www.sabblok.blogspot.com
ਕੀ ਤੁਸੀਂ ਪੰਜਾਬ ਜਾ ਰਹੇ ਹੋ?......ਖਬਰਦਾਰ......!!ਹੋਸ਼ਿਆਰ.......ਸਾਵਧਾਨ!
ਮਈ 12 - ਆਪਣੇ ਵਤਨ ਪਿਆਰੇ ਪੰਜਾਬ ਨੂੰ ਜਦੋਂ ਕੋਈ ਵੀ ਆਪਣੇ ਪੇਟ ਦੀ ਭੁੱਖ ਖਾਤਰ
ਰੋਜੀ-ਰੋਟੀ ਦੀ ਭਾਲ 'ਚ ਸੱਤ ਸਮੁੰਦਰ ਪਾਰ ਵਿਦੇਸ਼ਾਂ ਦੀਆਂ ਪਰਾਈਆਂ ਧਰਤੀਆਂ 'ਤੇ ਜਾਣ
ਵੇਲੇ ਅਲਵਿਦਾ ਆਖਦਾ ਹੈ ਤਾਂ ਦਿਲ 'ਚੋਂ ਇੱਕ ਹੂਕ ਜਿਹੀ ਨਿਕਲਦੀ ਹੈ। ਇਸ ਹੂਕ ਵਿਚ ਕਈ
ਤਰ੍ਹਾਂ ਦੀਆਂ ਭਾਵਨਾਵਾਂ ਰੱਲ਼ਗੱਡ ਹੋਈਆਂ ਹੁੰਦੀਆਂ ਹਨ। ਜਿਨ੍ਹਾਂ 'ਚ ਭਾਵਨਾ ਵਿਛੋੜੇ
ਦੀ, ਭਾਵਨਾ ਅਨਜਾਣ ਮੁਲਕ ਵਿਚ ਵਿਚਰਨ ਦੀ ਅਨਿਸ਼ਚਿਤਤਾ ਦੀ, ਭਾਵਨਾ ਕਈ ਅਨਜਾਣ ਸਵਾਲਾਂ ਦੀ
ਕਿ ਪਤਾ ਨਹੀਂ ਕਦ ਮੁੜ ਵਾਪਿਸ ਪਰਤਾਂਗੇ? ਇਨ੍ਹਾਂ ਬਿਗਾਨੇ ਮੁਲਕਾਂ ਵਿਚ ਆ ਕੇ ਸਾਨੂੰ
ਅਨਜਾਣਪੁਣੇ 'ਤੇ ਬੇਗਾਨਗੀ ਦਾ ਅਹਿਸਾਸ ਉਵੇਂ ਹੁੰਦੈ ਜਿਵੇਂ ਕਿ ਜਦੋਂ ਕੋਈ ਪ੍ਰਵਾਸੀ
ਪੰਛੀ ਕਿਸੇ ਵਿਗਾਨੇ ਮੁਲਕ 'ਚ ਜਾਕੇ ਮਹਿਸੂਸ ਕਰਦੈ। ਪ੍ਰੰਤੂ ਅੱਜਕਲ ਪੰਜਾਬ 'ਚ ਹਾਲਾਤ
ਇੰਨ੍ਹੇ ਬਦਲ ਗਏ ਹਨ ਕਿ ਜੇਕਰ ਤੁਸੀਂ 4-5 ਸਾਲ ਵਿਦੇਸ਼ 'ਚ ਰਹਿਣ ਬਾਅਦ ਪੰਜਾਬ ਜਾਵੋ ਤਾਂ
ਤੁਹਾਡੇ ਪੰਜਾਬ 'ਚ ਬਣੇ ਦੇਸੀ ਆਹਲਣਿਆਂ ਉੱਤੇ ਬਿਹਾਰੀ ਅਥਵਾ ਯੂ ਪੀ ਦੇ ਪੰਜਾਬ ਵਿਚ
ਮਜਦੂਰੀ ਕਰਨ ਆਏ ਹੋਏ ਪ੍ਰਵਾਸੀ ਮਜਦੂਰ ਭਈਆਂ ਦਾ ਜਾਂ ਕਿਸੇ ਹੋਰ ਦਾ ਕਬਜਾ ਹੋਣਾ ਬਹੁਤੇ
ਅੰਚਭੇ ਵਾਲੀ ਗੱਲ ਨਾ ਹੋਕੇ ਆਮ ਜਿਹਾ ਬਣਦਾ ਜਾ ਰਿਹਾ ਹੈ। ਬਹੁਤੀਆਂ ਸਾਰੀਆਂ ਹਾਲਤਾਂ 'ਚ
ਤੁਸੀਂ ਆਪਣੇ ਮੁਲਕ 'ਚ ਪਹੁੰਚ ਕੇ ਆਪਣੇ ਹੀ ਮੁਲਕ ਵਿਚ ਆਪਣਿਆਂ ਹੱਥੋਂ ਬੇਗਾਨਗੀ ਦਾ
ਅਹਿਸਾਸ ਕਰੋਗੇ। ਹਰ ਵਰ੍ਹੇ ਅਨੇਕਾਂ ਹੀ ਪ੍ਰਵਾਸੀ ਭਾਰਤੀ ਕਨੇਡਾ,ਅਮਰੀਕਾ,ਜਰਮਨ
ਇੰਗਲੈਂਡ, ਜਪਾਨ, ਸਵਿਟਰਜਰਲੈਂਡ, ਨਿਊਜੀਲੈਂਡ, ਅਸਟ੍ਰੇਲੀਆ,ਪੌਲੈਂਡ, ਹੌਲੈਂਡ, ਇਰਾਨ,
ਇਰਾਕ, ਦੁਬੱਈ ,ਕੁਵੈਤ,ਸਾਊਦੀ ਅਰਬ,ਲਿਬਨਾਨ ਆਦਿ ਬਹੁਤ ਸਾਰੇ ਦੇਸ਼ਾਂ ਦੇ ਪੰਜਾਬੀ ਤੇ
ਸਮੂਹ ਭਾਰਤੀ ਪੂਰਾ ਸਾਲ ਹੱਡ-ਭੰਨਵੀਂ ਮਿਹਨਤ ਕਰਨ ਬਾਅਦ ਨਵੇਂ ਸਾਲ ਦੁਆਲੇ ਆਪਣੇ ਦਿਲਾਂ
'ਚ ਅਨੇਕਾਂ ਚਾਅ ਲੈਕੇ ਮਿਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਇਲਾਵਾ ਦਿਨ
ਸੁੱਦ ਤਿਊਹਾਰ ਮਨਾਉਂਣ ਲਈ ਆਪਣੇ ਪਿਆਰੇ ਵਤਨ ਜਾਂਦੇ ਹਨ। ਇਹ ਸਾਰੇ ਵਿਦੇਸ਼ਾਂ 'ਚ ਰਹਿੰਦੇ
ਪ੍ਰਵਾਸੀ ਭਾਰਤੀ ਪ੍ਰਵਾਸੀ ਪੰਛੀਆਂ ਦੀ ਤਰ੍ਹਾਂ ਆਪਣੇ ਖੰਭਾਂ ਰਾਹੀਂ ਉਡਾਰੀ ਮਾਰ ਕੇ ਵੀ
ਆਪਣੇ ਵਤਨ ਦੀ ਮਿੱਟੀ ਦੀ ਸੌਧੀਂ ਖੁਸ਼ਬੂ ਲੈਣ ਲਈ ਲੋਚਦੇ ਰਹਿੰਦੇ ਹਨ। ਪ੍ਰੰਤੂ ਪੰਜਾਬ
ਸਣੇ ਪੂਰੇ ਭਾਰਤ 'ਚ ਵਧਦੀ ਗਰੀਬੀ ਤੇ ਬੇਰੁਜਗਾਰੀ ਤੋਂ ਪੈਦਾ ਹੋਈ ਗੁੰਡਾਗਰਦੀ ਨੇ
ਇਨ੍ਹਾਂ ਵਿਚੋਂ ਅਨੇਕਾਂ ਹੀ ਵਿਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਸਦਾ ਦੀ ਨੀਂਦੇ ਸੁਲਾ
ਦਿੱਤਾ ਹੈ। ਇਹ ਤਾਂ ਵਿਚਾਰੇ ਸਾਰਾ ਸਾਲ ਕੰਮ ਕਰਨ ਬਾਅਦ ਸਾਲ ਭਰ ਦੀ ਥਕਾਨ ਲਾਹੁਣ ਲਈ
ਆਪਣੀਆਂ ਸਾਲਾਨਾ ਛੁੱਟੀਆਂ ਕੱਟਣ ਲਈ ਆਪਣੇ ਪਿਆਰੇ ਵਤਨ ਦੀ ਖਿਚ ਹੋਣ ਕਰਕੇ ਭਾਰਤ ਨੂੰ
ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਦੇ ਦਿਲਾਂ 'ਚ ਜਨਮ ਤੋਂ ਹੀ ਇਹ ਗੱਲ ਘਰ
ਚੁੱਕੀ ਹੋਈ ਹੈ ਕਿ ਪੰਜਾਬ ਸਮੇਤ ਭਾਰਤਵਰਸ਼ ਦੀ ਸੰਸਕ੍ਰਿਤੀ ਵਿਰਸਾ ਸੱਭਿਆਚਾਰ ਕਲਚਰ ਧਰਮ
ਸਾਰੀ ਦੁਨੀਆਂ ਤੋਂ ਵੱਧੀਆ ਹੈ। ਇਹ ਸਾਰੇ ਵਿਦੇਸ਼ਾਂ 'ਚ ਪੈਦਾ ਹੋਏ ਆਪਣੇ ਬੱਚਿਆਂ ਨੂੰ
ਇਸੇ ਨਾਲ ਜੋੜੀ ਰੱਖਣ ਹਿੱਤ ਅਤੇ ਇਹ ਨੂੰ ਵਿਖਾਉਣ ਖਾਤਰ ਕਿ ਉਹ ਇਸ ਨੂੰ ਯਾਦ ਰੱਖਦੇ ਹੋਏ
ਇਸੇ ਨਾਲ ਜੁੜੇ ਰਹਿ ਸਕਣ ਲਈ ਔਖੇ ਹੋਕੇ ਨਾਲ ਲਿਆਉਂਦੇ ਹਨ।ਪਰ ਇਹ ਵਿਦੇਸ਼ਾਂ 'ਚ ਪੈਦਾ
ਹੋਏ ਬੱਚੇ ਹੁਣ ਇੰਡੀਆ 'ਚ ਸਾਰਾ ਕੁੱਝ ਹੁੰਦਾ ਵੇਖ ਕੇ ਇੰਡੀਆ ਬਿਲਕੁਲ ਆਉਣਾ ਨਹੀਂ
ਚਾਹੁੰਦੇ ਸਗੋਂ ਉਹ ਤਾਂ ਆਪਣੇ ਮਾਪਿਆਂ ਨੂੰ ਵੀ ਭਾਰਤ ਆਉਂਣ ਤੋਂ ਰੋਕਦੇ ਹਨ।ਉਨ੍ਹਾਂ ਦੀ
ਦਲੀਲ ਹੈ ਕਿ ਭਾਰਤ 'ਚ ਸਾਡੇ ਆਪਣੇ ਸਾਨੂੰ ਲੁੱਟ ਵੀ ਲੈਣਗੇ ਅਤੇ ਬਾਅਦ 'ਚ ਸਾਨੂੰ ਮਾਰ
ਵੀ ਦੇਣਗੇ। ਇਸ ਲਈ ਉਹ ਸਲਾਨਾ ਛੁੱਟੀਆਂ 'ਚ ਹੁਣ ਭਾਰਤ ਜਾਣ ਨਾਲੋਂ ਹੋਰ ਦੇਸ਼ਾਂ 'ਚ ਜਾਕੇ
ਛੁੱਟੀਆਂ ਮਨਾਉਂਣ ਨੂੰ ਪਹਿਲ ਦਿੰਦੇ ਹਨ। ਕਿਉਂ ਕਿ ਪੰਜਾਬ ਸਣੇ ਭਾਰਤ ਦੇ ਹੋਰ ਅਨੇਕਾਂ
ਦੂਜੇ ਰਾਜਾਂ ਦੇ ਕਈ ਹਿੱਸਿਆਂ ਵਿਚ ਲੁੱਟਾਂ-ਖੋਹਾਂ 'ਤੇ ਕਤਲੋ-ਗਾਰਦ ਦੀਆਂ ਵੱਧਦੀਆਂ
ਘਟਨਾਵਾਂ ਨੇ ਪੈਸੇ ਨਾਲ ਮਾਲੋ-ਮਾਲ (ਘੱਟੋ-ਘੱਟ ਸੰਭਾਵੀ ਲੁਟੇਰਿਆਂ ਦੀਆਂ ਲਲਚਾਈਆਂ
ਨਜ਼ਰਾਂ ਵਿਚ) ਇਨ੍ਹਾਂ ਬੱਚਿਆਂ ਸਮੇਤ ਪ੍ਰਵਾਸੀ ਭਾਰਤੀਆਂ ਦੇ ਦਿਲਾਂ 'ਚ ਖੌਫ ਭਰ ਦਿੱਤਾ
ਹੈ।ਭਾਰਤ ਦੀਆਂ ਅਖਬਾਰਾਂ 'ਚ ਨਿੱਤ ਨਵੇਂ ਦਿਨ ਵਿਦੇਸ਼ੀਆਂ ਦੀ ਕੁੱਟ-ਮਾਰ ਤੋਂ ਇਲਾਵਾ
ਇਨ੍ਹਾਂ ਦੇ ਹੋਏ ਕਤਲਾਂ, ਲੁੱਟਾਂ-ਖੋਹਾਂ ਸਮੇਤ ਘਰਾਂ ਅਤੇ ਹੋਰ ਪ੍ਰਾਪਰਟੀ ਉੱਤੇ ਹੋਏ
ਨਜਾਇਜ ਕਬਜਿਆਂ ਦੀਆਂ ਮੁੱਖ ਸੁਰੱਖੀਆਂ ਵਾਲੀਆਂ ਖਬਰਾਂ ਮੁੱਖ ਪੰਨਿਆਂ ਦਾ ਸ਼ਿੰਗਾਰ ਬਣ
ਰਹੀਆਂ ਹਨ। ਭਾਰਤ ਤੋਂ ਛਪਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਹੁਣ ਤੱਕ ਅਨੇਕਾਂ
ਪ੍ਰਵਾਸੀ ਭਾਰਤੀ ਇਨ੍ਹਾਂ ਲੁਟੇਰਿਆਂ ਦੀ ਲੁੱਟ ਅਤੇ ਡਕੈਤੀ ਦਾ ਸ਼ਿਕਾਰ ਹੋਏ ਹਨ।ਪੰਜਾਬ
ਵਿਚ ਯੂ ਪੀ,ਬਿਹਾਰ ਜਾਂ ਬੰਗਾਲ ਵਗੈਰਾ ਤੋਂ ਆ ਕੇ ਕੰਮ ਕਰਨ ਵਾਲੇ ਮਜਦੂਰ ਅਤੇ ਪੰਜਾਬ
ਵਿਚ ਹੀ ਰਹਿ ਰਹੇ ਐਸ਼ੋ-ਇਸ਼੍ਰਤ ਅਥਵਾ ਐਸ਼-ਪ੍ਰਸਤੀ 'ਚ ਗਿਲਤਾਨ ਹੋਏ ਅਤੇ ਨਸ਼ਿਆਂ ਦੇ ਆਦੀ
ਹੋ ਚੁੱਕੇ ਕਾਲਜੀਏਟ ਜਾਂ ਵਿਹਲੜ ਬੇਰੁਜਗਾਰ ਹੀ ਮੁੱਖ ਰੂਪ 'ਚ ਪ੍ਰਵਾਸੀ ਭਾਰਤੀਆਂ ਨੂੰ
ਆਪਣੀ ਲੁੱਟ ਦਾ ਨਿਸ਼ਾਨਾ ਬਣਾਉਂਦੇ ਹਨ। ਮਾੜੀ ਕਿਸਮਤੇ ਹੁਣ ਤਾਂਈ ਬਹੁਤ ਸਾਰੇ ਕਨੇਡਾ,
ਅਮਰੀਕਾ , ਇੰਗਲੈਂਡ,ਜਰਮਨ,ਨਿਊਜੀਲੈਂਡ ਆਦਿ ਦੇਸ਼ਾਂ ਤੋਂ ਪੰਜਾਬ ਗਏ ਪੰਜਾਬੀਆਂ ਦੇ
ਨਾਲ-ਨਾਲ ਅਸਟ੍ਰੇਲੀਆ ਤੋਂ ਵੀ ਪੰਜਾਬ ਗਏ ਬਹੁਤ ਸਾਰੇ ਪੰਜਾਬੀਆਂ ਨਾਲ ਗਤਲੋ-ਗਾਰਦ,
ਲੁੱਟ-ਖਸੁੱਟ ਤੋਂ ਇਲਾਵਾ ਜਬਰਦਸਤੀ ਹੀ ਘਰਾਂ ਸਮੇਤ ਹੋਰ ਪ੍ਰਾਪਰਟੀਆਂ 'ਤੇ ਕੀਤੇ ਹੋਏ
ਕਬਜਿਆਂ ਦੀਆਂ ਬੇਅੰਤ ਵਾਰਦਾਤਾਂ ਹੋਈਆਂ ਹਨ। ਮੁੱਖ ਰੂਪ 'ਚ ਇਹ ਲੁਟੇਰੇ ਸ਼ਹਿਰਾਂ ਆਦਿ
ਵਿਚ ਸ਼ੌਪਿੰਗ ਵਗੈਰਾ ਕਰਨ ਗਏ ਪ੍ਰਵਾਸੀਆਂ ਪੰਜਾਬੀਆਂ ਦੇ ਮਗਰ ਉਨ੍ਹਾਂ ਦੇ ਪਹਿਰਾਵੇ ਤੋਂ
ਹੀ ਵਿਦੇਸ਼ੀ ਹੋਣ ਦੀ ਪਹਿਚਾਣ ਕਰਕੇ ਸਕੂਟਰ/ਮੋਟਰ ਸਾਈਕਲ ਜਾਂ ਕਾਰ ਵਗੈਰਾ 'ਚ ਪਿੱਛਾ
ਕਰਦੇ ਹੋਏ ਮਗਰ ਲੱਗ ਜਾਂਦੇ ਹਨ। ਕਿਸੇ ਸੁੰਨਸਾਨ ਜਹੀ ਇੱਕਲਤਾ ਵਾਲਾ ਮੌਕਾ ਵੇਖਦਿਆਂ ਹੀ
ਸਿਰ ਵਗੈਰਾ 'ਤੇ ਕਿਸੇ ਹਥਿਆਰ ਜਾਂ ਭਾਰੀ ਚੀਜ ਨਾਲ ਜਬਰਦਸਤ ਵਾਰ ਕਰਕੇ ਬੜੀ ਕਾਹਲੀ ਨਾਲ
ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਵਾਸੀ ਮਜਦੂਰ ਜਾਂ ਘਰਾਂ 'ਚ ਕੰਮਾਂ-ਕਾਰਾਂ ਲਈ ਰੱਖੇ
ਹੋਏ ਦੂਜੇ ਰਾਜਾਂ ਦੇ ਭਈਏ ਨੌਕਰ ਦਸ-ਦਸ ਬਰਾਂ-ਬਾਰਾਂ ਦੇ ਗਰੁਪਾਂ ਵਗੈਰਾ ਵਿਚ ਰਾਤਾਂ
ਨੂੰ ਆਕੇ ਸੁੱਤਿਆਂ 'ਤੇ ਧਾਵਾ ਬੋਲਣ ਵਿਚ ਬਹੁਤ ਜਿਆਦਾ ਮੁਹਾਰਤ ਰੱਖਦੇ ਹਨ।ਵਿਦੇਸ਼ੀ
(ਪੱਛਮੀਂ ਦੇਸ਼ਾਂ ਵਿਚ) ਲੁਟੇਰਿਆਂ ਅਤੇ ਇਨ੍ਹਾਂ ਦੇਸ਼ੀ ਲੁਟੇਰਿਆਂ 'ਚ ਮੁੱਖ ਫਰਕ ਇਹ ਹੀ
ਹੈ ਕਿ ਵਿਦੇਸ਼ੀ ਲੁਟੇਰੇ ਪਹਿਲਾਂ ਗੱਲੀਂ-ਬਾਤੀਂ ਤੁਹਾਨੂੰ ਸਾਰਾ ਕੁੱਝ ਉਨ੍ਹਾਂ ਦੇ ਹਵਾਲੇ
ਕਰਨ ਲਈ ਕਹਿੰਦੇ ਹਨ ਪਰ ਮਾੜੀ ਕਿਸਮਤੇ ਇਹ ਦੇਸੀ ਲੁਟੇਰੇ ਇਸ ਤੋਂ ਉਲਟ ਪਹਿਲਾਂ
ਕੁੱਟਣ-ਮਾਰਨ ਤੋਂ ਇਲਾਵਾ ਬੰਦੇ ਨੂੰ ਬੇਹੋਸ਼ ਕਰਨ ਬਾਅਦ ਸੱਭ ਕੁੱਝ ਲੁੱਟਦੇ ਹਨ। ਪੰਜਾਬ
ਪੁਲੀਸ ਅਤੇ ਸਰਕਾਰ ਇਸ ਤੋਂ ਬਾਖੂਬੀ ਵਾਕਿਫ ਹੈ ਅਤੇ ਹਰ ਜਿਲ੍ਹੇ 'ਚ ਪ੍ਰਵਾਸੀਆਂ ਦੀ
ਸਹੂਲਤ ਲਈ ਐਨ-ਆਰ-ਆਈ ਥਾਣੇ ਵੀ ਜਿਲ੍ਹੇ ਵਾਈਜ ਬਣਾ ਕੇ ਵਿਸ਼ੇਸ਼ ਹੈਲਪ ਲਾਈਨ ਵੀ ਬਣਾਈ ਹੋਈ
ਹੈ। ਸਾਲ ਭਰ ਕੰਮ ਕਰਨ ਬਾਅਦ ਥਕੇਵਾਂ ਲਾਹੁਣ ਲਈ ਛੁੱਟੀਆਂ 'ਚ ਆਪ ਭਾਰਤ ਵਾਪਿਸ ਜਾਣ
ਤੋਂ ਸਿਵਾਏ ਆਪਣੇ ਬੱਚਿਆਂ ਨੂੰ ਵੀ ਭਾਰਤ ਲਿਜਾ ਕੇ ਘੁੰਮਾ ਫਿਰਾ ਕੇ ਆਪਣੇ ਵਿਰਸੇ ਅਤੇ
ਆਪਣੀ ਮਿੱਟੀ ਨਾਲ ਜੋੜੀ ਰੱਖਣ ਦਾ ਚਾਅ ਸਾਨੂੰ ਸਾਰਿਆਂ ਨੂੰ ਹੁੰਦਾ ਹੈ। ਸਾਡਾ ਸਾਰਿਆਂ
ਦਾ ਫਰਜ ਵੀ ਬਣਦਾ ਹੈ ਕਿ ਅਸੀਂ ਸਾਰੇ ਜਣੇ ਆਪਣੀ ਮਾਂ-ਭੂੰਮੀਂ ਨਾਲ ਜੁੜੇ ਰਹੀਏ। ਪ੍ਰੰਤੂ
ਇਸ ਅਜੋਕੇ ਸਮੇਂ 'ਚ ਬਦਲਦੇ ਹਾਲਾਤਾਂ ਦੇ ਮੱਦੇਨਜਰ ਸਾਨੂੰ ਲੋੜ ਨਾਲੋਂ ਥੋੜਾ ਵੱਧ
ਚੁਕੰਨਿਆਂ ਹੋਕੇ ਭਾਰਤ ਜਾਣ ਦੀ ਲੋੜ ਹੁਣ ਮਹਿਸੂਸ ਹੋਈ ਹੈ। ਜੇਕਰ ਲੁਟੇਰਿਆਂ ਦਾ ਕੋਈ
ਗਰੁੱਪ ਦਿਨ ਵੇਲੇ ਜਾਂ ਰਾਤ ਨੂੰ ਸੁੱਤਿਆਂ ਪਿਆਂ 'ਤੇ ਤੁਹਾਡਾ ਘਿਰਾਓ ਕਰਦਾ ਹੈ ਤਾਂ ਉਸ
ਵੇਲੇ ਮਾੜੀ ਮੋਟੀ ਜਾਂ ਥੋਹੜੀ ਬਹੁਤੀ ਰਕਮ ਬਚਾਉਂਣ ਬਦਲੇ ਆਪਣੀ ਅਤੇ ਆਪਣੇ ਪ੍ਰੀਵਾਰ ਦੀ
ਜਾਨ ਮੁਸੀਬਤ ਅਤੇ ਜੋਖਮ 'ਚ ਪਾਉਂਣ ਨਾਲੋਂ ਹਾਲਾਤ ਮੁਤਾਬਿਕ ਸਥਿਤੀ ਦਾ ਸਾਹਮਣਾ ਕਰ ਲੈਣਾ
ਚਾਹੀਦਾ ਹੈ। ਖਾਸ ਕਰ ਔਰਤਾਂ ਨੂੰ ਮਹਿੰਗੇ ਗਹਿਣੇ ਵਗੈਰਾ ਪਾਕੇ ਆਮ ਗਲੀਆਂ ਬਜਾਰਾਂ ਵਿਚ
ਲਾਪ੍ਰਵਾਹ ਹੋਕੇ ਚਲਣ ਤੋਂ ਬਹੁਤ ਗੁਰੇਜ ਕਰਨਾ ਚਾਹੀਦਾ ਹੈ। ਬੁਢਾਪੇ ਦੀ ਉਮਰ 'ਚ
ਰਿਟਾਇਰ ਹੋਕੇ ਪੰਜਾਬ ਵਿਚ ਪ੍ਰਵਾਸੀ ਨੌਕਰਾਂ ਦੇ ਸਹਾਰੇ ਰਹਿਣ ਗਏ ਮਾਪਿਆਂ ਨੂੰ ਵੀ ਬਹੁਤ
ਹੀ ਸਾਵਧਾਨੀ ਅਤੇ ਚੌਕਸੀ ਨਾਲ ਰਹਿਣ ਦੀ ਲੋੜ ਹੈ। ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ
ਕਿ ਉਹ ਇਸ ਪਾਸੇ ਖਾਸ ਧਿਆਨ ਦੇਕੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ
ਪਰੰਤੂ ਫਿਰ ਵੀ ਅਬਾਦੀ ਪੱਖੋਂ ਬਹੁਤ ਵਿਸ਼ਾਲ ਅਤੇ ਵੱਡਾ ਦੇਸ਼ ਹੋਣ ਕਰਕੇ ਆਪਣੀ ਸੂਝ ਰਾਹੀਂ
ਆਪਣਾ ਬਚਾਓ ਆਪ ਰੱਖਣ ਵਿਚ ਹੀ ਵੀ ਬਹਿਤਰੀ ਹੈ।
ਮਨਮੋਹਨ ਸਿੰਘ ਸੁਜਾਵਲਪੁਰ




No comments:
Post a Comment