www.sabblok.blogspot.com
ਬਠਿੰਡਾ, 5 ਜੂਨ
ਬਠਿੰਡਾ ਪੁਲੀਸ ਨੇ ਬਕਾਇਆ ਤਨਖਾਹ ਮੰਗਣ ’ਤੇ ਅਧਿਆਪਕਾਂ ਨੂੰ ਫ਼ਰੀਦਕੋਟ ਜੇਲ੍ਹ ਭੇਜ
ਦਿੱਤਾ। ਹੁਣ ਜਦੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਆਏ ਹਨ ਤਾਂ ਇਨ੍ਹਾਂ
ਅਧਿਆਪਕਾਂ ਨੇ ਬਾਜ਼ੀ ਮਾਰੀ ਹੈ। ਜੇਲ੍ਹਾਂ ਵਿੱਚ ਬੰਦ ਅਧਿਆਪਕਾਂ ਦੇ ਨਤੀਜੇ ਸੌ ਫੀਸਦੀ ਆਏ
ਹਨ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਮਜ਼ਦੂਰ ਦਿਹਾੜੇ ’ਤੇ 13 ਮਹੀਨੇ ਦੀ ਤਨਖਾਹ
ਮੰਗਣ ਆਏ 84 ਅਧਿਆਪਕਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਫਰੀਦਕੋਟ ਜੇਲ੍ਹ ਭੇਜ ਦਿੱਤਾ
ਸੀ। ਜਦੋਂ ਨਜ਼ਰਬੰਦ ਅਧਿਆਪਕਾਂ ਦੀ ਰਿਹਾਈ ਲਈ ਪੰਜ ਮਈ ਨੂੰ ਪ੍ਰਦਰਸ਼ਨ ਕਰਨ ਹੋਰ ਅਧਿਆਪਕ
ਬਠਿੰਡਾ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਵੀ ਜੇਲ੍ਹ ਵਿਖਾ ਦਿੱਤੀ। ਇਨ੍ਹਾਂ
ਅਧਿਆਪਕਾਂ ਵਿੱਚ 43 ਮਹਿਲਾ ਅਧਿਆਪਕ ਵੀ ਹਨ।
‘ਪੰਜਾਬੀ ਟ੍ਰਿਬਿਊਨ’ ਵੱਲੋਂ ਜਦੋਂ ਇਨ੍ਹਾਂ ਅਧਿਆਪਕਾਂ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ
ਤਾਂ ਇਨ੍ਹਾਂ ਅਧਿਆਪਕਾਂ ਨੇ ਕਾਫੀ ਉਚੇ ਨਤੀਜੇ ਦਿੱਤੇ ਹਨ। ਦੱਦਾਹੂਰ ਸਕੂਲ ਦੇ ਅਧਿਆਪਕ
ਅਮਨਦੀਪ ਸਿੰਘ ਦਾ ਗਣਿਤ ਦਾ ਨਤੀਜਾ 100 ਫੀਸਦੀ ਹੈ ਜਦੋਂ ਕਿ ਪੁਲੀਸ ਨੇ ਇਸ ਅਧਿਆਪਕ ਨੂੰ
ਮਹੀਨੇ ਤੋਂ ਉਪਰ ਜੇਲ੍ਹ ਵਿੱਚ ਬੰਦ ਰੱਖਿਆ। ਐਸ.ਐਸ.ਏ,ਰਮਸਾ,ਸੀ.ਐਸ.ਐਚ ਟੀਚਰ ਯੂਨੀਅਨ
ਦੇ ਸੂਬਾ ਕਮੇਟੀ ਮੈਂਬਰ ਅਧਿਆਪਕ ਮਨਰਾਜ ਸਿੰਘ ਦਾ ਸਾਇੰਸ ਵਿਸ਼ੇ ਦਾ ਨਤੀਜਾ ਇਸ ਸਾਲ ਵੀ
100 ਫੀਸਦੀ ਰਿਹਾ ਹੈ। ਲੁਧਿਆਣਾ ਦੇ ਗਣਿਤ ਅਧਿਆਪਕ ਰਾਕੇਸ਼ ਦਾ ਐਤਕੀਂ ਦਸਵੀਂ ਦਾ ਨਤੀਜਾ
100 ਫੀਸਦੀ ਰਿਹਾ ਹੈ। ਤਰਨ ਤਾਰਨ ਦੇ ਪਿੰਡ ਆਸਲ ਉਤਾੜ ਦੇ ਹਿੰਦੀ ਅਧਿਆਪਕ ਦਲੀਪ ਕੁਮਾਰ
ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਦੇ ਹਿੰਦੀ ਅਧਿਆਪਕ ਬਗੀਚਾ ਸਿੰਘ ਦਾ ਨਤੀਜਾ ਸੌ
ਫੀਸਦੀ ਆਇਆ ਹੈ। ਮੋਗਾ ਦੇ ਪਿੰਡ ਖਾਈ ਦੇ ਸਕੂਲ ਦੇ ਪੰਜਾਬੀ ਅਧਿਆਪਕ ਅਮਨਦੀਪ ਸਿੰਘ ਦਾ
ਨਤੀਜਾ ਵੀ 100 ਫੀਸਦੀ ਰਿਹਾ ਹੈ। ਫਿਰੋਜ਼ਪੁਰ ਦੇ ਪਿੰਡ ਤਲਵੰਡੀ ਜੱਲੇ ਖਾਂ ਦੇ ਗਣਿਤ
ਅਧਿਆਪਕ ਗਗਨਦੀਪ ਸਿੰਘ ਦੇ ਸਾਰੇ ਵਿਦਿਆਰਥੀ ਪਾਸ ਹੋਏ ਹਨ। ਇਹ ਸਾਰੇ ਅਧਿਆਪਕ ਫ਼ਰੀਦਕੋਟ
ਜੇਲ੍ਹ ਵਿੱਚ ਡੱਕੇ ਗਏ ਸਨ। ਸਰਕਾਰੀ ਹਾਈ ਸਕੂਲ ਸਿਧਾਨਾ ਦੇ ਸਾਇੰਸ ਅਧਿਆਪਕ ਅਪਰ ਅਪਾਰ
ਸਿੰਘ ਦਾ ਨਤੀਜਾ 100 ਫੀਸਦੀ ਰਿਹਾ ਹੈ। ਇਹ ਅਧਿਆਪਕ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ
ਵੀ ਹੈ। ਇਸ ਅਧਿਆਪਕ ਦੇ ਦੋ ਵਿਦਿਆਰਥੀ ਵੀ ਆਪਣੇ ਗੁਰੂ ਦੀ ਰਿਹਾਈ ਖਾਤਰ ਸੰਘਰਸ਼ ਵਿੱਚ
ਕੁੱਦੇ ਸਨ। ਇਸੇ ਤਰ੍ਹਾਂ ਅਧਿਆਪਕ ਲੜਕੀਆਂ ਦਾ ਨਤੀਜਾ ਵੀ ਚੰਗਾ ਰਿਹਾ ਹੈ। ਯੂਨੀਅਨ ਦੇ
ਸੂਬਾ ਸਲਾਹਕਾਰ ਹਰਜੀਤ ਜੀਦਾ ਦਾ ਅੰਗਰੇਜ਼ੀ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਉਹ ਸਰਕਾਰੀ
ਹਾਈ ਸਕੂਲ ਸਿਧਾਨਾ ਵਿੱਚ ਅਧਿਆਪਕ ਹੈ। ਐਕਸ਼ਨ ਕਮੇਟੀ ਦੇ ਚੇਅਰਮੈਨ ਜੱਜਪਾਲ ਸਿੰਘ ਦਾ
ਸਮਾਜਿਕ ਸਿੱਖਿਆ ਦਾ ਨਤੀਜਾ 100 ਫੀਸਦੀ ਰਿਹਾ ਹੈ। ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸੁਖਦੀਪ
ਸਿੰਘ ਦਾ ਨਤੀਜਾ 100 ਫੀਸਦੀ ਅਤੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਦਾ
ਅੰਗਰੇਜ਼ੀ ਦਾ ਨਤੀਜਾ 92 ਫੀਸਦੀ ਰਿਹਾ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੀ ਪ੍ਰਧਾਨ
ਸੋਨਾਲੀ,ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਾ
ਇੰਚਾਰਜ ਖੁਸ਼ਵੰਤ ਸਿੰਘ ਦੀ ਸਾਇੰਸ ਇੰਸਪਾਇਰ ਐਵਾਰਡ ਵਿੱਚ ਹਰ ਸਾਲ ਪੁਜ਼ੀਸ਼ਨ ਆ ਰਹੀ ਹੈ।
ਯੂਨੀਅਨ ਦੇ ਸਲਾਹਕਾਰ ਹਰਜੀਤ ਜੀਦਾ ਕਹਿਣਾ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੀ ਬਕਾਇਆ
ਤਨਖਾਹ ਖਾਤਰ ਸਰਕਾਰੀ ਜ਼ਬਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਇੱਧਰ ਬੱਚਿਆਂ ਦੀ ਪੜ੍ਹਾਈ ਵਿੱਚ
ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੱਸਿਆ ਕਿ ਭਾਵੇਂ ਯੂਨੀਅਨ ਆਪਣੇ ਹੱਕਾਂ ਲਈ
ਸੰਘਰਸ਼ ਕਰ ਰਹੀ ਹੈ ਪਰ ਉਨ੍ਹਾਂ ਦੀ ਪਹਿਲੀ ਤਰਜੀਹ ਬੱਚਿਆਂ ਦੀ ਪੜ੍ਹਾਈ ਹੈ। ਉਨ੍ਹਾਂ
ਆਖਿਆ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਨੇ ਇਹ ਸਾਬਤ ਵੀ ਕਰ ਦਿੱਤਾ ਹੈ।
No comments:
Post a Comment