www.sabblok.blogspot.com
ਨਵੀਂ ਦਿੱਲੀ, 26 ਸਤੰਬਰ -ਕਿਸਾਨੀ ਮੰਗਾਂ ਨੂੰ ਲੈ ਕੇ ਜੰਤਰ ਮੰਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਵਾਲੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ। ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਧਰਨੇ ਵਾਲੀ ਥਾਂ ਪੁੱਜ ਕੇ ਕਿਸਾਨਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ ਦੌਰੇ 'ਤੇ ਗਏ ਹੋਏ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸ. ਬਲਬੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕਰਵਾਈ ਜਾਵੇਗੀ। ਕੇਂਦਰੀ ਖੇਤੀ ਮੰਤਰੀ ਸ੍ਰੀ ਰਾਧਾਮੋਹਨ ਸਿੰਘ ਨਾਲ ਸੋਮਵਾਰ 29 ਸਤੰਬਰ ਨੂੰ ਅਤੇ ਉਸੇ ਦਿਨ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਵਣਜ ਮੰਤਰੀ ਨਾਲ ਵੀ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਬਾਅਦ ਇਕ ਹਫ਼ਤੇ ਦੇ ਅੰਦਰ-ਅੰਦਰ ਯੂਨੀਅਨ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਨਾਲ ਮਿਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਕਟਾਈ ਕਾਰਨ ਕਿਸਾਨਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਹਨ ਇਸ ਲਈ ਉਨ੍ਹਾਂ ਨੇ ਯੂਨੀਅਨ ਨੂੰ ਧਰਨਾ ਸਮਾਪਤ ਕਰ ਕੇ ਕਿਸਾਨਾਂ ਨੂੰ ਘਰ ਭੇਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੇਂਦਰੀ ਖੇਤੀ ਮੰਤਰੀ ਅਤੇ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਣਗੇ ਅਤੇ ਪੂਰਾ ਹਫਤਾ ਨਵੀਂ ਦਿੱਲੀ 'ਚ ਵਣਜ ਮੰਤਰੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵੀ ਮਿਲਣਗੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਵੀ ਕਿਸਾਨਾਂ ਦੇ ਮਸਲਿਆਂ ਨੂੰ ਉਠਾਇਆ ਜਾਵੇਗਾ।
No comments:
Post a Comment