www.sabblok.blogspot.com
ਸ੍ਰੀ ਆਨੰਦਪੁਰ ਸਾਹਿਬ, 12 ਮਈ (ਪ.ਪ.): ਭਾਰਤੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ
ਖੇਤੀ ਖੇਤਰ ਨੂੰ ਵਿਸ਼ਵ ਬੈਂਕ ਦੀਆਂ ਹਿਦਾਇਤਾਂ ਅਨੁਸਾਰ ਕਿਸਾਨਾਂ ਹਥੋਂ ਕੱਢ ਕੇ
ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਦਿੱਤੇ ਜਾਣ ਦੀ ਸਾਜ਼ਿਸ਼ ਵਿਰੁੱਧ ਵੱਡੀ ਲਾਮਬੰਦੀ
ਅਤੇ ਸੰਘਰਸ਼ ਦਾ ਸੱਦਾ ਦਿੱਤਾ। ਇਸ ਕੈਂਪ ‘ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ.
ਬਲਬੀਰ ਸਿੰਘ ਰਾਜੇਵਾਲ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀ ਸੰਕਟ ਦੀਆਂ
ਚੁਣੌਤੀਆਂ ਵਿਰੁੱਧ ਲੜਨ ਲਈ ਪੰਜਾਬ ਦਾ ਹਰ ਪਿੰਡ ਘੱਟੋ ਘੱਟ ਪੰਜ ਵਲੰਟੀਅਰਜ਼ ਇਸ ਕਿਸਾਨੀ
ਸੰਘਰਸ਼ ਲਈ ਸਮਰਪਿਤ ਕਰੇ। ਇਸ ਸਾਲ ਕੁਦਰਤੀ ਕਰੋਪੀ ਕਾਰਨ ਕਣਕ ਦੀ ਫਸਲ ਦਾ ਝਾੜ ਘਟਣ
ਕਰਕੇ ਸਰਕਾਰ ਦੇ ਕਣਕ ਖਰੀਦਣ ਦੇ 140 ਲੱਖ ਟਨ ਦੇ ਟੀਚੇ ਨਾਲ ਪੰਜਾਬ ‘ਚ 35 ਲੱਖ ਟਨ ਕਣਕ
ਘੱਟ ਆਈ ਹੈ ਜਿਸ ਨਾਲ ਮੌਜੂਦਾ 1350 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਅਨੁਸਾਰ ਪੰਜਾਬ ਦੇ
ਕਿਸਾਨਾਂ ਦਾ 4725 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ ਪਰ ਹਰਿਆਣਾ ਸਰਕਾਰ ਅਨੁਸਾਰ
ਕਣਕ ਦੀ ਪੈਦਾਵਾਰੀ ਖਰਚਾ 1613 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਇਸ ਤਰ੍ਹਾਂ ਕੇਂਦਰ
ਸਰਕਾਰ ਵਲੋਂ 263 ਰੁਪਏ ਪ੍ਰਤੀ ਕੁਇੰਟਲ ਖਰਚਿਆਂ ਤੋਂ ਵੀ ਘੱਟ ਭਾਅ ਮਿੱਥਣ ਕਾਰਨ ਪੰਜਾਬ
ਦੇ ਕਿਸਾਨਾਂ ਨੂੰ 3642 ਕਰੋੜ ਰੁਪਏ ਦਾ ਹੋਰ ਘਾਟਾ ਪਿਆ ਹੈ। ਇਸ ਲਈ ਕੇਂਦਰ ਸਰਕਾਰ ਤੋਂ
ਮੰਗ ਕੀਤੀ ਗਈ ਹੈ ਕਿ ਉਹ ਕਿਸਾਨਾਂ ਨੂੰ ਇਹ ਘਾਟਾ ਪੂਰਾ ਕਰਨ ਲਈ ਘੱਟ ਤੋਂ ਘੱਟ 800
ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੁਰੰਤ ਹੀ ਬੋਨਸ ਦੀ ਅਦਾਇਗੀ ਕਰੇ। ਕਿਸਾਨ ਯੂਨੀਅਨ
ਵਲੋਂ ਕੇਂਦਰ ਸਰਕਾਰ ਨੂੰ ਖੇਤੀ ਖੇਤਰ ਲਈ ਡੀਜ਼ਲ, ਕੇਂਦਰੀ ਐਕਸਾਈਜ਼, ਕਸਟਮ ਡਿਊਟੀ ਅਤੇ
ਵੈਟ ਆਦਿ ਹਟਾ ਕੇ ਅੱਧੀ ਕੀਮਤ ‘ਤੇ ਡੀਜ਼ਲ ਸਪਲਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਲਈ
ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਪਾਸੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਅਜਿਹੇ
ਕਾਨੂੰਨ ਤੁਰੰਤ ਵਾਪਸ ਲਵੇ। ਐਤਵਾਰ ਨੂੰ ਇਜਲਾਸ ਵਿਚ ਜ਼ਿਲਾ ਪ੍ਰਧਾਨਾਂ ਵਿਚ ਗੁਰਜੰਟ
ਸਿੰਘ ਮੰਗਵਾਲ, ਹਰਦੇਵ ਸਿੰਘ ਹੁਸ਼ਿਆਰਪੁਰ, ਗੁਰਬਖਸ਼ ਸਿੰਘ ਗੁਰਦਾਸਪੁਰ, ਉਮਰਾਜ ਸਿੰਘ
ਅੰਮ੍ਰਿਤਸਰ, ਨਰਿੰਦਰਜੀਤ ਸਿੰਘ ਈਸੜੂ ਲੁਧਿਆਣਾ, ਦੀਦਾਰ ਸਿੰਘ ਫਿਰੋਜ਼ਪੁਰ, ਸਾਰਜ ਸਿੰਘ
ਮੋਗਾ, ਹਰਜੀਤ ਸਿੰਘ ਡੂਮਛੇੜੀ ਰੋਪੜ, ਅਮਰ ਸਿੰਘ ਛੀਨੀਵਾਲ ਬਰਨਾਲਾ ਅਤੇ ਹੋਰ ਸ਼ਾਮਲ ਸਨ।




No comments:
Post a Comment