
ਚੰਡੀਗੜ੍ਹ 12 ਮਈ (ਸੁਰਜੀਤ ਸਿੰਘ): ਕਾਂਗਰਸ ਵਲੋਂ ਦਰਕਿਨਾਰ ਕੀਤੇ ਪੰਜਾਬ ਦੇ ਸਾਬਕਾ
ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੁਣ ਜੱਟ ਸਭਾ ਵਿਚ
ਆਪਣੀ ਕਾਰਗੁਜ਼ਾਰੀ ਦਿਖਾਉਣਗੇ। ਬੀਤੇ ਦਿਨ ਸ਼ਿਮਲਾ ਵਿਚ ਹੋਈ ਆਲ ਇੰਡੀਆ ਜੱਟ ਮਹਾਸਭਾ
ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਸਬੰਧੀ ਮਤਾ
ਪੇਸ਼ ਕਰਦੇ ਹੋਏ ਮਹਾਸਭਾ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਨੇ ਕਿਹਾ ਕਿ ਇਹ ਸਮਾਜ
ਵਾਸਤੇ ਮਾਣ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ
ਕਿਹਾ ਕਿ ਕੈਪਟਨ ਅਮਰਿੰਦਰ ਅਜਿਹੀਆਂ ਸ਼ਖਸੀਅਤਾਂ ‘ਚੋਂ ਹਨ ਜਿਨ੍ਹਾਂ ਨੂੰ ਦੇਸ਼ ਨਹੀਂ,
ਵਿਦੇਸ਼ਾਂ ‘ਚ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਕੈਪਟਨ ਅਮਰਿੰਦਰ
ਦੀ ਅਗਵਾਈ ਹੇਠ ਮਹਾਸਭਾ ਲਟਕੇ ਮਾਮਲਿਆਂ ਨੂੰ ਸਫਲਤਾਪੂਰਵਕ ਲਾਗੂ ਕਰਵਾ ਸਕੇਗੀ। ਇਸ ਮਤੇ
ਨੂੰ ਪਾਸ ਕਰਨ ਮੌਕੇ ਵੱਖ-ਵੱਖ ਸੂਬਿਆਂ ਦੇ ਪ੍ਰਧਾਨ ਤੇ ਡੈਲੀਗੇਟ ਮੌਜੂਦ ਸਨ। ਕੈਪਟਨ
ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਇਸ ਨਿਯੁਕਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੱਟ ਮਹਾਸਭਾ ਇਕ ਗੈਰ-ਸਿਆਸੀ ਸੰਸਥਾ ਹੈ ਜਿਸ ਦਾ ਟੀਚਾ ਸਮਾਜ ‘ਚ
ਸੁਧਾਰ ਕਰਨਾ ਤੇ ਸਮਾਜਿਕ ਬੁਰਾਈਆਂ ਵਿਰੁੱਧ ਲੜਨਾ ਹੈ। ਇਸ ਦੇ ਮੈਂਬਰ ਵੱਖ-ਵੱਖ ਸਿਆਸੀ
ਸੋਚਾਂ ਨਾਲ ਸੰਬੰਧਿਤ ਹਨ। ਉਨ੍ਹਾਂ ਨੇ ਕਿਹਾ ਕਿ ਜੱਟ ਸਿੱਖ ਸਮਾਜ ਨੂੰ ਹੋਰ ਪਛੜੀਆਂ
ਸ਼੍ਰੇਣੀਆਂ (ਓ. ਬੀ. ਸੀ.) ਤਹਿਤ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ
ਜ਼ਮੀਨਾਂ ਦੀ ਘਾਟ ਪੈਣ ਕਾਰਨ ਸਮਾਜ ਨਾਲ ਸੰਬੰਧਿਤ ਵੱਡੀ ਗਿਣਤੀ ‘ਚ ਲੋਕ ਗਰੀਬੀ ਰੇਖਾ ਦੇ
ਹੇਠਾਂ ਪਹੁੰਚ ਗਏ ਹਨ। ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਭਾਰਤ
ਸਰਕਾਰ ਨੇ ਰਿਜ਼ਰਵੇਸ਼ਨ ਲਾਗੂ ਕੀਤੀ ਹੈ ਤਾਂ ਫਿਰ ਇਸ ਨੂੰ ਰਾਸ਼ਟਰੀ ਪੱਧਰ ‘ਤੇ ਕਿਉਂ
ਨਹੀਂ ਲਾਗੂ ਕੀਤਾ ਗਿਆ? ਜਦ ਕਿ ਰਾਜਸਥਾਨ, ਹਰਿਆਣਾ, ਦਿੱਲੀ ਤੇ ਮੱਧ ਪ੍ਰਦੇਸ਼ ਵਰਗੇ
ਸੂਬੇ ਪਹਿਲਾਂ ਹੀ ਜੱਟ ਸਮਾਜ ਨੂੰ ਰਿਜ਼ਰਵੇਸ਼ਨ ਦੇ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ
ਇਲਾਵਾ ਰਾਜਾ ਰਾਮ, ਰਾਕੇਸ਼ ਟਕੈਤ, ਜਨਰਲ ਐੱਸ. ਐੱਸ. ਅਹਿਲਾਵਤ, ਸ਼ਕਤੀ ਸਿੰਘ, ਹਰਪਾਲ
ਸਿੰਘ, ਰੇਣੂ ਦਲਜੀਤ ਸਿੰਘ, ਸੁਰਿੰਦਰ ਕੌਰ ਸੰਧੂ ਆਦਿ ਵੀ ਮੌਜੂਦ ਰਹੇ।
No comments:
Post a Comment