕ ਇਲਾਕਾ ਹੁੰਦਾ ਸੀ। ਇੱਥੇ 18ਵੀਂ ਤੇ 19ਵੀਂ ਸਦੀ ਦੇ ਬਣੇ ਹੋਏ ਨਾਨਕਸ਼ਾਹੀ ਇੱਟਾਂ ਦੇ ਛੱਜਿਆਂ ਵਾਲੇ ਘਰ ਤੇ ਘਰਾਂ ਦੇ ਹੇਠਾਂ ਹੀ ਦੁਕਾਨਾਂ ਹੁੰਦੀਆਂ ਸਨ। ਭੀੜੇ ਬਾਜ਼ਾਰ ਤੇ ਤੰਗ ਗਲੀਆਂ ਪੁਰਾਤਨਤਾ ਦਾ ਨਜ਼ਾਰਾ ਪੇਸ਼ ਕਰਦੀਆਂ ਸਨ। ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲੀ ਮਾਰਕਿਟ, ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਬਣਿਆ ਮੋਚੀ ਬਾਜ਼ਾਰ ਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਵਧੇਰੇ ਰਿਹਾਇਸ਼ੀ ਇਲਾਕਾ ਸੀ, ਜਿੱਥੇ ਬਾਬਾ ਸਾਹਿਬ ਚੌਕ, ਕਟੜਾ ਦਲ ਸਿੰਘ, ਗੁਰਦੁਆਰਾ ਅਟੱਲ ਰਾਏ, ਗੁਰਦੁਆਰਾ ਕੌਲ ਸਰ ਨੇੜੇ ਤੰਗ ਗਲੀਆਂ ਦਾ ਜਾਲ ਸੀ, ਜਿਨ੍ਹਾਂ ਵਿੱਚ ਸੰਘਣੀ ਆਬਾਦੀ ਸੀ। ਇਸੇ ਤਰ੍ਹਾਂ ਅਕਾਲ ਤਖ਼ਤ ਵਾਲੇ ਪਾਸੇ ਥੜ੍ਹਾ ਸਾਹਿਬ ਬਾਜ਼ਾਰ, ਬਾਜ਼ਾਰ ਮੁਨਿਆਰਾ, ਝੂਠਾ ਬਾਜ਼ਾਰ,  ਬਾਜ਼ਾਰ ਮਾਈ ਸੇਵਾ, ਕਾਠੀਆਂ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ, ਸ਼ਹੀਦ ਮਾਰਕਿਟ, ਚੂੜੇ ਵਾਲਾ ਬਾਜਾਰ, ਆਟਾ ਮੰਡੀ ਬਾਜ਼ਾਰ ਆਦਿ ਸਨ ਜਿਨ੍ਹਾਂ ’ਚ ਉਸ ਵੇਲੇ ਦਿਨ ਰਾਤ ਆਵਾਜਾਈ ਰਹਿੰਦੀ ਸੀ। ਇਸੇ ਤਰ੍ਹਾਂ ਰਿਹਾਇਸ਼ੀ ਇਲਾਕਿਆਂ ’ਚ ਅਜਿਹੀਆਂ ਤੰਗ ਗਲੀਆਂ ਸਨ, ਜਿੱਥੇ ਮੁਸ਼ਕਿਲ ਨਾਲ ਧੁੱਪ ਆਉਂਦੀ ਸੀ ਅਤੇ ਭਰ ਗਰਮੀਆਂ ਵਿੱਚ ਵੀ ਇਹ ਘਰ ਠੰਢੇ ਰਹਿੰਦੇ।
ਗਲਿਆਰਾ ਯੋਜਨਾ ਤੋਂ ਬਾਅਦ ਇਸ ਇਲਾਕੇ ਦਾ ਪੁਰਾਤਨ ਸਰੂਪ ਖ਼ਤਮ ਹੋ ਗਿਆ। ਗਲਿਆਰਾ ਬਣਾਉਣ ਕਾਰਨ ਥੜ੍ਹਾ ਸਾਹਿਬ ਬਾਜ਼ਾਰ, ਝੂਠਾ ਬਾਜ਼ਾਰ, ਮੁਨਿਆਰਾ ਵਾਲਾ ਬਾਜ਼ਾਰ, ਮੋਚੀ ਬਾਜ਼ਾਰ, ਅਕਾਲੀ ਮਾਰਕਿਟ ਤੇ ਸ਼ਹੀਦ ਮਾਰਕਿਟ ਤਾਂ ਲਗਪਗ ਖ਼ਤਮ ਹੀ ਹੋ ਗਈਆਂ ਜਦੋਂਕਿ ਮਾਈ ਸੇਵਾ ਵਾਲਾ ਬਾਜ਼ਾਰ, ਕਾਠੀਆਂ ਵਾਲਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ ਤੇ ਆਟਾ ਮੰਡੀ ਬਾਜ਼ਾਰ ਦਾ ਵੀ ਵੱਡਾ ਹਿੱਸਾ ਖ਼ਤਮ ਹੋ ਗਿਆ। ਇਸੇ ਤਰ੍ਹਾਂ ਰਿਹਾਇਸ਼ੀ ਇਲਾਕਿਆਂ ਵਿੱਚੋਂ ਸੰਗਲ ਵਾਲੀ ਗਲੀ, ਮੁਨਿਆਰੇ ਵਾਲੀ ਗਲੀ, ਗਲੀ ਕੌਲਸਰ ਤੇ ਕਈ ਹੋਰਾਂ ਅਹਿਮ ਥਾਵਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ। ਕਟੜਾ ਦਲ ਸਿੰਘ ਤੇ ਬਾਬਾ ਸਾਹਿਬ ਚੌਕ ਦਾ ਅੱਧਾ ਰਿਹਾਇਸ਼ੀ ਇਲਾਕਾ ਵੀ ਖ਼ਤਮ ਹੋ ਗਿਆ ਹੈ।
ਇਸੇ ਇਲਾਕੇ ਵਿੱਚ ਰਹਿੰਦੇ ਰਹੇ ਸਨਅਤਕਾਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਸ ਇਲਾਕੇ ਵਿਚ ਰਹਿ ਰਿਹਾ ਸੀ। ਉਨ੍ਹਾਂ ਦਾ ਕਾਰੋਬਾਰ ਵੀ ਇੱਥੇ ਹੀ ਸੀ। ਉਸ ਵੇਲੇ ਗਲਿਆਰਾ ਬਣਨ ਕਾਰਨ ਉਨ੍ਹਾਂ ਨੂੰ ਆਪਣਾ ਘਰ ਵੇਚ ਕੇ ਹੋਰ ਇਲਾਕੇ ਵਿੱਚ ਲੈਣਾ ਪਿਆ ਤੇ ਕਾਰੋਬਾਰ ਵੀ ਬਾਹਰ ਤਬਦੀਲ ਕਰਨਾ ਪਿਆ। ਉਸ ਨੇ ਦੱਸਿਆ ਕਿ ਉਸ ਵੇਲੇ ਇਹ ਇਲਾਕਾ ਵਧੇਰੇ ਵਪਾਰਕ ਖੇਤਰ ਸੀ ਤੇ ਦਿਨ ਰਾਤ ਆਵਾਜਾਈ ਹੁੰਦੀ ਸੀ। ਬਾਜ਼ਾਰ ਮੁਨਿਆਰਾ ’ਚ ਉਸ ਵੇਲੇ ਗੁਰਮੁਖ ਸਿੰਘ, ਅਮੀਰ ਸਿੰਘ ਦੇ ਨਾਂ ’ਤੇ ਦੁਕਾਨ ਕਰਦੇ ਗੁਰਜੀਤ ਸਿੰਘ ਭੋਲਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਦੁਕਾਨ 1930 ਤੋਂ ਸਥਾਪਤ ਸੀ ਪਰ 1984 ਵਿੱਚ ਫੌਜੀ ਹਮਲੇ ਸਮੇਂ ਅੱਗ ਲੱਗਣ ਕਾਰਨ ਸੜ ਗਈ। ਉਸ ਵੇਲੇ ਅੰਦਰ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਲਿਆਰੇ ਦੇ ਬਣਨ ਕਾਰਨ ਇਸ ਇਲਾਕੇ ਵਿੱਚੋਂ ਕਈ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਹੋਂਦ ਖ਼ਤਮ ਹੋ ਗਈ ਹੈ, ਜਿਨ੍ਹਾਂ ਵਿੱਚ ਬੁੰਗਾ ਗਿਆਨੀ ਵੀ ਸ਼ਾਮਲ ਸੀ। ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਬਣੀ ਹੋਈ ਸੀ। ਉਨ੍ਹਾਂ ਆਖਿਆ ਕਿ ਇੱਥੇ ਗਲਿਆਰਾ ਬਣਨ ਕਾਰਨ ਇਸ ਇਲਾਕੇ ਦੇ ਕਈ ਪੁਰਾਣੇ ਬਾਜ਼ਾਰ ਤੇ ਗਲੀਆਂ ਵੀ ਖ਼ਤਮ ਹੋ ਗਈਆਂ ਹਨ, ਜਿਸ ਨੇ ਇਸ ਦੀ ਪੁਰਾਤਨਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਆਖਿਆ ਕਿ ਨਿਯਮਾਂ ਅਨੁਸਾਰ ਵਿਰਾਸਤੀ ਇਮਾਰਤਾਂ ਵਾਲੇ ਇਲਾਕੇ ਵਿੱਚ ਅਜਿਹਾ ਖੁੱਲ੍ਹਾ ਖੇਤਰ ਸਥਾਪਿਤ ਨਹੀਂ ਕੀਤਾ ਗਿਆ ਬਲਕਿ ਇੱਥੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਖੁੱਲ੍ਹਾ ਖੇਤਰ ਹੋਣ ਕਾਰਨ ਹੁਣ ਇੱਥੇ ਵਾਹਨਾਂ ਦੀ ਆਵਾਜਾਈ ਵਧ ਗਈ ਹੈ, ਜਿਸ ਕਾਰਨ ਪ੍ਰਦੂਸ਼ਣ ਵਧਿਆ ਹੈ। ਇਸੇ ਤਰ੍ਹਾਂ ਜ਼ਮੀਨ ਦੀ ਵਰਤੋਂ ਬਦਲੇ ਜਾਣ ਕਾਰਨ ਪੁਰਾਣੇ ਘਰਾਂ ਦੀ ਥਾਂ ਹੋਟਲ ਬਣ ਗਏ ਹਨ ਜਿਨ੍ਹਾਂ ਪ੍ਰਦੂਸ਼ਣ ਵਿੱਚ ਹੋਰ ਵਾਧਾ ਕੀਤਾ ਹੈ। ਇਸ ਪ੍ਰਦੂਸ਼ਣ ਦਾ ਸ੍ਰੀ ਹਰਿਮੰਦਰ ਸਾਹਿਬ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਭਾਵੇਂ ਸਰਕਾਰ ਨੇ ਘਰਾਂ ਤੇ ਦੁਕਾਨਾਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਸੀ ਪਰ ਕਿਰਾਏਦਾਰਾਂ ਨੂੰ ਕੁਝ ਵੀ ਨਹੀਂ ਮਿਲਿਆ ਜਿਸ ਦੇ ਸਿੱਟੇ ਵਜੋਂ ਅੱਜ ਵੀ 133 ਦੁਕਾਨਦਾਰ ਨਿਆਂ ਪ੍ਰਾਪਤੀ ਲਈ ਭਟਕ ਰਹੇ ਹਨ। ਇਨ੍ਹਾਂ ਵਿੱਚੋਂ ਨਿਆਂ ਦੀ ਉਡੀਕ ਕਰਦਿਆਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਦੁਕਾਨਦਾਰਾਂ ਦੀ ਜਥੇਬੰਦੀ ਬਲਿਊ ਸਟਾਰ ਟੈਨੇਂਟ ਮਰਚੈਂਟ ਸਫਰਰਜ਼ ਐਸੋਸੀਏਸ਼ਨ ਵੱਲੋਂ ਮੁਆਵਜ਼ਾ ਪ੍ਰਾਪਤੀ ਲਈ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ। ਅਦਾਲਤ ਨੇ ਪਿਛਲੇ ਵਰ੍ਹੇ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਇਨ੍ਹਾਂ ਪੀੜਤ ਕਿਰਾਏਦਾਰ ਦੁਕਾਨਦਾਰਾਂ ਨੂੰ ਢੁੱਕਵੀਂ ਥਾਂ ’ਤੇ ਦੁਕਾਨਾਂ ਦੇ ਕੇ ਮੁੜ ਵਸਾਇਆ ਜਾਵੇ ਪਰ ਹੁਣ ਤੱਕ ਇਸ ਦਿਸ਼ਾ ਵਿੱਚ ਕੋਈ ਯੋਗ ਕਾਰਵਾਈ ਨਹੀਂ ਹੋਈ।

No comments: