jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਪੰਥ ਦਾ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ

www.sabblok.blogspot.com

C

ਦਿੱਲੀ ਦੇ ਲਾਲ ਕਿਲੇ ਤੇ ਖ਼ਾਲਸਾ ਰਾਜ ਦਾ ਝੰਡਾ ਝੁਲਾਉਣ ਵਾਲਾ

''ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫ਼ੌਜ
ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮੌਜ''


ਡਾ. ਗੁਰਬਚਨ ਸਿੰਘ ਨਈਅਰ

ਅਠਾਰ੍ਹਵੀਂ ਸਦੀ ਵਿਚ ਬਾਬਾ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਦੀ ਭਾਰਤੀ ਸਮਾਜ ਅਤੇ ਸਭਿਆਚਾਰ ਦੀ ਰੱਖਿਆ ਲਈ ਲੜੀ ਜਦੋ-ਜਹਿਦ ਨੇ ਮੁਗਲ ਹਕੂਮਤ ਦੀ ਜਾਬਰ ਨੀਤੀ ਨੂੰ ਇਕ ਸ਼ਕਤੀਸ਼ਾਲੀ ਚੁਣੌਤੀ ਦਿੱਤੀ ਸੀ। ਇਸ ਸੰਘਰਸ਼ ਨੇ ਅਫ਼ਗਾਨਾਂ ਦੇ ਹਮਲਿਆਂ ਦੇ ਵੀ ਮੂੰਹ ਮੋੜ ਦਿੱਤੇ ਸਨ। ਉਸ ਦੇ ਯਤਨਾਂ ਦਾ ਹੀ ਸਿੱਟਾ ਸੀ ਕਿ ਭਾਰਤ ਦੀ ਧਰਤੀ ਉਤੇ ਮੁਗਲਾਂ ਅਤੇ ਅਫ਼ਗਾਨਾਂ ਦੀਆਂ ਸਫਾਂ ਸਮੇਟੀਆਂ ਗਈਆਂ। ਇਸ ਸੰਘਰਸ਼ ਵਿਚ ਸਿੱਖ ਮਿਸਲਾਂ ਨੇ ਇਤਿਹਾਸਕ ਰੋਲ ਅਦਾ ਕੀਤਾ ਤੇ ਵੱਖ-ਵੱਖ ਮਿਸਲਾਂ ਨੂੰ ਇਤਿਹਾਸਕ ਰੋਲ ਅਦਾ ਕਰਨ ਲਈ ਜਥੇਬੰਦ ਕਰਨ ਦਾ ਕਾਰਨਾਮਾ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਕਰ ਵਿਖਾਇਆ। ਇਨ੍ਹਾਂ ਕਾਰਨਾਮਿਆਂ ਸਦਕਾ ਬਾਬਾ ਜੱਸਾ ਸਿੰਘ ਸਾਡੇ ਦੇਸ਼ ਦਾ ਕੌਮੀ ਨਾਇਕ ਹੈ ਜਿਸ ਉਤੇ ਸਾਰੇ ਭਾਰਤੀਆਂ ਨੂੰ ਮਾਣ ਕਰਨਾ ਚਾਹੀਦਾ ਹੈ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਲਾਹੌਰ ਨੇੜੇ ਆਹਲੂ ਪਿੰਡ ਦਾ ਜੰਮਪਲ ਅਤੇ ਆਪਣੇ ਮਾਮੇ ਭਾਗ ਸਿੰਘ ਦਾ ਵਾਰਿਸ ਸੀ। ਬਾਬਾ ਜੱਸਾ ਸਿੰਘ ਦੀ ਮਾਂ ਆਪਣੇ ਪਤੀ ਦੀ ਮੌਤ ਉਪਰੰਤ ਜੱਸਾ ਸਿੰਘ ਨੂੰ 1723 ਵਿਚ ਦਿਲੀ ਇਸ ਲਈ ਲੈ ਗਈ ਤਾਂ ਜੁ ਉਥੇ ਨਿਵਾਸ ਕਰ ਰਹੀ ਗੁਰੂ ਗੋਬਿੰਦ ਸਿੰਘ ਦੀ ਸੁਪਤਨੀ ਮਾਤਾ ਸੁੰਦਰੀ ਜੀ ਦੀ ਅਸ਼ੀਰਵਾਦ ਪ੍ਰਾਪਤ ਕੀਤੀ ਜਾ ਸਕੇ। ਬਾਬਾ ਜੱਸਾ ਸਿੰਘ ਉਥੇ ਸੱਤ ਸਾਲ ਰਹਿਣ ਦੇ ਦੌਰਾਨ ਪੰਥ ਦੀਆਂ ਉੱਘੀਆਂ ਹਸਤੀਆਂ ਦੇ ਸੰਪਰਕ ਵਿਚ ਆਇਆ। ਨਵਾਬ ਕਪੂਰ ਸਿੰਘ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਉਹ ਬੜਾ ਸੁਨੱਖਾ ਅਤੇ ਕਦਵਾਰ ਜਵਾਨ ਹੋਣ ਵਜੋਂ ਸਭ ਦਾ ਧਿਆਨ ਖਿੱਚਣ ਲਗਿਆ। ਉਸ ਨੇ ਅਫ਼ਗਾਨਾਂ ਅਤੇ ਮੁਗਲਾਂ ਵਿਰੁੱਧ ਖਾਲਸੇ ਦੀਆਂ ਮੁਹਿੰਮਾਂ ਵਿਚ ਬਹਾਦਰੀ ਦੇ ਕਾਰਨਾਮੇ ਵਿਖਾ ਕੇ ਸਭ ਦਾ ਧਿਆਨ ਖਿਚ ਲਿਆ। 1739 ਵਿਚ ਉਸ ਨੇ ਨਾਦਰ ਸ਼ਾਹ ਨੂੰ ਵੰਗਾਰਿਆ ਅਤੇ ਉਸ ਦੀ ਵਾਪਸ ਮੁੜਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਕੇ ਲੁੱਟ ਦੇ ਮਾਲ ਨੂੰ ਲੁੱਟ ਲਿਆ। ਜਸਪਤ ਰਾਏ ਦੇ ਭਰਾ ਲਖਪਤ ਰਾਏ ਨਾਲ ਕਾਹਨੂਵਾਲ ਵਿਖੇ ਲੜੀ ਗਈ ਲੜਾਈ ਵਿਚ ਉਸ ਨੇ ਮੋਹਰੀ ਰੋਲ ਅਦਾ ਕੀਤਾ। ਰਤਨ ਸਿੰਘ ਭੰਗੂ ਅਨੁਸਾਰ ਵੱਡੇ ਘਲੂਘਾਰੇ ਵਿਚ ਬਾਬਾ ਜੱਸਾ ਸਿੰਘ ਨੇ ਸੁਰੱਖਿਆ ਦੇ ਨਵੇਂ ਪੈਂਤੜੇ ਦਸ ਕੇ ਖਾਲਸੇ ਦੇ ਵੱਡੇ ਹਿੱਸੇ ਨੂੰ ਮੌਤ ਦੀ ਭੇਂਟ ਹੋਣ ਤੋਂ ਬਚਾ ਲਿਆ। ਇਵੇਂ ਬਾਬਾ ਜੱਸਾ ਸਿੰਘ ਮਿਸਲਾਂ ਦੇ ਪਹਿਲੇ ਦੌਰ ਵਿਚ ਹੀ ਪ੍ਰਸਿੱਧ ਹੋ ਗਿਆ ਸੀ। ਨਵਾਬ ਕਪੂਰ ਸਿੰਘ ਦੀ ਫੈਜ਼ਲਪੁਰੀਆ ਮਿਸਲ ਉਸ ਦੇ ਕਾਲਵਸ ਹੋਣ ਉਪਰੰਤ ਕਮਜ਼ੋਰ ਹੋ ਗਈ। ਹੁਣ ਤਕ ਬਾਬਾ ਜੱਸਾ ਸਿੰਘ ਲੜਾਈ ਵਿਚ ਨਿਪੁੰਨ ਹੋ ਗਿਆ ਸੀ ਅਤੇ ਉਸ ਨੇ ਆਪਣੇ ਯਤਨਾਂ ਨਾਲ ਮਾਝੇ ਵਿਚ ਸਰਹਾਲੀ, ਅਲੋਕੇ, ਆਦਿ ਇਲਾਕੇ ਵਿਚ ਆਪਣੇ ਕਬਜ਼ੇ ਵਿਚ ਕਰ ਲਏ। ਕੁਝ ਚਿਰ ਮਗਰੋਂ ਉਸ ਨੇ ਫਤਿਹਾਬਾਦ, ਜਲਾਲਾਪੁਰ, ਗੋਇੰਦਵਾਲ, ਬਟਾਲਾ, ਤਰਨਤਾਰਨ ਅਤੇ ਖਡੂਰ ਸਾਹਿਬ ਤੱਕ ਦਾ ਇਲਾਕਾ ਵੀ ਮਲ ਲਿਆ। ਉਸ ਨੇ ਬਿਆਸ ਉਲੰਘ ਕੇ ਸੁਲਤਾਨਪੁਰ ਅਤੇ ਤਲਵੰਡੀ ਵੀ ਜਿੱਤ ਲਏ। ਹੁਣ ਉਸ ਦੀ ਮਰਜ਼ੀ ਰਾਏ ਇਬਰਾਹੀਮ ਦੇ ਇਲਾਕੇ ਕਪੂਰਥਲੇ ਨੂੰ ਆਪਣੇ ਅਧੀਨ ਕਰਨ ਦੀ ਸੀ। ਇਸ ਇੱਛਾ ਦੀ ਪੂਰਤੀ ਲਈ ਉਸ ਨੇ ਕਈ ਲੜਾਈਆਂ ਲੜੀਆਂ ਅਤੇ ਅੰਤ ਨੂੰ ਕਪੂਰਥਲਾ ਆਪਣੇ ਅਧੀਨ ਕਰ ਲਿਆ ਜਿਹੜਾ ਮਗਰੋਂ ਉਸ ਦੀ ਰਾਜਧਾਨੀ ਬਣਿਆ। ਫਗਵਾੜਾ ਦੇ ਜ਼ਿੰਮੀਦਾਰ, ਉੜਮੁੜ, ਯਾਹੀਆਪੁਰ ਅਤੇ ਟਾਂਡਾ ਦੇ ਅਫ਼ਗਾਨਾਂ ਨੇ ਉਸ ਦੀ ਈਨ ਮੰਨ ਲਈ ਅਤੇ ਉਹ ਨਜ਼ਰਾਨਾ ਦੇਣਾ ਮੰਨ ਗਏ। ਉਸ ਨੇ ਸਤਲੁਜ ਪਾਰ ਕਰਕੇ ਕੋਟ ਈਸਾ ਖਾਨ ਉਤੇ ਕਬਜ਼ਾ ਕਰ ਲਿਆ ਅਤੇ ਜਗਰਾਓਂ ਦੇ ਰਾਏ ਨੂੰ ਵੀ ਆਪਣੀ ਈਨ ਮੰਨਵਾ ਲਈ। ਇਵੇਂ ਦੋਆਬਾ ਬਿਸਤ ਜਲੰਧਰ ਵਿਚ ਬਾਬਾ ਜੱਸਾ ਸਿੰਘ ਆਹੂਲਵਾਲੀਆ ਦੇ ਨਾਂ ਦਾ ਡੰਕਾ ਵਜਣ ਲੱਗਿਆ। ਉਸ ਸਮੇਂ ਕਿਸੇ ਹੋਰ ਸਰਦਾਰ ਵਿਚ ਜੱਸਾ ਸਿੰਘ ਨੂੰ ਵੰਗਾਰਨ ਦੀ ਹਿੰਮਤ ਨਹੀਂ ਸੀ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਕ ਕੌਮੀ ਨਾਇਕ ਵਜੋਂ ਵਿਚਾਰਨ ਤੋਂ ਪਹਿਲਾਂ ਉਸ ਦੇ ਸਮਕਾਲ ਵਿਚ ਰਾਜਨੀਤਕ ਸਥਿਤੀ ਅਤੇ ਦਲ ਖਾਲਸਾ ਦੇ ਕਾਰਜਾਂ ਵਿਚ ਉਸ ਦੇ ਪਾਏ ਯੋਗਦਾਨ ਨੂੰ ਸਮਝਣਾ ਜ਼ਰੂਰੀ ਹੈ। ਜਿੱਥੇ ਇਕ ਪਾਸੇ ਬਾਬਾ ਜੱਸਾ ਸਿੰਘ ਸਰਹਿੰਦ, ਲਾਹੌਰ ਅਤੇ ਮੁਲਤਾਨ ਦੇ ਮੁਗਲ ਸੂਬੇਦਾਰਾਂ ਦਾ ਟਾਕਰਾ ਕਰ ਰਿਹਾ ਸੀ। ਉਥੇ ਦੂਜੇ ਪਾਸੇ ਅਫਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਉਸ ਦਾ ਖੁਰਾਖੋਜ ਮਿਟਾਉਣ ਉੱਤੇ ਤੁਲਿਆ ਹੋਇਆ ਸੀ। ਅੰਗਰੇਜ਼ਾਂ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ ਕੋਈ ਖਤਰਾ ਨਹੀਂ ਸੀ ਅਤੇ ਉਹ ਜਾਣਦੇ ਸਨ ਕਿ ਸਿੱਖ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਤੋਂ ਅੱਗੇ ਨਹੀਂ ਵੱਧਣ ਦੇਣਗੇ ਇਸੇ ਲਈ ਅੰਗਰੇਜ਼ ਬਾਕੀ ਭਾਰਤ ਉੱਤੇ ਆਪਣਾ ਕਬਜ਼ਾ ਮਜ਼ਬੂਤ ਕਰਨ ਵਿਚ ਰੁਝੇ ਰਹੇ। ਬਾਬਾ ਜੱਸਾ ਸਿੰਘ ਵਲੋਂ ਦਲ ਖਾਲਸਾ ਦਾ ਆਗੂ ਬਣ ਕੇ ਜੈਪੁਰ ਅਤੇ ਬੀਕਾਨੇਰ ਦੇ ਰਾਜਪੂਤ ਹਾਕਮਾਂ ਵਿਰੁੱਧ ਲੜਾਈਆਂ ਲੜਨ ਦੇ ਵੀ ਅਨੇਕਾਂ ਹਵਾਲੇ ਮਿਲਦੇ ਹਨ। ਸਿੱਖਾਂ ਦੇ ਜੈਪੁਰ ਦੇ ਮਹਾਰਾਜ ਨਾਲ ਸੰਬੰਧਾਂ ਬਾਰੇ ਅਖਬਾਰਾਤ ਵਿਚ ਅਨੇਕਾਂ ਵੇਰਵੇ ਮਿਲਦੇ ਹਨ। ਕਿਹਾ ਜਾਂਦਾ ਹੈ ਕਿ ਜੈਪੁਰ ਅਤੇ ਜੋਧਪੁਰ ਦੇ ਹਾਕਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਮੁਗਲਾਂ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਸੀ। ਰਾਜਪੂਤ ਰਿਆਸਤਾਂ ਨੇ ਇਕ ਸੋਚੀ ਸਮਝੀ ਨੀਤੀ ਅਨੁਸਾਰ ਸਿੱਖਾਂ ਨੂੰ ਮੁਗਲਾਂ ਵਿਰੁੱਧ ਸ਼ੰਘਰਸ਼ ਕਰਨ ਦਾ ਉਤਸ਼ਾਹ ਦਿੱਤਾ ਸੀ ਪਰ ਇਸ ਗਲ ਦੇ ਬਾਵਜੂਦ ਸਿੱਖਾਂ ਅਤੇ ਰਾਜਪੂਤਾਂ ਵਿਚਕਾਰ ਵਿਰੋਧ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਜਦੋਂ ਬਾਬਾ ਜੱਸਾ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਤਾਂ ਜੈਪੁਰ ਦੇ ਰਾਜੇ ਨੇ ਜੱਸਾ ਸਿੰਘ ਨੂੰ ਖਿਲਤ ਭੇਜੀ ਸੀ। ਜੱਸਾ ਸਿੰਘ ਦੀ ਸੂਝਬੂਝ ਸਦਕਾ ਗੰਗਾ-ਦੋਆਬ ਵਿਚਲੀਆਂ ਮੁਹਿੰਮਾਂ ਬੜੀਆਂ ਲਾਹੇਵੰਦ ਰਹੀਆਂ। ਜਦੋਂ ਅਹਿਮਦਸ਼ਾਹ ਅਬਦਾਲੀ ਦੇ ਹਮਲੇ ਰੁਕ ਗਏ ਤਾਂ ਹਿੰਦੁਸਤਾਨ ਉਤੇ ਕਾਬਜ਼ ਹੋਣ ਲਈ ਅੰਗਰੇਜ਼ ਵਧੇਰੇ ਤੱਤਪਰ ਹੋ ਗਏ। ਇਵੇਂ ਹੀ ਰੋਹਿਲਿਆਂ ਅਤੇ ਮਰਾਠਿਆਂ ਨੇ ਵੀ ਦਿੱਲੀ ਉੱਤੇ ਕਬਜ਼ਾ ਕਰਨ ਦੇ ਭਰਪੂਰ ਯਤਨ ਕੀਤੇ। ਬਾਬਾ ਜੱਸਾ ਸਿੰਘ ਨੇ ਆਪ ਵੀ ਅਜਿਹੇ ਯਤਨ ਕੀਤੇ। ਇਹ ਜਾਣਿਆ ਪਛਾਣਿਆ ਤੱਥ ਹੈ ਕਿ  ਬਾਬਾ ਜੱਸਾ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਵਲੋਂ ਦਿੱਲੀ ਦੇ ਲਾਲ ਕਿਲ੍ਹੇ ਵਿਚ ਪ੍ਰਵੇਸ਼ ਸੀ। ਸਿੱਖਾਂ ਦੀਆਂ ਫ਼ੌਜੀ ਜਿੱਤਾਂ ਦੀ ਪ੍ਰਸੰਸਾ ਕਰਦਾ ਹੋਇਆ ਗੈਰੋਗ ਫਾਰਸਟਰ 1783 ਵਿਚ ਖੈਨ੍ਹਸਪੁਰ ਬਾਰੇ ਲਿਖਦਿਆਂ ਕਹਿੰਦਾ ਹੈ, 'ਮੈਂ ਦੋ ਘੋੜਸਵਾਰ ਸਿੱਖਾਂ ਨੂੰ ਮਹਿਸੂਲ ਚੁੰਗੀ ਉਗਰਾਹੁਣ ਲਈ ਜਾਂਦੇ ਵੇਖਿਆ। ਜਿਸ ਢੰਗ ਨਾਲ ਲੋਕਾਂ ਨੇ ਇਨ੍ਹਾਂ ਦੋ ਸਿੱਖਾਂ ਦਾ ਆਦਰ ਕੀਤੇ ਅਤੇ ਜਿਸ ਠਾਠ-ਬਾਠ ਨਾਲ ਉਹ ਵਰਤ-ਵਰਤਾਰਾ ਕਰ ਰਹੇ ਸਨ ਉਸ ਨੂੰ ਵੇਖ ਕੇ ਮੇਰਾ ਕੁਝ ਚਿਰ ਲਈ ਸਿੱਖ ਬਣਨ ਤੇ ਦਿਲ ਕਰ ਆਇਆ। ਇਹੀ ਕਾਰਨ ਹੈ ਕਿ ਅਤਿ ਸੰਕਟ ਭਰੀ ਸਥਿਤੀ ਦੇ ਬਾਵਜੂਦ  ਬਾਬਾ ਜੱਸਾ ਸਿੰਘ ਦੀਆਂ ਮਹਾਨ ਪ੍ਰਾਪਤੀਆਂ ਕਾਰਨ ਹੀ ਜੱਸਾ ਸਿੰਘ ਨੂੰ 'ਸੁਲਤਾਨ-ਉਲ-ਕੌਮ' ਕਿਹਾ ਜਾਂਦਾ ਸੀ।
ਬਾਬਾ ਜੱਸਾ ਸਿੰਘ ਆਹਲੂਵਾਲੀਆ ਨਾ ਕੇਵਲ ਇਕ ਮਹਾਨ ਯੋਧਾ ਸੀ, ਸਗੋਂ ਉਹ ਇਕ ਤਿਆਗੀ ਸੰਤ ਵੀ ਸੀ। ਉਹ ਇਕ ਸੱਚਾ ਸੁੱਚਾ ਸਿੱਖ ਸੀ। ਉਸ ਦੇ ਯਤਨਾਂ ਸਦਕਾ ਹੀ ਅਤਿ ਮੁਸ਼ਕਲ ਭਰੇ ਸਮੇਂ ਵਿਚ ਵੀ ਸਿੱਖ ਆਪਣੇ ਧਾਰਮਿਕ ਵਿਰਸੇ ਨੂੰ ਜਿਉਂਦਾ ਰੱਖ ਸਕੇ। ਕਿਸੇ ਸਿਪਾਹੀ ਨੂੰ ਭਰਤੀ ਕਰਨ ਸਮੇਂ  ਬਾਬਾ ਜੱਸਾ ਸਿੰਘ ਉਸ ਨੂੰ ਅੰਮ੍ਰਿਤ-ਛਕਣ ਅਤੇ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਸੌਂਹ ਖਾਣ ਲਈ ਕਹਿੰਦਾ ਸੀ ਤਾਂ ਕਿ ਉਹ ਸਿੱਖੀ ਅਸੂਲਾਂ ਅਨੁਸਾਰ ਪਵਿੱਤਰ ਜੀਵਨ ਬਤੀਤ ਕਰੇ। ਉਸ ਦੀ ਫ਼ੌਜ ਵਿਚ ਹਿੰਦੂ ਅਤੇ ਮੁਸਲਮਾਨ ਵੀ ਸਨ। ਜਿਨ੍ਹਾਂ ਨੂੰ ਆਪਣੇ ਧਰਮ ਵਿਚ ਪਰਪੱਕ ਹੋਣ ਲਈ ਪ੍ਰੇਰਿਆ ਜਾਂਦਾ ਸੀ।
ਪਟਿਆਲਾ ਦੇ ਰਾਜਾ ਆਲਾ ਸਿੰਘ, ਰਾਜਾ ਅਮਰ ਸਿੰਘ, ਰਾਜਾ ਸਾਹਿਬ ਸਿੰਘ ਆਦਿ ਅਨੇਕਾਂ ਪਤਵੰਤੇ ਸਿੱਖਾਂ ਨੇ ਜੱਸਾ ਸਿੰਘ ਦੇ ਹੱਥੀਂ ਅੰਮ੍ਰਿਤ ਛੱਕਿਆ ਸੀ। ਇਕ ਕਰਮਯੋਗੀ ਹੋਣ ਕਰਕੇ ਉਸ ਨੇ ਹਰ ਕੀਮਤ ਉਤੇ ਨੈਤਿਕ ਆਦਰਸ਼ਾਂ ਦੀ ਪਾਲਣਾ ਕੀਤੀ। ਦੀਨ ਦੁੱਖੀਆਂ ਦੀ ਸੇਵਾ ਉਸ ਦਾ ਪਹਿਲਾ ਧਰਮ ਸੀ। ਉਸ ਨੇ 1761 ਵਿਚ ਆਪ ਅਬਦਾਲੀ ਦੇ ਕਬਜ਼ੇ ਵਿਚੋਂ 2200 ਇਸਤਰੀਆਂ ਅਤੇ ਬੱਚਿਆਂ ਨੂੰ ਛੁਡਾ ਕੇ ਉਨ੍ਹਾਂ ਨੂੰ ਘਰੋ ਘਰੀਂ ਪਹੁੰਚਾਇਆ। ਬਾਬਾ ਜੱਸਾ ਸਿੰਘ ਦੇ ਯਤਨਾਂ ਦਾ ਹੀ ਸਿੱਟਾ ਸੀ ਕਿ ਜਿਸ ਸ੍ਰੀ ਹਰਿਮੰਦਰ ਸਾਹਿਬ ਨੂੰ ਅਬਦਾਲੀ ਨੇ ਢਾਹਿਆ ਸੀ ਉਸ ਨੂੰ ਦੂਣਸਵਾਈ ਸ਼ਾਨ ਨਾਲ ਮੁੜ ਉਸਾਰਿਆ ਗਿਆ। ਮੁਗਲ ਹਾਕਮਾਂ ਵਲੋਂ ਅਕਹਿ ਅਤੇ ਅਸਹਿ ਤਸੀਹਿਆਂ ਦੇ ਬਾਵਜੂਦ ਬਾਬਾ ਜੱਸਾ ਸਿੰਘ ਦੀ ਅਗਵਾਈ ਅਧੀਨ ਸਿੱਖਾਂ ਨੇ ਦੂਜੇ ਧਰਮਾਂ ਅਤੇ ਜਾਤੀਆਂ ਦਾ ਪੂਰਾ ਸਤਿਕਾਰ ਕੀਤਾ। ਜੇਮਜ਼ ਰੈਨਲ ਨੇ 1887 ਵਿਚ ਲਿਖਿਆ ਕਿ ਕੇਵਲ ਸਿਖ ਹੀ ਸਨ ਜਿਨ੍ਹਾਂ ਦੇ ਦਿਲਾਂ ਵਿਚ ਦੂਜੇ ਧਰਮਾਂ ਪ੍ਰਤੀ ਸਤਿਕਾਰ ਸੀ। ਉਨ੍ਹਾਂ ਵਿਚ ਦੂਜੇ ਧਰਮਾਂ ਪ੍ਰਤੀ ਸ਼ਹਿਨਸ਼ੀਲਤਾ ਕੁੱਟ ਕੁੱਟ ਕੇ ਭਰੀ ਹੋਈ ਸੀ। ਬਾਬਾ ਜੱਸਾ ਸਿੰਘ ਨੇ ਦੂਜੀਆਂ ਜਾਤੀਆਂ ਨਾਲ ਸਦਭਾਵਨਾ ਵਾਲ ਰਿਸ਼ਤਾ ਰੱਖਿਆ।
ਬਾਬਾ ਜੱਸਾ ਸਿੰਘ ਰੱਬ ਤੋਂ ਡਰਨ ਵਾਲਾ ਇਕ ਸ਼ਰਧਾਲੂ ਬਿਰਤੀ ਵਾਲਾ ਵਿਅਕਤੀ ਸੀ। ਆਪਣਾ ਹਰ ਦਿਨ ਉਹ ਵਾਹਿਗੁਰੂ ਅੱਗੇ ਅਰਦਾਸ ਨਾਲ ਆਰੰਭ ਕਰਦਾ, ਕੀਰਤਨ ਕਰਦਾ ਅਤੇ ਹਰ ਰੋਜ਼ ਰਹਿਰਾਸ ਸਾਹਿਬ ਦਾ ਪਾਠ ਕਰਦਾ ਸੀ।
ਉਪਰੋਕਤ ਵੇਰਵਿਆਂ ਦੇ ਆਧਾਰ ਉਤੇ ਸਪੱਸ਼ਟ ਹੈ ਕਿ ਬਾਬਾ ਜੱਸਾ ਸਿੰਘ ਨੇ ਅਤਿ ਗੰਭੀਰ ਸੰਕਟ ਸਮੇਂ ਸਿੱਖ ਕੌਮ ਅਤੇ ਪੰਜਾਬ ਦੀ ਵਾਗਡੋਰ ਸੰਭਾਲੀ। ਉਸ ਦੀਆਂ ਪ੍ਰਾਪਤੀਆਂ ਕਿਸੇ ਵੀ ਸਮਕਾਲੀ ਦੇ ਮੁਕਾਬਲੇ ਵਧੇਰੇ ਮੁੱਲਵਾਨ ਸਨ। ਉਸ ਦੀਆਂ ਮੁਗਲਾਂ ਵਿਰੁੱਧ ਲੜਾਈਆਂ ਅਤੇ ਅਫਗਾਨ ਧਾੜਵੀਆਂ ਵਿਰੁੱਧ ਮੁਹਿੰਮਾਂ ਤੋਂ ਇਲਾਵਾ ਉਸ ਦੀਆਂ ਜਿੱਤਾਂ ਨੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਥਾਪਤੀ ਨੂੰ ਸੰਭਵ ਬਣਾਇਆ। ਖਾਲਸਾ ਰਾਜ ਬੂਟਾ ਬਾਬਾ ਜੱਸਾ ਸਿੰਘ ਨੇ ਲਾਇਆ ਸੀ, ਫਲ ਮਹਾਰਾਜਾ ਰਣਜੀਤ ਸਿੰਘ ਨੇ ਖਾਧਾ। ਉਸ ਦੇ ਯਤਨਾਂ ਦਾ ਹੀ ਸਿੱਟਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਜ ਸਥਾਪਿਤ ਕਰਨ ਦੇ ਯੋਗ ਹੋਇਆ।

No comments: