ਸੁਪਰਮੈਨ ਫੌਜਾ ਸਿੰਘ ਨੇ ਕੀਤੇ ਅੱਠ ਵਰਲਡ ਰਿਕਾਰਡ ਕਾਇਮ
* ਸਿੱਖੀ ਸ਼ਾਨ, ਸਮਰੱਥਾ ਅਤੇ ਸਫਲਤਾ ਦਾ ਸਿਰਨਾਵਾਂ ਬਣਿਆ ਫੌਜਾ ਸਿੰਘ * ਤੁਹਾਡਾ ਸਤਿਕਾਰ ਹੀ ਮੇਰੀ ਖੁਰਾਕ ਹੈ-ਫੌਜਾ ਸਿੰਘ * ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ ਮਨਾਇਆ ਫੌਜਾ ਸਿੰਘ ਦਾ 100 ਵਾਂ ਜਨਮ ਦਿਨ ਟੋਰਾਂਟੋ/ ਅਕਤੂਬਰ 13, 2011-(ਪੋਸਟ ਬਿਊਰੋ) Jagdish Grewal(punjabi post canada)-100 ਸਾਲ ਤੋਂ ਵੱਧ ਉਮਰ ਦੇ ਸ. ਫੌਜਾ ਸਿੰਘ ਨੇ ਅੱਜ ਅੱਠ ਨਵੇਂ ਵਰਲਡ ਰਿਕਾਰਡ ਸਿਰਜ ਨੇ ਇਕ ਅਜੇਹਾ ਕੀਰਤੀਮਾਨ ਸਥਾਪਤ ਕਰ ਦਿਤਾ ਹੈ ਜਿਸਨੂੰ ਟੁੱਟਣ ਲਈ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ। ਸਕਾਰਬਰੋ ਦੀ ਬਿਰਚਮਾਊਂਟ ਰੋਡ ਵਿਖੇ ਅੱਜ ਸਵੇਰੇ 8 ਵਜੇ ਤੋਂ 12 ਵਜੇ ਤੱਕ ਇਹ ਵਰਲਡ ਰਿਕਾਰਡ ਗਿੰਨੀਜ਼ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਾਇਮ ਕੀਤੇ ਗਏ ਹਨ। ਇਹ ਵਰਲਡ ਰਿਕਾਰਡ 100 ਮੀਟਰ(23.4 ਸੈਕਿੰਡ), 200 ਮੀਟਰ(52.23 ਸੈਕਿੰਡ), 400 ਮੀਟਰ( 2 ਮਿੰਟ 13.48 ਸੈਕਿੰਡ), 800 ਮੀਟਰ(5 ਮਿੰਟ 32.18 ਸੈਕਿੰਡ), 1500 ਮੀਟਰ(11 ਮਿੰਟ 27.81 ਸੈਕਿੰਡ), 3000 ਮੀਟਰ( 24 ਮਿੰਟ 52.45 ਸੈਕਿੰਡ), 5000 ਮੀਟਰ(49 ਮਿੰਟ 57.39 ਸੈਕਿੰਡ) ਅਤੇ ਇਕ ਮੀਲ(11 ਮਿੰਟ 53.45 ਸੈਕਿੰਡ) ਦੌੜਾਂ ਵਿਚ ਸਥਾਪਤ ਕੀਤੇ ਗਏ ਹਨ ਜਿਹੜੇ 100 ਸਾਲ ਤੋਂ ਉਪਰ ਉਮਰ ਦੇ ਵਿਅਕਤੀ ਵਲੋਂ ਸਥਾਪਤ ਕੀਤੇ ਜਾਣ ਵਾਲੇ ਪਹਿਲੇ ਵਰਲਡ ਰਿਕਾਰਡ ਹਨ। ਇਹਨਾਂ ਦੌੜਾਂ ਵਿਚ ਫੌਜਾ ਸਿੰਘ ਦੇ ਨਾਲ 8 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਜਿਹਨਾਂ ਵਿਚ ਉਹਨਾਂ ਦੀ ਟੀਮ ਸਿੱਖਸ ਇਨ ਦਾ ਸਿੱਟੀ ਦੇ 13 ਮੈਂਬਰ, ਗੋਰੇ ਲੋਕ ਅਤੇ ਮਾਸਟਰਜ਼ ਐਂਡ ਐਸ਼ੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਲ ਸਨ। ਇਸ ਮੌਕੇ ‘ਤੇ ਦਰਸ਼ਕਾਂ ਦੀ ਬਹੁਤ ਵੱਡੀ ਗਿਣਤੀ ਹਾਜਰ ਸੀ ਜਿਸ ਵਿਚ ਸਾਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ ਅਤੇ ਉਹਨਾਂ ਨੇ ਸ. ਫੌਜਾ ਸਿੰਘ ਨੂੰ ਬਹੁਤ ਜਿ਼ਆਦਾ ਮਾਣ ਅਤੇ ਅਦਬ ਪ੍ਰਦਾਨ ਕੀਤਾ। ਸ. ਫੌਜਾ ਸਿੰਘ ਵਲੋਂ ਹਰ ਰਿਕਾਰਡ ਬਣਾਉਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨੇ ਸਕਾਰਬਰੋ ਦੀ ਧਰਤੀ ਨੂੰ ਗੂੰਜਣ ਲਾ ਦਿਤਾ। ਇਹਨਾਂ ਦੌੜਾਂ ਦੌਰਾਨ ਇਹ ਦੇਖਿਆ ਗਿਆ ਕਿ ਸ. ਫੌਜਾ ਸਿੰਘ ਨੇ ਸਾਰੀਆਂ ਦੌੜਾਂ ਦੌਰਾਨ ਆਪਣੀ ਸਪੀਡ ਇਕਸਾਰ ਰੱਖੀ ਅਤੇ ਉਹਨਾਂ ਨੂੰ ਕੋਈ ਥਕਾਵਟ ਵੀ ਮਹਿਸੁਸ ਨਹੀਂ ਸੀ ਹੋਈ ਅਤੇ ਨਾ ਹੀ ਉਹਨਾਂ ਦਾ ਸਾਹ ਚੜਿਆ ਹੋਇਆ ਸੀ। ਇਹਨਾਂ ਦੌੜਾਂ ਨੂੰ ਕਵਰ ਕਰਨ ਲਈ ਮੁੱਖਧਾਰਾ ਦਾ ਸਮੁੱਚਾ ਮੀਡੀਆ ਹਾਜਰ ਸੀ ਜਿਹਨਾਂ ਵਿਚ ਗਲੋਬ ਐਂਡ ਮੇਲ, ਸੀਬੀਸੀ , ਗਿੰਨੀਜ਼ ਬੁੱਕ ਆਫ ਰਿਕਾਰਡ ਦੇ ਅਹੁਦੇਦਾਰ ਸਮੇਤ 15 ਤੋਂ ਜਿ਼ਆਦਾ ਮੀਡੀਆ ਦੇ ਨੁਮਾਇੰਦੇ ਹਾਜਰ ਸਨ। ਪੰਜਾਬੀ ਮੀਡੀਆ ਵਲੋਂ ਖਬਰਸਾਰ ਰੇਡੀਓ ਲਈ ਬਲਤੇਜ ਪੰਨੂ ਤੋਂ ਇਲਾਵਾ ਕੋਈ ਵੀ ਪੰਜਾਬੀ ਜਾਂ ਸਾਊਥ ਏਸ਼ੀਅਨ ਮੀਡੀਆ ਦਾ ਪ੍ਰਤੀਨਿੱਧ ਹਾਜਰ ਨਹੀਂ ਸੀ। ਸ. ਫੌਜਾ ਸਿੰਘ ਦੀਆਂ ਪ੍ਰਾਪਤੀਆਂ ਨੂੰ ਜੇਕਰ ਪੰਜਾਬੀ ਮੀਡੀਆ ਕਵਰ ਨਹੀਂ ਕਰੇਗਾ ਤਾਂ ਕੌਣ ਉਸਦੀਆਂ ਪ੍ਰਾਪਤੀਆਂ ‘ਤੇ ਫਖਰ ਕਰੇਗਾ। ਸ. ਫੌਜਾ ਸਿੰਘ ਵਲੋਂ ਸਥਾਪਤ ਕੀਤੇ ਗਏ ਰਿਕਾਰਡ ਗਿੰਨੀਜ਼ ਬੁੱਕ ਆਫ ਰਿਜਕਾਰਡ ਦੇ ਅਧਿਕਾਰੀਆਂ ਵਲੋਂ ਸਥਾਪਤ ਕਾਨੂੰਨਾਂ ਅਨੁਸਾਰ ਰਿਕਾਰਡ ਕੀਤੇ ਗਏ ਹਨ। ਇਹਨਾਂ ਦੌੜਾਂ ਨੂੰ ਸੀਟੀਵੀ ਵਲੋਂ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ ਜਦ ਕਿ ਖਬਰਸਾਰ ਰੇਡੀਓ ‘ਤੇ ਵੀ ਇਸਦਾ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਸ. ਫੌਜਾ ਸਿੰਘ ਵਲੋਂ ਕਾਇਮ ਕੀਤੇ ਗਏ ਇਹਨਾਂ ਵਰਲਡ ਰਿਕਾਰਡਾਂ ਨੂੰ ਤੋੜਨਾ ਅਸਾਨ ਨਹੀਂ ਹੋਵੇਗਾ ਅਤੇ ਹੋ ਸਕਦਾ ਏ ਕਿ ਕਈ ਸਾਲ ਲੱਗ ਜਾਣ ਇਹਨਾਂ ਰਿਕਾਰਡਾਂ ਨੂੰ ਤੋੜਨ ਲਈ। ਸ. ਫੌਜਾ ਸਿੰਘ ਵਲੋਂ ਕਾਇਮ ਕੀਤੇ ਗਏ ਇਹ ਰਿਕਾਰਡ ਸਮੁੱਚੀ ਸਿੱਖ ਕੌਮ ਲਈ ਤਾਂ ਮਾਣ ਹਨ ਹੀ ਪਰ ਉਹਨਾਂ ਦੇ ਸਿਰੜ, ਸ਼ੌਕ ਅਤੇ ਸਫ਼ਲਤਾ ਅੱਗੇ ਸਿਰ ਝੁਕਦਾ ਹੈ ਜਿਹਨਾਂ ਨੇ ਆਪਣੀ ਸੋਚ ਨਾਲ ਸੁੱਚੀ ਜੀਵਨ-ਸ਼ੈਲੀ ਦਾ ਉਸਾਰੂ ਪੱਖ ਉਜਾਗਰ ਕੀਤਾ ਹੈ। “ਤੁਹਾਡਾ ਸਤਿਕਾਰ ਅਤੇ ਮਾਣ ਹੀ ਮੇਰੀ ਖੁਰਾਕ ਹੈ ਜਿਸ ਨਾਲ ਮੈਂ ਇਹ ਪ੍ਰਾਪਤੀਆਂ ਕਰਨ ਦੇ ਯੋਗ ਹੋਇਆ ਹਾਂ। ਜਿਥੇ ਕੁਦਰਤ ਦੀ ਮੇਰੇ ‘ਤੇ ਬਹੁਤ ਮਿਹਰਬਾਨੀ ਹੈ ਉਥੇ ਤੁਹਾਡਾ ਮਾਣ ਅਤੇ ਮੇਰੇ ਕੋਚ ਦੀ ਮਿਹਨਤ ਹੀ ਇਹ ਰੰਗ ਲਿਆਈ ਹੈ।” ਇਹ ਵਿਚਾਰ 100 ਸਾਲ ਦੇ ਸ. ਫੌਜਾ ਸਿੰਘ ਨੇ ਉਹਨਾਂ ਦੇ ਜਨਮ ਦਿਨ ਵਿਚ ਆਯੋਜਿਤ ਸਮਾਗਮ ਵਿਚ ਨਿਮਰਤਾ ਸਹਿਤ ਪ੍ਰਗਟ ਕੀਤੇ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਲੋਂ ਅੱਜ ਸ਼ਾਮ 6 ਵਜੇ ਤੋਂ 7 ਵਜੇ ਤੱਕ ਨੈਸ਼ਨਲ ਬੈਂਕੁਟ ਹਾਲ, ਮਿਸੀਸਾਗਾ ਵਿਚ ਸ. ਫੌਜਾ ਸਿੰਘ ਦਾ 100 ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਜਿਹਨਾਂ ਨੇ ਮੈਰਾਥਨਾਂ ਅਤੇ ਹੋਰ ਦੌੜਾਂ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਅੱਜ ਉਹਨਾਂ ਨੇ ਅੱਠ ਵਰਲਡ ਰਿਕਾਰਡ ਕਾਇਮ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸਮਾਗਮ ਵਿਚ ਕਮਿਊਨਿਟੀ ਦੇ ਲੋਕਾਂ ਦੀ ਬਹੁਤ ਭਰਵੀਂ ਹਾਜਰੀ ਸੀ ਜਿਹੜੇ ਫੌਜਾ ਸਿੰਘ ਜੀ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਲਈ ਆਏ ਹੋਏ ਸਨ। ਇਸ ਸਮਾਗਮ ਵਿਚ ਸ. ਫੌਜਾ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਇੰਗਲੈਂਡ ਤੋਂ ਆਈ ਸਿੱਖਸ ਇਨ ਸਿਟੀ ਦੀ ਸਮੁੱਚੀ ਟੀਮ ਨੂੰ ਵੀ ਸਨਮਾਨਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਮੈਟਰੋ ਸਪੋਰਟਸ ਕਲੱਬ, ਫੈਡਰਲ ਮਨਿਸਟਰ ਬਲ ਗੋਸਲ, ਬ੍ਰੈਂਪਟਨ ਸਪਰਿੰਗਡੇਲ ਦੇ ਐਮ ਪੀ ਪਰਮ ਗਿੱਲ ਅਤੇ ਬਰੈਮਲੀ ਗੋਰ ਮਾਲਟਨ ਦੇ ਐਮ ਪੀ ਪੀ ਜਗਮੀਤ ਸਿੰਘ ਤੋਂ ਇਲਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਅਹੁਦੇਦਾਰਾਂ ਕੁਲਬੀਰ ਸਿੰਘ ਸੰਘਾ, ਗੈਰੀ ਗਰੇਵਾਲ, ਰਵੀ ਢੀਂਡਸਾ, ਜਰਨੈਲ ਮੰਡ, ਹਰਵਿੰਦਰ ਸਿੰਘ ਸੋਮਲ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਖੈਰਾ ਡਾ ਸੁਖਦੇਵ ਝੰਡ ਆਦਿ ਵਿਸ਼ੇਸ਼ ਸਨ। ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਰਮ ਗਿੱਲ ਐਮ ਪੀ ਨੇ ਕਿਹਾ ਕਿ ਬਾਬਾ ਫੌਜਾ ਸਿੰਘ ਜੀ ਸਾਡੀ ਕਮਿਊਨਿਟੀ ਦਾ ਮਾਣ ਹਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਣਗੀਆਂ। ਉਹਨਾਂ ਵਲੋਂ ਸਥਾਪਤ ਕੀਤੇ ਗਏ ਰਿਕਾਰਡਾਂ ਦੇ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਹ ਸਮੁੱਚੀ ਦੁਨੀਆਂ ਲਈ ਇਕ ਰੋਲ ਮਾਡਲ ਹਨ। ਸਾਬਕਾ ਐਮ ਪੀ ਨਵਦੀਪ ਬੈਂਸ ਨੇ ਕਿਹਾ ਕਿ ਬਾਬਾ ਜੀ ਦੀਆਂ ਇਹ ਪ੍ਰਾਪਤੀਆਂ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਦੇਣ ਹਨ ਅਤੇ ਇਹਨਾਂ ਤੋਂ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪ੍ਹੀੜੀਆਂ ਨੂੰ ਸਦਾ ਪ੍ਰੇਰਨਾ ਮਿਲਦੀ ਰਹੇਗੀ। ਅੱਜ ਦੇ ਇਸ ਸਮਾਗਮ ਲਈ ਗੁਰੁ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ। ਬਰੈਮਲੀ ਗੋਰ ਮਾਲਟਨ ਦੇ ਐਮ ਪੀ ਪੀ ਜਗਮੀਤ ਸਿੰਘ ਨੇ ਕਿਹਾ ਕਿ ਬਾਬਾ ਜੀ ਦੀ ਜਿੰਦਗੀ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਿੱਖੀ ਸਰੂਪ ਵਿਚ ਰਹਿੰਦਿਆਂ ਜਿਵੇਂ ਉਹਨਾਂ ਨੇ ਸਾਰੀ ਦੁਨੀਆਂ ਵਿਚ ਸਿੱਖੀ ਨੂੰ ਪ੍ਰਫੁੱਲਤ ਕੀਤਾ ਹੈ, ਇਹ ਸਾਡੇ ਅਤੇ ਸਾਰੀ ਮਾਨਵਤਾ ਲਈ ਮਾਣ ਵਾਲੀ ਗੱਲ ਹੈ। ਉਘੇ ਦੌੜਾਕ ਕੇਸਰ ਸਿੰਘ ਪੂੰਨੀਆ ਦਾ ਕਹਿਣਾ ਸੀ ਕਿ ਅਸੀਂ ਬਾਬਾ ਫੌਜਾ ਸਿੰਘ ਤੋਂ ਪ੍ਰ੍ਰੇਰਨਾ ਲੈ ਹੀ ਦੌੜਨਾ ਸ਼ੁਰੂ ਕੀਤਾ ਸੀ ਅਤੇ ਅੱਜ ਮੈਂਨੂੰ ਵੀਹ ਸਾਲ ਹੋ ਗਏ ਹਨ ਦੌੜਦਿਆਂ। ਮੈਂ ਆਪਣੇ ਵਲੋਂ ਬਾਬਾ ਜੀ ਅਤੇ ਸਮੁੱਚੀ ਸਿੱਖ ਕੌਮ ਨੂੰ ਉਹਨਾ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਾ ਹਾਂ। ਗੁਰੁ ਗੋਬਿੰਦ ਸਿੰਘ ਚਿਲਡਰਨ ਫਾਂਊਂਡੇਸ਼ਨ ਵਲੋਂ ਕਰਵਾਇਆ ਗਿਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ‘ਤੇ ਸਮੁੱਚਾ ਪੰਜਾਬੀ ਮੀਡਆਿ ਹਾਜਰ ਸੀ।.. |
No comments:
Post a Comment