ਗੁਰਦਾਸਪੁਰ/ਪੁਰਾਣਾ ਸ਼ਾਲਾ, 13 ਮਈ (ਅਭਿਨੰਦਨ ਸਿੰਘ ਆਰਿਫ਼/ਅਸ਼ੋਕ ਸ਼ਰਮਾ)-ਸ਼ਾਹਪੁਰ ਕੰਢੀ ਤੋਂ ਵਿਆਹ ਸਮਾਗਮ 'ਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਪੁਲ ਤਿੱਬੜੀ ਦੇ 9 ਸਕਾਰਪੀਓ ਸਵਾਰ ਵਿਅਕਤੀਆਂ ਦੀ ਗੱਡੀ ਦਰੱਖਤ ਨਾਲ ਟਕਰਾਏ ਜਾਣ ਕਾਰਨ 2 ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਜਸਵੰਤ ਰਾਏ (55) ਪੁੱਤਰ ਪ੍ਰਕਾਸ਼ ਚੰਦ, ਰਮੇਸ਼ ਕੁਮਾਰ (53) ਪੁੱਤਰ ਸਾਈ ਦਾਸ, ਸੁਭਾਸ਼ ਚੰਦਰ ਪੁੱਤਰ ਬਿਹਾਰੀ ਲਾਲ, ਹਰੀ ਮਿੱਤਰ ਪੁੱਤਰ ਪੰਜਾਬ ਸਿੰਘ, ਸਸ਼ੀ ਪਾਲ ਪੁੱਤਰ ਹੇਮ ਪਾਲ ਅਤੇ ਡਰਾਈਵਰ ਸੰਨੀ ਪੁੱਤਰ ਅਸ਼ੋਕ ਕੁਮਾਰ ਸਮੇਤ 2 ਹੋਰ ਵਿਅਕਤੀ ਸਾਰੇ ਵਾਸੀ ਪੁਲ ਤਿੱਬੜੀ ਪਠਾਨਕੋਟ ਨੇੜੇ ਪੈਂਦੇ ਕਸਬੇ ਸ਼ਾਹਪੁਰ ਕੰਢੀ ਤੋਂ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ | ਪਿੰਡ ਪਾਹੜਾ ਤੋਂ ਮਾਨ ਕੌਰ ਸਿੰਘ ਨੂੰ ਜਾਂਦੀ ਸੰਪਰਕ ਸੜਕ 'ਤੇ ਉਕਤ ਸਕਾਰਪੀਓ ਸਵਾਰ ਵਿਅਕਤੀਆਂ ਦੀ ਗੱਡੀ ਦਾ ਸੰਤੁਲਨ ਖਰਾਬ ਹੋਣ 'ਤੇ ਗੱਡੀ ਦਰੱਖਤ ਨਾਲ ਟਕਰਾ ਗਈ | ਇਹ ਟੱਕਰ ਐਨ੍ਹੀ ਜਬਰਦਸਤ ਸੀ ਕਿ ਸਕਾਰਪੀਓ ਸਵਾਰ ਜਸਵੰਤ ਰਾਏ ਅਤੇ ਰਮੇਸ਼ ਕੁਮਾਰ ਦੀ ਮੌਤ ਹੋ ਗਈ | ਜਦ ਕਿ ਸੁਭਾਸ਼ ਚੰਦਰ, ਹਰੀ ਮਿੱਤਰ ਅਤੇ ਸ਼ਸ਼ੀ ਪਾਲ ਗੰਭੀਰ ਜ਼ਖਮੀ ਹੋ ਗਏ ਅਤੇ ਡਰਾਈਵਰ ਸੰਨੀ ਆਪਣੇ ਦੋਵਾਂ ਸਾਥੀਆਂ ਸਮੇਤ ਕਿਸੇ ਤਰ੍ਹਾਂ ਗੱਡੀ ਵਿਚ ਨਿਕਲ ਕੇ ਆਪਣੀ ਜਾਨ ਬਚਾਉਣ ਵਿਚ ਸਫਲ ਹੋ ਗਏ |