ਅੰਮ੍ਰਿਤਸਰ : ਲਿਬਰਟੀ ਮਾਰਕੀਟ 'ਚ ਸ਼ਾਪਿੰਗ ਕਰਨ ਆਈਆਂ ਕੁੜੀਆਂ ਦੀ ਚੋਰੀਛਿਪੇ ਮੋਬਾਈਲ 'ਚ ਕਲੀਪਿੰਗ ਬਣਾਉਣ ਵਾਲੇ ਬੀ.ਐਸ.ਐਫ. ਦੇ ਹੌਲਦਾਰ ਦੀ ਕੁੜੀਆਂ ਨੇ ਛਿੱਤਰ ਪਰੇਡ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਉਥੋਂ ਦੇ ਮਾਰਕੀਟ ਵਾਲਿਆਂ ਨੇ ਵੀ ਜਦੋਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਭੱਜ ਖੜਾ ਹੋਇਆ। ਲੋਕਾਂ ਨੇ ਹੌਲਦਾਰ ਦੇ ਸਾਥੀ ਨੂੰ ਫੜ ਕੇ ਸਿਵਲ ਲਾਈਨ ਪੁਲਸ ਦੇ ਹਵਾਲੇ ਕਰ ਦਿੱਤਾ। ਕੁੜੀਆਂ ਨੇ ਲਿਖਤੀ ਸ਼ਿਕਾਇਤ ਥਾਣੇ 'ਚ ਦਿੰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ 28 ਨਰਸਿੰਗ ਦੀਆਂ ਵਿਦਿਆਰਥਣਾਂ ਮੈਂਟਲ ਹਸਪਤਾਲ 'ਚ ਇਕ ਮਹੀਨੇ ਦੀ ਟ੍ਰੇਨਿੰਗ ਲਈ ਆਈਆਂ ਹੋਈਆਂ ਹਨ। ਵੀਰਵਾਰ ਸ਼ਾਮ 11 ਕੁੜੀਆਂ ਲਿਬਰਟੀ ਮਾਰਕਿਟ 'ਚ ਸ਼ਾਪਿੰਗ ਕਰਨ ਨਿਕਲੀਆਂ। ਇਸੇ ਦੌਰਾਨ ਬੀ.ਐਸ.ਐਫ. ਦਾ ਹੌਲਦਾਰ ਬਸੰਤ ਸਿੰਘ ਆਪਣੇ ਮੋਬਾਈਲ ਰਹੀਂ ਲੜਕੀਆਂ ਦੀ ਕਲੀਪਿੰਗ ਬਣਾਉਣ ਲੱਗ ਪਿਆ। ਕੁੜੀਆਂ ਨੂੰ ਇਤਰਾਜ਼ ਜਤਾਉਂਦਾ ਦੇਖ ਬਾਕੀ ਲੋਕ ਵੀ ਇਕੱਠੇ ਹੋ ਗਏ। ਹੌਲਦਾਰ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹ ਧੌਂਸ ਜਮਾਉਂਦੇ ਹੋਏ ਆਪਣੇ ਆਪ ਨੂੰ ਵਜੀਲੈਂਸ ਦਾ ਇੰਸਪੈਕਟਰ ਦੱਸਣ ਲਗ ਪਿਆ।
ਜਿਸ ਤੋਂ ਬਾਅਦ ਗੁੱਸੇ 'ਚ ਆਈਆਂ ਕੁੜੀਆਂ ਨੇ ਉਸ ਨੂੰ ਉਥੇ ਹੀ ਕਾਬੂ ਕਰ ਲਿਆ ਅਤੇ ਛਿੱਤਰਪਰੇਡ ਕਰ ਦਿੱਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਹੌਲਦਾਰ ਭੱਜ ਨਿਕਲਿਆ। ਲੋਕਾਂ ਨੇ ਉਸ ਦੇ ਦੂਸਰੇ ਸਾਥੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।