ਹੁਕਮ ਚੰਦ ਸ਼ਰਮਾ , ਬਠਿੰਡਾ-ਬਠਿੰਡਾ ਵਿਚ ਅੱਜ ਦੁਪਹਿਰ ਸਮੇਂ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਗਰਮੀ ਦਾ ਕਹਿਰ ਵੱਧਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅੱਜ ਰੇਲਵੇ ਸਟੇਸ਼ਨ 'ਤੇ 2 ਪ੍ਰਵਾਸ਼ੀ ਮਜ਼ਦੂਰ ਗਰਮੀ ਲੱਗਣ ਨਾਲ ਬੇਹੋਸ਼ ਹੋ ਕੇ ਜਿਨ੍ਹਾਂ ਨੂੰ ਸਹਾਰਾ ਜਨ ਸੇਵਾ, ਸਵੈ ਸੇਵੀ ਜਥੇਬੰਦੀਆਂ ਦੇ ਵਲੰਟੀਅਰਾਂ ਨੇ ਬਰਫ਼ ਪੱਟੀਆਂ ਕਰਕੇ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ। ਗਰਮੀ ਲੱਗਣ ਨਾਲ ਬੁਖ਼ਾਰ ਹੋਣ ਕਰਕੇ ਵੱਡੀ ਗਿਣਤੀ ਵਿਚ ਮਰੀਜ਼ ਹਸਪਤਾਲਾਂ ਵਿਚ ਪਹੁੰਚ ਰਹੇ ਹਨ। ਡਾਕਟਰਾਂ ਨੇ ਲੋਕਾਂ ਨੂੰ ਗਰਮ ਲੂੰ ਤੋਂ ਬਚਣ ਲਈ ਨਿੰਬੂ ਪਾਣੀ ਦੀ ਵਰਤੋਂ ਦੀ ਸਲਾਹ ਦਿੱਤੀ ਹੈ ਤੇ ਬਾਹਰ ਧੁੱਪ ਵਿਚ ਨਾ ਨਿੱਕਲਣ ਦੀ ਸਲਾਹ ਦਿੱਤੀ ਹੈ। ਵੱਧ ਰਹੀ ਗਰਮੀ ਕਾਰਨ ਸ਼ਹਿਰ ਅਤੇ ਇਲਾਕੇ ਵਿਚ ਪੀਣ ਦੇ ਪਾਣੀ ਦੀ ਸਮੱਸਿਆ ਵੀ ਵੱਧ ਰਹੀ ਹੈ ਅਤੇ ਬਿਜਲੀ ਕੱਟਾਂ ਨਾਲ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।
ਗਰਮੀ ਕਾਰਨ ਕਪਾਹ ਦੀ ਨਵੀਂ ਬੀਜੀ ਫ਼ਸਲ ਝੁਲਸ ਰਹੀ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿਚ ਤਾਪਮਾਨ ਵਿਚ ਹੋਰ ਵਾਧਾ ਹੋ ਸਕਦਾ ਹੈ।