ਚੰਡੀਗੜ੍ਹ : ਅੱਜ ਦੇ ਟੈਕਨਾਲੋਜੀ ਦੇ ਯੁੱਗ ਵਿਚ ਜਿਥੇ ਵਿਗਿਆਨ ਨੇ ਆਪਣੀਆਂ ਕਾਢਾਂ ਰਾਹੀਂ ਇਨਸਾਨ ਨੂੰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਵਿਚੋਂ ਇਕ ਸਹੂਲਤ ਹੋਰ ਇਜ਼ਾਦ ਹੋਈ ਹੈ ਆਨਲਾਈਨ ਸ਼ਾਪਿੰਗ ਦੀ ਜਿਸ ਨਾਲ ਅਸੀਂ ਘਰ ਬੈਠੇ ਹੀ ਆਪਣੇ ਮਨ ਪਸੰਦ ਦੀਆਂ ਬ੍ਰਾਂਡਿਡ ਚੀਜ਼ਾਂ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਅਤੇ ਸਾਨੂੰ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਜਾਣ ਦੀ ਲੋੜ ਹੀ ਨਹੀਂ ਪੈਂਦੀ ਪਰ ਹੁਣ ਇਸ ਆਨਲਾਈਨ ਸ਼ਾਪਿੰਗ 'ਚ ਵੀ ਠੱਗਾਂ ਨੇ ਆਪਣੀ ਮੌਜੂਦਗੀ ਦਰਜ ਕਰਵਾ ਲਈ ਹੈ। ਜੇ ਤੁਸੀਂ ਆਨਲਾਈਅਨ ਸ਼ਾਪਿੰਗ ਕਰਦੇ ਹੋ ਤਾਂ ਜ਼ਰਾ ਠਹਿਰ ਜਾਓ। ਕਿਤੇ ਅਜਿਹਾ ਤਾਂ ਨਹੀਂ ਪੋਰਟਲ 'ਤੇ ਇਕ ਬ੍ਰਾਂਡਿਡ ਘੜੀ ਖਰੀਦਣ ਦੇ ਚੱਕਰ 'ਚ ਤੁਸੀਂ ਠੱਗੇ ਜਾਓ। ਜੀ ਹਾਂ, ਅਜਿਹਾ ਹੀ ਹੋ ਰਿਹਾ ਹੈ। ਚੰਡੀਗੜ੍ਹ ਪੁਲਸ 'ਚ ਆਨਲਾਈਨ ਸ਼ਾਪਿੰਗ ਪੋਰਟਲ ਦੇ ਰਾਹੀਂ ਬ੍ਰਾਂਡਿਡ ਕੰਪਨੀਆਂ ਦੀਆਂ ਘੜੀਆਂ ਦੇ ਨਾਂ 'ਤੇ ਚਾਈਨਿਜ਼ ਘੜੀਆਂ ਸੇਲ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਘੱਟ ਕੀਮਤ ਅਤੇ ਬ੍ਰਾਂਡ ਦੇ ਨਾਂ ਦੇ ਝਾਂਸੇ 'ਚ ਆਉਣ ਵਾਲੇ ਲੋਕ ਇਨ੍ਹਾਂ ਮਾਮਲਿਆਂ 'ਚ ਫਸਦੇ ਜਾ ਰਹੇ ਹਨ।
ਇਸੇ ਸਦੰਰਭ 'ਚ ਪੁਲਸ ਨੂੰ ਮਿਲੀ ਸ਼ਿਕਾਇਤ 'ਚ ਸੈਕਟਰ-38 ਦੇ ਮਨਿੰਦਰ ਗਰੋਵਰ ਨੇ 24 ਸਤੰਬਰ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਉਸ ਨੇ ਕਿਹਾ ਹੈ ਕਿ ਆਨਲਾਈਨ ਸ਼ਾਪਿੰਗ ਰਾਹੀਂ ਉਸ ਨਾਲ ਠੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਾਚਆਰਟਜ਼ ਡਾਟ ਕਾਮ ਰਾਹੀਂ ਰੋਲੈਕਸ ਘੜੀ ਦਾ ਆਰਡਰ ਦਿੱਤਾ। ਇਹ ਆਰਡਰ ਉਨ੍ਹਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਦਿੱਤਾ ਸੀ। ਉਨ੍ਹਾਂ ਨੇ ਓਮੋਗਾ ਘੜੀ ਮੰਗਵਾਈ ਪਰ ਉਨ੍ਹਾਂ ਨੂੰ ਜਿਹੜੀ ਘੜੀ ਭੇਜੀ ਗਈ ਉਹ ਉਨ੍ਹਾਂ ਨੇ ਆਰਡਰ ਹੀ ਨਹੀਂ ਕੀਤੀ ਸੀ। ਇਸ ਘੜੀ ਲਈ ਉਨ੍ਹਾਂ ਨੇ ਆਪਣੇ ਡੇਬਿਟ ਕਾਰਡ ਰਾਹੀਂ ਪੇਮੈਂਟ ਕੀਤੀ ਸੀ। ਜਦੋਂ ਉਨ੍ਹਾਂ ਕਿਹਾ ਕਿ ਓਮੇਗਾ ਦੀ ਇਹ ਘੜੀ ਉਨ੍ਹਾਂ ਨੂੰ ਪਸੰਦ ਨਹੀਂ ਆਈ ਤਾਂ ਕਿਹਾ ਕਿ ਤੁਸੀਂ ਦੂਜੀ ਘੜੀ ਲੈ ਲਓ। ਫਿਰ ਉਨ੍ਹਾਂ ਨੇ ਰੋਲੈਕਸ ਘੜੀ ਆਰਡਰ ਕੀਤੀ। ਇਸ ਘੜੀ ਦੀ ਕੀਮਤ 91233 ਰੁਪਏ ਸੀ ਪਰ ਉਸ ਨੂੰ ਡਿਸਕਾਊਂਟ ਤੋਂ ਬਾਅਦ 59301 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਦੋਂ ਇਹ ਘੜੀ ਮਿਲੀ ਤਾਂ ਪਤਾ ਲੱਗਾ ਕਿ ਇਹ ਚਾਈਨਿਜ਼ ਘੜੀ ਹੈ। ਪੋਰਟਲ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੇ ਉਸ ਤੋਂ ਬਾਅਦ ਗੱਲ ਨਹੀਂ ਕੀਤੀ। ਸਿਰਫ ਵਟਸਐਪ 'ਤੇ ਗੱਲਬਾਤ ਹੋ ਸਕੀ। ਜਦੋਂ ਕੋਰੀਅਰ ਕੰਪਨੀ ਦੇ ਮੈਂਬਰ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਇਹ ਸਮਾਨ ਮੁੰਬਈ ਤੋਂ ਆਉਂਦਾ ਹੈ। ਪੁਲਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਨਾ ਹੀ ਨਹੀਂ ਕਰਾਈਮ ਬ੍ਰਾਂਚ ਪੁਲਸ ਨੇ ਬੁੱਧਵਾਰ ਨੂੰ ਇਕ ਹੋਰ ਗਿਰੋਹ ਬੇਨਕਾਬ ਕੀਤਾ ਜਿਹੜਾ ਆਨਲਾਈਨ ਸ਼ਾਪਿੰਗ ਦਾ ਕਾਰੋਬਾਰ ਇਕ ਵੈਬਸਾਈਟ 'ਤੇ ਆਪਰੇਟ ਕਰਦਾ ਸੀ। ਵੈਬਸਾਈਡ 'ਤੇ ਇਹ ਗਿਰੋਹ ਬ੍ਰਾਂਡਿਡ ਘੜੀਆਂ ਦੀ ਅਸਲ ਤਸਵੀਰ ਅਪਲੋਡ ਕਰਦਾ ਸੀ। ਜਿਸ ਨੂੰ ਦੇਖ ਕੇ ਇਨ੍ਹਾ ਖਰੀਦਣ ਦੇ ਚਾਹਵਾਨ ਇਸ ਤੋਂ ਆਕਰਸ਼ਿਤ ਹੋ ਕੇ ਘੜੀਆਂ ਖਰੀਦਣ ਲਈ ਆਰਡਰ ਕਰ ਦਿੰਦੇ। ਇਸ ਸਬੰਧੀ ਸ਼ਿਕਾਇਤ ਮਿਲਦੇ ਹੀ ਕ੍ਰਾਈਮ ਬਰਾਂਚ ਪੁਲਸ ਨੇ ਮੁਸ਼ਤੈਦੀ ਨਾਲ ਗਿਰੋਹ 'ਤੇ ਦਬਿਸ਼ ਕਰਦੇ ਹੋਏ ਮੋਹਾਲੀ ਅਤੇ ਪਟਿਆਲਾ ਤੋਂ ਦੋ-ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਤੋਂ ਘੜੀਆਂ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।