
ਬਠਿੰਡਾ, 12 ਮਈ (ਪ.ਪ.): ਸਾਕਾ ਦਰਬਾਰਾ ਸਾਹਿਬ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ
ਮਾਮਲਾ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ਤੇ ਸਿੱਖ
ਧਾਰਮਿਕ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਜਾ ਰਹੀ
ਹੈ ਉਥੇ ਹੀ ਇਸ ਮਾਮਲੇ ਵਿੱਚ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾਂ ਨੇ ਬਠਿੰਡਾ
ਦੌਰੇ ਦੌਰਾਨ ਪੱਤਰਕਾਰ ਵਾਰਤਾ ਵਿੱਚ ਭਾਜਪਾ ਦੇ ਸਟੈਂਡ ਨੂੰ ਸਪਸ਼ਟ ਕਰਦਿਆਂ ਸਾਫ ਕਿਹਾ
ਕਿ ਆਪ੍ਰੇਸ਼ਨ ਬਲਿਯੂ ਸਟਾਰ ਯਾਦਗਾਰ ਦਾ ਭਾਜਪਾ ਵਿਰੋਧ ਕਰਦੀ ਆਈ ਹੈ ਤੇ ਕਰਦੀ ਰਹੇਗੀ ਪਰ
ਇਸ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਲਈ ਪੰਜਾਬ ਸਰਕਾਰ ਗੰਭੀਰਤਾ ਨਾਲ ਯਤਨ ਕਰ
ਰਹੀ ਹੈ ਤੇ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੁੱਝ ਸਮਾਂ ਦੇਣਾ ਚਾਹੀਦਾ
ਹੈ ਕਿਉਂਕਿ ਉਹ ਵੀ ਅਜਿਹਾ ਨਹੀਂ ਚਾਹੁੰਦੇ ਤੇ ਉਹਨਾਂ ਦੋ ਟੁੱਕ ਕਿਹਾ ਕਿ ”ਯਾਦਗਾਰ
ਮਾਮਲੇ ਤੇ ਜੋ ਮੇਰੇ ਮਨ ਵਿੱਚ ਹੈ ਉਹੀ ਮੁੱਖ ਮੰਤਰੀ ਸਾਹਿਬ ਦੇ ਮਨ ਵਿੱਚ ਹੈ ਜਰੂਰ
ਕਾਮਯਾਬ ਹੋਵਾਂਗੇ ਤੇ ਇਸ ਮਾਮਲੇ ਵਿੱਚ ਕੀਤੇ ਗਏ ਵਿਰੋਧ ਕਾਰਨ ਕੁੱਝ ਮਸਲਾ ਹੱਲ ਹੋ ਗਿਆ
ਤੇ ਕੁੱਝ ਹੋਰ ਹੋ ਜਾਵੇਗਾ”। ਇਸ ਮਾਮਲੇ ਦੇ ਹੱਲ ਲਈ ਜੋ ਕਮੇਟੀ ਬਣਾਈ ਗਈ ਹੈ ਉਹ ਸਾਰੇ
ਮਾਮਲੇ ਨੂੰ ਹੱਲ ਕਰੇਗੀ। ਪਰ ਉਹ ਸਮੂਹ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ
ਅਪੀਲ ਕਰਦੇ ਹਨ ਕਿ ਪੰਜਾਬ ਜੋ ਲੰਬਾ ਸਮਾਂ ਕਾਲੇ ਦੌਰ ਵਿੱਚੋਂ ਗੁਜਰਿਆ ਤੇ ਅੱਜ
ਖੁਸ਼ਹਾਲ ਪੰਜਾਬ ਹੈ ਤੇ ਇਸ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਸ਼ਰਾਰਤੀ ਅਨਸਰਾਂ ਦੀਆਂ
ਸਾਜਿਸ਼ਾਂ ਤੋਂ ਸੁਚੇਤ ਹੋਕੇ ਅਮਨ ਸ਼ਾਂਤੀ, ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕੰਮ ਕਰਨਾ
ਚਾਹੀਦਾ ਹੈ ਕਿਉਂਕਿ ਅੱਜ ਵੀ ਪੰਜਾਬ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ
ਹਨ। 84 ਕਤਲੇਆਮ ਮਾਮਲੇ ਤੇ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਨੂੰ ਮੰਦਭਾਗਾ
ਕਰਾਰ ਦਿੰਦਿਆਂ ਉਹਨਾ ਕਿਹਾ ਕਿ ਸਵ.ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਉਸ ਸਮੇਂ
ਦਿੱਤਾ ਬਿਆਨ ਕਿ ”ਜਦੋਂ ਕੋਈ ਵੱਡਾ ਦਰੱਖਤ ਹਿਲਦੈ ਤਾਂ ਧਰਤੀ ਕੰਬਦੀ ਹੀ ਹੈ ” ਅੱਜ ਸੱਚ
ਸਾਬਤ ਹੋ ਰਿਹਾ ਹੈ ਤੇ ਸਿੱਖਾਂ ਪ੍ਰਤੀ ਕਾਂਗਰਸ ਦੇ ਮਨ ਵਿੱਚ ਜੋ ਨਫਰਤ ਹੈ ਉਹ ਸਾਹਮਣੇ ਆ
ਗਈ। ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ
ਕਰਵਾਈ ਜਾਵੇ ਕਿਉਂਕਿ ਸੀ.ਬੀ.ਆਈ. ਤੇ ਦੇਸ਼ ਵਾਸੀਆਂ ਨੂੰ ਭਰੋਸਾ ਨਹੀਂ ਰਿਹਾ।
No comments:
Post a Comment