ਕੈਲੀਫੋਰਨੀਆ, 20 ਮਈ (ਹੁਸਨ ਲੜੋਆ ਬੰਗਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ਨੂੰ ਅਮਰੀਕਾ ਦੀ ਸੰਘੀ ਅਦਾਲਤ ਵਲੋਂ ਖਾਰਜ ਕੀਤੇ ਜਾਣ ਨੂੰ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਚੁਣੌਤੀ ਦੇਵੇਗੀ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕੇਸ ਖਾਰਜ ਕਰਨ ਬਾਰੇ ਜੱਜ ਐਡਲਮੈਨ ਦੇ ਫੈਸਲੇ ਨੂੰ ਸਿਖਸ ਫਾਰ ਜਸਟਿਸ ਅਮਰੀਕੀ ਕੋਰਟ ਆਫ ਅਪੀਲਜ਼ 'ਚ ਚੁਣੌਤੀ ਦੇਵੇਗੀ ਤੇ ਇਸ ਗੱਲ ਦੇ ਸਬੂਤ ਪੇਸ਼ ਕਰੇਗੀ ਕਿ ਕਿਵੇਂ ਗਵਾਹਾਂ ਨੂੰ ਤੋੜਿਆ-ਮਰੋੜਿਆ ਗਿਆ, ਇਨਸਾਫ ਦੇ ਰਾਹ 'ਚ ਰੁਕਾਵਟ ਪਾਈ ਗਈ ਤੇ ਕਿਵੇਂ ਮੁੱਖ ਮੰਤਰੀ ਸ. ਬਾਦਲ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਅਮਰੀਕਾ ਸਥਿਤ ਪੀੜਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।