
www.sabblok.blogspot.com




ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ। ਰਾਵੀ ਕੰਢੇ ਵਸੇ ਲਾਹੌਰ ਦੀ
ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ
ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ
ਪ੍ਰਤੀਤ ਹੁੰਦੇ ਹਨ। ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ
ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ
ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ।
ਉਸਨੇ ਮੜਾਸਾ ਮਾਰ ਕੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ
ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ
ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ।
ਹਾਂ, ਅੱਖ ਦਾ ਕੋਹਜ ਉਸ ਨੂੰ ਨਿਰਸੰਦੇਅ ਬਹੁਤ ਪ੍ਰਭਾਵਿਤ ਅਤੇ ਪੀੜਤ ਕਰਦਾ ਹੈ।
ਤਿੰਨੇ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ
ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ 'ਤੇ ਬੈਠ ਕੇ
ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ
ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ
ਨਜ਼ਰ ਉਸ ਕੰਜਰੀ 'ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ
ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ
ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ
ਸਾਥੀ ਨੂੰ ਪੁੱਛਦਾ ਹੈ, "ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?"
"ਮਹਾਰਾਜ, ਇਹ ਮੋਰਾਂ
ਕੰਚਨੀ ਹੈ। ਇਹਦੀ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ
ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ
ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।" ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ
ਹੈ।
ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, "ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!"
"ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ
ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ
ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ
ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?"
No comments:
Post a Comment