www.sabblok.blogspot.com
ਅੰਮ੍ਰਿਤਸਰ--(17 ਜੂਨ )ਦੇਰ ਸ਼ਾਮ ਅੰਮ੍ਰਿਤਸਰ-ਬਟਾਲਾ ਸੜਕ ਉੱਤੇ ਪਿੰਡ ਮੂਧਲ ਨੇੜੇ ਇੱਕ ਅਕਾਲੀ ਆਗੂ ਨੂੰ ਪੁਲੀਸ ਮੁਕਾਬਲੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮੁਖਜੀਤ ਸਿੰਘ ਵੇਰਕਾ ਵਜੋਂ ਹੋਈ, ਜੋ ਵਾਰਡ ਨੰਬਰ 16 ਦੇ ਜ਼ਿਲਾ ਅਕਾਲੀ ਜਥੇ ਦਾ ਵਾਰਡ ਪ੍ਰਧਾਨ ਸੀ। ਇਹ ਘਟਨਾ ਵਾਪਰਨ ਵੇਲੇ ਉਹ ਆਪਣੀ ਭਤੀਜੀ ਨੂੰ ਨਰਸਿੰਗ ਕਾਲਜ ਤੋਂ ਘਰ ਲਿਆਉਣ ਲਈ ਆਪਣੀ ਕਾਰ ਵਿਚ ਜਾ ਰਿਹਾ ਸੀ।
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਆਖਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਆਈ-20 ਕਾਰ ਵਿੱਚ ਕਿਸੇ ਜੁਰਮ ਦੀ ਘਟਨਾ ਨੂੰ ਅੰਜਾਮ ਦੇਣ ਜਾ ਰਿਹਾ ਹੈ। ਘਟਨਾ ਵਾਲੀ ਥਾਂ ਨੇੜੇ ਪੁਲੀਸ ਦਾ ਨਾਕਾ ਲੱਗਾ ਸੀ। ਪੁਲੀਸ ਨੇ ਜਦੋਂ ਬਿਨਾਂ ਨੰਬਰ ਦੀ ਆਈ- 20 ਕਾਰ ਨੂੰ ਰੋਕਿਆ ਤਾਂ ਕਾਰ ਵਿੱਚ ਸਵਾਰ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਪੁਲੀਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ। ਬਚਾਅ ਲਈ ਪੁਲੀਸ ਕਰਮਚਾਰੀਆਂ ਨੇ ਗੋਲੀ ਚਲਾਈ, ਜਿਸ ਵਿਚ ਇਹ ਵਿਅਕਤੀ ਮਾਰਿਆ ਗਿਆ। ਇਸ ਮੌਕੇ ਚੱਲੀ ਗੋਲੀ ਵਿੱਚ ਇੱਕ ਪੁਲੀਸ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਾਇਆ ਹੈ।
ਦੂਜੇ ਪਾਸੇ ਜ਼ਿਲਾ ਅਕਾਲੀ ਜਥੇ ਦੇ ਸਕੱਤਰ ਜਨਰਲ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਨੇ ਪੁਲੀਸ ਦੀ ਕਹਾਣੀ ਨੂੰ ਰੱਦ ਕਰਦਿਆਂ ਇਸ ਨੂੰ ਸਿੱਧੀ ਪੁਲੀਸ ਵਧੀਕੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਖਜੀਤ ਸਿੰਘ ਵੇਰਕਾ ਜ਼ਿਲਾ ਅਕਾਲੀ ਜਥੇ ਦਾ ਵਾਰਡ ਪ੍ਰਧਾਨ ਸੀ ਤੇ ਉਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ। ਉਹ ਸਾਧਾਰਨ ਪਰਿਵਾਰ ਨਾਲ ਸਬੰਧਤ ਸੀ, ਜਿਨ੍ਹਾਂ ਦਾ ਕਿੱਤਾ ਖੇਤੀ ਅਤੇ ਪ੍ਰਾਪਰਟੀ ਡੀਲਰ ਦਾ ਹੈ। ਉਹ ਸ਼ਾਮ ਸਮੇਂ ਕੰਮ ਜਾ ਰਿਹਾ ਸੀ, ਜਿਸ ਵੇਲੇ ਉਸ ਨੂੰ ਪੁਲੀਸ ਨੇ ਘੇਰ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅੱਠ ਗੋਲੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਪੁਲੀਸ ਕਾਰਵਾਈ ਨੂੰ ਸੌ ਫ਼ੀਸਦੀ ਗਲਤ ਤੇ ਨਾਜਾਇਜ਼ ਕਰਾਰ ਦਿੱਤਾ ਹੈ।
ਪੁਲੀਸ ਖਿਲਾਫ਼ ਕਾਰਵਾਈ ਦੀ ਮੰਗ ਲਈ ਅਕਾਲੀ ਆਗੂਆਂ ਨੇ ਵੇਰਕਾ ਦੇ ਲੋਕਾਂ ਦੀ ਮਦਦ ਨਾਲ ਬਾਈਪਾਸ ਉੱਤੇ ਧਰਨਾ ਦੇ ਦਿੱਤਾ ਅਤੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਪੁਲੀਸ ਦੇ ਇਸ ਦਾਅਵੇ ਨੂੰ ਗ਼ਲਤ ਕਰਾਰ ਦਿੱਤਾ ਹੈ ਕਿ ਵੇਰਕਾ ਦੀ ਕਾਰ ਉੱਤੇ ਕੋਈ ਨੰਬਰ ਪਲੇਟ ਨਹੀਂ ਸੀ। ਕੁਝ ਲੋਕਾਂ ਦਾ ਦਾਅਵਾ ਕੀਤਾ ਹੈ ਕਿ ਮੁਖਜੀਤ ਸਿੰਘ ਵੇਰਕਾ ਨੂੰ ਚਿੱਟ ਕੱਪੜੀਏ ਪੁਲੀਸ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰਿਆ ਹੈ। ਇਹ ਪੁਲੀਸ ਵਾਲੇ ਇਕ ਆਮ ਵਾਹਨ ਵਿੱਚ ਸਵਾਰ ਸਨ, ਜਿਨ੍ਹਾਂ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਉਸ ਨੂੰ ਮਾਰ ਦਿੱਤਾ। ਅਕਾਲੀ ਦਲ ਤੇ ਆਮ ਲੋਕਾਂ ਦੇ ਇਨ੍ਹਾਂ ਬਿਆਨਾਂ ਨਾਲ ਪੁਲੀਸ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਮੁਤਾਬਕ ਮੁਖ਼ਜੀਤ ਸਿੰਘ ਮੁੱਖਾ ਨੂੰ ਪੁਲਿਸ ਨੇ ਸਾਜ਼ਿਸ ਤਹਿਤ ਮਾਰਿਆ ਹੈ, ਕਿਉਂਕਿ ਉਹ ਕੁਝ ਸਮਾਂ ਪਹਿਲਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਮਾਰੇ ਗਏ ਕਲਰਕ ਗੁਰਦੇਵ ਸਿੰਘ ਦੀ ਮੌਤ ਵੇਲੇ ਅੱਗੇ ਲੱਗ ਕੇ ਕੇਸ ਦੀ ਪੈਰਵਾਈ ਕਰ ਰਿਹਾ ਸੀ। ਉਨ੍ਹਾਂ ਮੁਖੇ ਦੀ ਮੌਤ ਬਾਰੇ ਸੀ ਆਈ ਡੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਪੁਲਿਸ ਕਰਮਚਾਰੀਆਂ ਉੱਤੇ ਕਤਲ ਦਾ ਕੇਸ ਦਰਜ਼ ਕਰਨ ਦੀ ਮੰਗ ਕੀਤੀ।
No comments:
Post a Comment