jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 12 April 2012

ਸਨਮਾਨ-ਪੱਤਰ

www.sabblok.blogspot.com
(13 ਅਪ੍ਰੈਲ 2012 ਨੂੰ ਗ਼ਦਰ ਪਾਰਟੀ ਦੇ 99ਵੇਂ ਸਥਾਪਨਾ ਦਿਹਾੜੇ 'ਤੇ ਪ੍ਰਸਿੱਧ ਗ਼ਦਰੀ ਦੇਸ਼-ਭਗਤ ਸ੍ਰੀ ਪਾਂਡੂਰੰਗ ਖ਼ਾਨਖੋਜੇ ਦੀ ਇਤਿਹਾਸਕਾਰ ਧੀ ਸ੍ਰੀਮਤੀ ਸਾਵਿਤਰੀ ਸਾਹਨੀ ਨੂੰ ਦੇਸ਼ ਭਗਤ ਯਾਦਗ਼ਾਰ ਕੇਂਦਰ ਜਲੰਧਰ ਵਿਖੇ ਦੇਸ਼ ਭਗਤ ਯਾਦਗ਼ਾਰ ਕਮੇਟੀ ਵੱਲੋਂ ਸਤਿਕਾਰ ਸਹਿਤ ਭੇਟ ਕੀਤਾ ਗਿਆ।)

ਸਤਿਕਾਰਯੋਗ ਬੀਬੀ ਸਾਵਿੱਤਰੀ ਸਾਹਨੀ ਜੀਓ!
ਆਜ਼ਾਦੀ ਸੰਗਰਾਮ ਦੇ ਮਹਾਨ ਸੂਰਬੀਰਾਂ ਦੀ ਯਾਦ ਨੂੰ ਸਮਰਪਤ ਇਸ ਮੁਤਬੱਰਕ ਯਾਦਗ਼ਾਰ-ਸਥਾਨ ਉੱਤੇ ਤੁਹਾਡੀ ਆਮਦ ਦੀ ਸੁਲੱਖਣੀ ਘੜੀ ਮੌਕੇ ਦੇਸ਼ ਭਗਤ ਯਾਦਗ਼ਾਰ ਕਮੇਟੀ ਡਾਢੀ ਖ਼ੁਸ਼ੀ ਅਤੇ ਅਪਣੱਤ ਦਾ ਇਜ਼ਹਾਰ ਕਰਦੀ ਹੈ ਅਤੇ ਦਿਲ ਦੀਆਂ ਧੁਰ ਡੁੰਘਾਣਾਂ ਤੋਂ ਤੁਹਾਨੂੰ 'ਜੀ ਆਇਆਂ' ਆਖਦੀ ਹੋਈ ਤੁਹਾਡਾ ਪੁਰਜੋਸ਼ ਸਵਾਗਤ ਕਰਦੀ ਹੈ। ਤੁਸੀਂ ਸਾਡੇ ਆਜ਼ਾਦੀ ਸੰਗਰਾਮ ਦੇ ਮਰਜੀਵੜੇ ਨਾਇਕਾਂ ਦੇ ਖ਼ਾਨਦਾਨ ਦੇ ਹੱਕੀ ਵਾਰਸ ਤੇ ਚਸ਼ਮੋ-ਚਿਰਾਗ਼ ਹੋਣ ਨਾਤੇ ਸਾਡੇ ਵੱਡੇ ਮਾਣ-ਸਤਿਕਾਰ ਦੇ ਪਾਤਰ ਹੋ। ਤੁਸੀਂ 1857 ਦੇ ਗ਼ਦਰ ਦੇ ਖਾੜਕੂ ਆਗੂ ਤਾਤੀਆਜੀ ਖ਼ਾਨਖੋਜੇ ਦੀ ਪੜਪੋਤੀ ਤੇ ਪ੍ਰਸਿੱਧ ਗ਼ਦਰੀ ਯੋਧੇ ਤੇ ਸੰਸਾਰ ਪ੍ਰਸਿੱਧ ਖੇਤੀ ਵਿਗਿਆਨੀ ਪਾਂਡੂਰੰਗ ਖ਼ਾਨ ਖੋਜੇ ਦੀ ਸੁਚੱਜੀ ਤੇ ਸਿਆਣੀ ਧੀ ਹੋ। ਤੁਹਾਡੇ ਸਤਿਕਾਰਯੋਗ ਪੜਦਾਦਾ ਜੀ 1857 ਦੇ ਗ਼ਦਰ ਸਮੇਂ, ਗ਼ਦਰ ਦੇ ਮਹੱਤਵਪੂਰਨ ਆਗੂਆਂ ਵਿਚੋਂ ਇੱਕ, ਤਾਂਤਿਆ-ਟੋਪੇ ਦੇ ਅੰਗ-ਸੰਗ ਹੋ ਕੇ ਮੈਦਾਨ-ਏ-ਜੰਗ ਵਿਚ ਜੂਝੇ ਸਨ। ਗ਼ਦਰ ਦੇ ਫ਼ੇਲ ਹੋਣ ਉਪਰੰਤ ਲੰਮਾਂ ਸਮਾਂ ਗੁੰਮਨਾਮੀ ਦਾ ਜੀਵਨ ਜਿਊਣ ਪਿੱਛੋਂ ਘਰ ਪਰਤੇ ਤਾਂ ਉਹਨਾਂ ਨੇ ਆਪਣੇ ਉਮਰਾਂ ਲੰਮੇ ਸੰਘਰਸ਼ ਦੀਆਂ ਕਹਾਣੀਆਂ ਸੁਣਾ ਕੇ ਆਪਣੇ ਪੋਤਰੇ ਤੇ ਤੁਹਾਡੇ ਸਤਿਕਾਰਯੋਗ ਪਿਤਾ ਸ੍ਰੀ ਪਾਂਡੂਰੰਗ ਖ਼ਾਨ ਖੋਜੇ ਦੀ ਰੂਹ ਅੰਦਰ ਦੇਸ਼-ਪ੍ਰੇਮ ਦੇ ਚਿਰਾਗ਼ ਬਾਲ ਦਿੱਤੇ। ਆਪਣੇ ਦਾਦਾ ਜੀ ਦੇ ਪ੍ਰਭਾਵ ਸਰੂਪ ਪਾਂਡੂਰੰਗ ਖ਼ਾਨ ਖੋਜੇ ਦੇ ਬਾਲ-ਮਨ ਵਿਚ ਹੀ ਦੇਸ਼ ਪ੍ਰੇਮ ਦੀ ਅਜਿਹੀ ਲਗਨ ਪੈਦਾ ਹੋ ਗਈ ਜਿਸਨੇ ਉਹਨਾਂ ਅੰਦਰ ਅੰਗਰੇਜ਼ੀ ਸਾਮਰਾਜ ਦੇ ਵਿਰੋਧ ਦੀ ਅਗਨੀ ਪ੍ਰਜਵੱਲਤ ਕਰ ਦਿੱਤੀ। ਉਹ ਦਾਦਾ ਜੀ ਦੁਆਰਾ ਸੁਣਾਈਆਂ ਗ਼ਦਰ ਦੀਆਂ ਕਹਾਣੀਆਂ ਸੁਣ ਕੇ ਬਚਪਨ ਵਿਚ ਹੀ ਮਹਿਸੂਸ ਕਰਨ ਲੱਗ ਪਏ ਸਨ ਕਿ ਆਜ਼ਾਦੀ ਕਾਂਗਰਸ ਵਾਂਗ 'ਮੰਗ ਕੇ' ਨਹੀਂ ਪਰਾਪਤ ਕੀਤੀ ਜਾ ਸਕਦੀ ਸਗੋਂ ਹਮੇਸ਼ਾ ਲੜ ਕੇ ਹੀ ਪਰਾਪਤ ਹੁੰਦੀ ਹੈ। ਇਸ ਲੜਾਈ ਦਾ ਅਜ਼ਮ ਮਨ ਵਿਚ ਲੈ ਕੇ ਉਹਨਾਂ ਨੇ ਮਹਿਜ਼ 19 ਸਾਲ ਦੀ ਭਰ ਜਵਾਨ ਉਮਰ ਵਿਚ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਆਪਣਾ ਆਪਾ ਸਮਰਪਤ ਕਰ ਕੇ ਵਿਦੇਸ਼ ਨੂੰ ਚਾਲੇ ਪਾ ਦਿੱਤੇ। ਉਹਨਾਂ ਨੇ ਆਪਣੀ ਜਵਾਨੀ ਤੇ ਜ਼ਿੰਦਗੀ ਦੇ ਬਿਹਤਰੀਨ ਸਾਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੀ ਗਈ ਇਨਕਲਾਬੀ ਜੱਦੋਜਹਿਦ ਨੂੰ ਅਰਪਣ ਕਰ ਦਿੱਤੇ। ਅਮਰੀਕਾ ਵਿਚ ਉਹਨਾਂ ਨੇ ਬਾਬਾ ਸੋਹਨ ਸਿੰਘ ਭਕਨਾ ਅਤੇ ਪੰਡਿਤ ਕਾਸ਼ੀ ਰਾਮ ਜਿਹੇ ਆਗੂਆਂ ਨਾਲ ਸੰਪਰਕ ਸਾਧ ਲਿਆ ਤੇ ਗ਼ਦਰ ਪਾਰਟੀ ਦੇ ਸੰਸਥਾਪਕ ਮੋਢੀ ਮੈਂਬਰਾਂ ਵਿਚ ਸ਼ਾਮਲ ਹੋ ਕੇ ਗ਼ਦਰ ਪਾਰਟੀ ਦੇ ਖਾੜਕੂ-ਵਿੰਗ ਦੀ ਕਮਾਨ ਸੰਭਾਲਣ ਦਾ ਇਤਿਹਾਸਕ ਫ਼ਰਜ਼ ਵੀ ਅਦਾ ਕੀਤਾ। ਬਾਬਾ ਸੋਹਨ ਸਿੰਘ ਭਕਨਾ ਦਾ ਨਾਮ ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਪੇਸ਼ ਕਰਨ ਵਾਲੇ ਵੀ ਪਾਂਡੂਰੰਗ ਖ਼ਾਨਖੋਜੇ ਹੀ ਸਨ।
ਏਨਾ ਹੀ ਨਹੀਂ ਉਹਨਾਂ ਨੇ ਵਿਭਿੰਨ ਮੁਲਕਾਂ ਵਿਚ ਘੁੰਮ ਕੇ ਹਮ-ਖ਼ਿਆਲ ਦੇਸ਼ ਭਗਤਾਂ ਨਾਲ ਸਾਂਝ ਤੇ ਸੰਪਰਕ ਬਣਾ ਕੇ ਇਨਕਲਾਬੀ ਲਹਿਰ ਨੂੰ ਉਸਾਰਨ ਤੇ ਉਸਦੇ ਅਕੀਦਿਆਂ ਨੂੰ ਪਰਚਾਰਨ ਦਾ ਵੀ ਹਰ ਸੰਭਵ ਯਤਨ ਕੀਤਾ। ਉਹ ਸਮਾਜਵਾਦੀ ਵਿਚਾਰਧਾਰਾ ਨੂੰ ਪਰਣਾਏ ਗਏ ਤੇ ਦੇਸ਼ ਵਿਚ ਲੁੱਟ-ਰਹਿਤ ਸਮਾਜਕ, ਰਾਜਨੀਤਕ ਤੇ ਆਰਥਕ ਢਾਂਚਾ ਕਾਇਮ ਕਰਨ ਦੀ ਪ੍ਰਬਲ ਇੱਛਾ ਦੀ ਪੂਰਤੀ ਲਈ ਨਿਰੰਤਰ ਗ਼ਤੀਸ਼ੀਲ ਰਹੇ। ਉਹਨਾਂ ਦੀ ਪ੍ਰਤੀਬੱਧਤਾ ਦਾ ਇਸ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਗ਼ਦਰ ਪਾਰਟੀ ਦੇ ਤਤਕਾਲੀ ਸੰਘਰਸ਼ ਤੋਂ ਬਾਅਦ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਚੀਨ ਵਿਚ ਸਨਯੁਤ ਸੇਨ ਨਾਲ ਅਤੇ ਰੂਸ ਵਿਚ ਜਾ ਕੇ ਲੈਨਿਨ ਨਾਲ ਵੀ ਭਾਰਤ ਦੀ ਆਜ਼ਾਦੀ ਦੇ ਸਵਾਲ ਉੱਤੇ ਚਰਚਾ ਕੀਤੀ। ਆਜ਼ਾਦੀ ਲਈ ਲੜੀ ਜਾਣ ਵਾਲੀ ਲੜਾਈ ਨੂੰ ਲਾਮਬੰਦ ਕਰਨ ਲਈ ਜਿਵੇਂ ਉਹ ਰੂਸ, ਚੀਨ, ਜਪਾਨ, ਪਰਸ਼ੀਆ ਆਦਿ ਮੁਲਕਾਂ ਵਿਚ ਘੁੰਮੇ ਇਹ ਉਹਨਾਂ ਅੰਦਰ ਨਿਰੰਤਰ ਬਲ ਰਹੀ ਦੇਸ਼-ਪ੍ਰੇਮ ਦੀ ਜਵਾਲਾ ਦਾ ਅਤੇ ਜਿੰਨਾਂ ਚਿਰ ਦੇਸ਼ ਆਜ਼ਾਦ ਨਹੀਂ ਹੋ ਜਾਂਦਾ ਓਨਾ ਚਿਰ ਆਰਾਮ ਨਾਲ ਨਾ ਬੈਠਣ ਦੀ ਉਹਨਾਂ ਦੀ ਸਾਕਾਰਾਤਮਕ ਬੇਚੈਨੀ ਦਾ ਪ੍ਰਤੱਖ ਪ੍ਰਮਾਣ ਵੀ ਹੈ। ਉਹਨਾਂ ਦੀਆਂ ਗਤੀਵਿਧੀਆਂ ਕਾਰਨ ਉੁਹ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿਚ ਕੰਡੇ ਵਾਂਗ ਰੜਕਦੇ ਰਹੇ ਤੇ ਉਹਨਾਂ ਨੂੰ 'ਪਗੜੀ ਸੰਭਾਲ ਜੱਟਾ ਲਹਿਰ' ਦੇ ਪ੍ਰਸਿੱਧ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਵਾਂਗ ਦੇਸ਼ ਆਜ਼ਾਦ ਹੋਣ ਤੱਕ ਜਲਾਵਤਨੀ ਦਾ ਜੀਵਨ ਭੋਗਣਾ ਪਿਆ। ਜਲਾਵਤਨੀ ਦਾ ਜੀਵਨ ਜਿਊਣ ਲਈ ਆਖ਼ਰਕਾਰ ਉਹਨਾਂ ਨੇ ਮੈਕਸੀਕੋ ਨੂੰ ਚੁਣਿਆਂ, ਜੀਵਨ-ਸਾਥੀ ਦੀ ਚੋਣ ਕੀਤੀ ਤੇ ਅਮਰੀਕਾ ਵਿਚ ਖੇਤੀ ਵਿਗਿਆਨੀ ਵਜੋਂ ਪ੍ਰਾਪਤ ਕੀਤੀ ਆਪਣੀ ਉੱਚ-ਯੋਗਤਾ ਸਦਕਾ ਮੈਕਸੀਕੋ ਵਿਚ ਹਰੇ ਇਨਕਲਾਬ ਦੇ ਜਨਮ-ਦਾਤਾ ਬਣ ਕੇ ਸੰਸਾਰ ਪ੍ਰਸਿੱਧੀ ਹਾਸਲ ਕੀਤੀ। ਦੇਸ਼ ਆਜ਼ਾਦ ਹੋਣ ਉਪਰੰਤ ਦੇਸ਼ ਪਹੁੰਚ ਕੇ ਵੀ ਉਹਨਾਂ ਨੇ ਵਿਦਿਆ ਤੇ ਸਮਾਜ ਭਲਾਈ ਦੇ ਕੰਮਾਂ ਲਈ ਆਪਾ ਸਮਰਪਤ ਕਰ ਦਿੱਤਾ। ਭਾਰਤ ਸਰਕਾਰ ਨੇ ਖੇਤੀਬਾੜੀ ਸੈਕਟਰ ਵਿਚ ਉਹਨਾਂ ਦੀ ਮੁਹਾਰਤ ਦਾ ਬਹੁਮੱਲਾ ਲਾਭ ਵੀ ਪ੍ਰਾਪਤ ਕੀਤਾ। ਇੰਜ ਉਹਨਾਂ ਦਾ ਸਮੁੱਚਾ ਜੀਵਨ ਲੋਕ-ਸੇਵਾ ਤੇ ਦੇਸ਼-ਸੇਵਾ ਨੂੰ ਪ੍ਰਤੀਬੱਧ ਜੀਵਨ ਦੀ ਉੱਤਮ ਤੇ ਸ਼ਾਨਾਮੱਤੀ ਉਦਾਹਰਣ ਹੈ।
ਸਤਿਕਾਰਯੋਗ ਬੀਬੀ ਜੀ! ਤੁਹਾਡੇ ਵਡੇਰਿਆਂ ਨੇ ਜਿੱਥੇ ਇਤਿਹਾਸ ਦੇ ਸਿਰਜਕ ਹੋਣ ਦਾ ਸਾæਨਾਮੱਤਾ ਕਾਰਜ ਕੀਤਾ ਓਥੇ ਤੁਸੀਂ ਇਤਿਹਾਸਕਾਰ ਬਣ ਕੇ ਉਸ ਇਤਿਹਾਸ ਨੂੰ ਲਿਖਣ ਤੇ ਸਾਂਭਣ ਦਾ ਵਡਮੁੱਲੀ ਜ਼ਿੰਮੇਵਾਰੀ ਨਿਭਾ ਕੇ ਵੀ ਵੱਡਾ ਇਤਿਹਾਸਕ ਫ਼ਰਜ਼ ਅਦਾ ਕੀਤਾ ਹੈ। ਤੁਹਾਡੇ ਦੁਆਰਾ ਲਿਖੇ ਇਸ ਇਤਿਹਾਸ ਦੀ ਲਿਖਤੀ ਮਹੱਤਤਾ ਉਸ ਵੇਲੇ ਹੋਰ ਵੀ ਵੱਡੇਰੇ ਮੁੱਲ ਦੀ ਧਾਰਨੀ ਬਣ ਜਾਂਦੀ ਹੈ ਜਦੋਂ ਸਥਾਪਤ ਤਾਕਤਾਂ ਨੇ ਸਾਡੇ ਆਜ਼ਾਦੀ ਸੰਗਰਾਮ ਦੀ ਓਸ ਇਨਕਲਾਬੀ ਧਰੋਹਰ ਨੂੰ ਹਾਸ਼ੀਏ 'ਤੇ ਧੱਕ ਕੇ ਓਹਲੇ ਕਰ ਦਿੱਤਾ ਹੈ ਅਤੇ ਉਹਨਾਂ ਮਰਜੀਵੜਿਆਂ ਦੀ ਹੱਕੀ ਕਮਾਈ ਅਤੇ ਇਤਿਹਾਸਕ ਦੇਣ ਨੂੰ ਲੋਕ-ਚੇਤਨਾ ਵਿਚੋਂ ਇਕ ਤਰ੍ਹਾਂ ਖ਼ਾਰਜ ਹੀ ਕਰ ਛੱੱਡਿਆ ਹੈ। ਤੁਸੀਂ ਡੂੰਘੇ ਤੇ ਵਿਸ਼ਾਲ ਅਧਿਐਨ ਰਾਹੀਂ ਆਪਣੇ ਪਿਤਾ ਪਰ ਸਾਰੀ ਭਾਰਤੀ ਕੌਮ ਦੇ ਸਾਂਝੇ ਤੇ ਮਾਣਮੱਤੇ ਨਾਇਕ ਸ੍ਰੀ ਪਾਂਡੂਰੰਗ ਖ਼ਾਨਖੋਜੇ ਦੇ ਜੀਵਨ-ਸਮਾਚਾਰ ਲਿਖ ਕੇ ਜਿੱਥੇ ਸ੍ਰੀ ਪਾਂਡੂਰੰਗ ਦੇ ਸਮੁੱਚੇ ਜੀਵਨ-ਸੰਘਰਸ਼ ਦੀ ਹਕੀਕੀ ਬਾਤ ਬੜੀ ਬਰੀਕੀ ਤੇ ਸਿਆਣਪ ਨਾਲ ਪਾਈ ਹੈ ਓਥੇ ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਹਿਰੀਕ ਦੇ ਅਨੇਕਾਂ ਪੱਖਾਂ ਤੇ ਪਰਤਾਂ ਤੋਂ ਵੀ ਸਾਨੂੰ ਰੂ-ਸੱਨਾਸ਼ ਕੀਤਾ ਹੈ। ਇਸ ਪੁਸਤਕ ਦਾ ਨਾਮ 'ੀ ੰਹਅਲਲ ਂeਵeਰ ਅਸਕ ੋਰ ਫਅਰਦੋਨ' ਜ਼ਾਹਿਰਾ ਅਤੇ ਪ੍ਰਤੀਕਾਤਮਕ ਅਰਥਾਂ ਵਿਚ ਵੀ ਸੁਝਾਉਂਦਾ ਹੈ ਕਿ ਸ੍ਰੀ ਪਾਂਡੂਰੰਗ ਨੇ ਲੋਕ-ਦੋਖੀ ਤਾਕਤਾਂ ਅੱਗੇ ਸਾਰੀ ਉਮਰ ਆਪਣਾ ਸਿਰ ਨੀਵਾਂ ਨਹੀਂ ਕੀਤਾ ਤੇ ਪੂਰੇ ਸਿਦਕ ਅਤੇ ਸਿਰੜ੍ਹ ਨਾਲ ਲੋਕਾਂ ਦੇ ਭਲੇ ਲਈ ਆਪਣੀ ਜ਼ਿੰਦਗੀ ਸਮਰਪਤ ਕਰ ਦੇਣ ਦੇ ਬਚਪਨ ਵਿਚ ਹੀ ਲਏ ਅਜ਼ਮ ਨੂੰ ਤਾਅ-ਉਮਰ ਪੂਰੀ ਨਿਸ਼ਠਾ ਅਤੇ ਦ੍ਰਿੜ੍ਹਤਾ ਨਾਲ ਨਿਭਾਇਆ।
ਤੁਹਾਡੇ ਵਾਂਗ ਹੀ ਇਸ ਇਤਿਹਾਸਕ ਦਸਤਾਵੇਜ਼ ਦੀ ਮਹੱਤਤਾ ਸਾਡੇ ਸਾਰਿਆਂ ਲਈ ਵੀ ਡਾਢੇ ਮਾਣ ਅਤੇ ਮਹੱਤਵ ਦੀ ਲਖਾਇਕ ਹੈ; ਕਿਉਂਕਿ ਤੁਹਾਡੇ ਵਡੇਰੇ ਤੇ ਉਹਨਾਂ ਦੁਆਰਾ ਸਿਰਜਿਆ ਤੇ ਤੁਹਾਡੇ ਦੁਆਰਾ ਲਿਖਿਆ ਇਤਿਹਾਸ ਇਕੱਲਾ ਤੁਹਾਡਾ ਜਾਂ ਤੁਹਾਡੇ ਪਰਿਵਾਰ ਦਾ ਹੀ ਨਹੀਂ ਸਗੋਂ ਇਹ ਸਾਰੀ ਭਾਰਤੀ ਕੌਮ ਦਾ ਅਮੁੱਲਾ ਸਰਮਾਇਆ ਹੈ। ਇਹ ਅਮੁੱਲਾ ਸਰਮਾਇਆ ਸਾਡੀ ਚੇਤਨਾ ਦੀ ਝੋਲੀ ਵਿਚ ਪਾਉਣ ਲਈ ਜਿੱਥੇ ਤੁਸੀਂ ਸਾਡੇ ਡੂੰਘੇ ਸਨੇਹ ਅਤੇ ਆਦਰ ਦੇ ਹੱਕਦਾਰ ਹੋ ਓਥੇ ਅਸੀਂ ਦੇਸ਼ ਭਗਤ ਪਰਿਵਾਰ ਵੱਲੋਂ ਤੁਹਾਨੂੰ ਇਹ ਦੱਸਣ ਦੀ ਖ਼ੁਸ਼ੀ ਲੈਣਾ ਚਾਹੁੰਦੇ ਹਾਂ ਕਿ ਇਹ ਸਥਾਨ, ਜਿੱਥੇ ਤੁਸੀਂ ਅੱਜ ਹਾਜ਼ਰ ਹੋ, ਤੁਹਾਡੇ ਸਤਿਕਾਰਯੋਗ ਪਿਤਾ ਸ੍ਰੀ ਪਾਂਡੂਰੰਗ ਖ਼ਾਨਖੋਜੇ ਤੇ ਉਹਨਾਂ ਦੇ ਸੰਗੀ-ਸਾਥੀ ਇਨਕਲਾਬੀ ਸੂਰਬੀਰਾਂ-ਸ਼ਹੀਦਾਂ ਦੀ ਪਵਿੱਤਰ ਅਤੇ ਸ਼ਾਨਾਮੱਤੀ ਵਿਰਾਸਤੀ ਯਾਦਗ਼ਾਰ ਹੈ।1958 ਵਿਚ ਇਸ ਯਾਦਗ਼ਾਰ ਦੀ ਸਥਾਪਨਾ ਲਈ ਦਿੱਲੀ ਵਿਚ ਦੇਸ਼-ਭਗਤਾਂ ਦੀ ਬੜੀ ਮਹੱਤਵਪੂਰਨ ਮੀਟਿੰਗ ਹੋਈ ਸੀ। ਸ੍ਰੀ ਪਾਂਡੂਰੰਗ ਖ਼ਾਨਖੋਜੇ ਵੀ ਬਾਬਾ ਸੋਹਨ ਸਿੰਘ ਭਕਨਾ ਅਤੇ ਭੂਪਿੰਦਰਨਾਥ ਦੱਤਾ ਜਿਹੇ ਪੁਰਾਣੇ ਸਾਥੀਆਂ ਨਾਲ ਉਸ ਮੀਟਿੰਗ ਵਿਚ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ ਸਨ ਜਿੱਥੇ ਯਾਦਗ਼ਾਰ ਦੀ ਸਥਾਪਨਾ ਦੇ ਨਾਲ ਨਾਲ ਹਾਸ਼ੀਏ ਤੇ ਧੱਕ ਦਿੱਤੇ ਗਏ ਇਨਕਲਾਬੀ ਇਤਿਹਾਸ ਨੂੰ ਲਿਖਣ, ਸਾਂਭਣ ਤੇ ਪਰਚਾਰਨ-ਪਰਸਾਰਣ ਦਾ ਅਜ਼ਮ ਵੀ ਲਿਆ ਗਿਆ। ਇਸ ਤਰ੍ਹਾਂ ਇਹ 'ਦੇਸ਼ ਭਗਤ ਯਾਦਗ਼ਾਰ ਕੇਂਦਰ' ਸ੍ਰੀ ਪਾਂਡੂਰੰਗ ਤੇ ਸਾਰੇ ਗ਼ਦਰੀ ਸੂਰਬੀਰਾਂ ਦਾ ਆਪਣਾ ਯਾਦ-ਘਰ ਹੈ। ਤੁਸੀਂ ਅੱਜ ਕਿਸੇ ਓਪਰੇ ਥਾਂ ਨਹੀਂ ਆਏ ਸਗੋਂ ਆਪਣੇ ਪਿਤਾ ਅਤੇ ਆਪਣੇ ਹੀ ਚਾਚਿਆਂ-ਤਾਇਆਂ ਤੇ ਬਾਬਿਆਂ ਦੇ ਘਰ ਵਿਚ ਆਏ ਹੋ। ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤੁਸੀਂ ਆਪਣੇ ਪੇਕੇ ਘਰ ਆਏ ਹੋ। ਸਾਡੀ ਸਭਿਆਚਾਰਕ ਰਵਾਇਤ ਹੈ ਕਿ ਮਾਪਿਆਂ ਦੇ ਘਰ ਆਈਆਂ ਧੀਆਂ-ਧਿਆਣੀਆਂ ਤੇ ਭੂਆ-ਭੈਣਾਂ ਨੂੰ ਉਸਦੇ ਪੇਕਿਆਂ ਦੇ ਜੀਅ ਦਿਲ ਦੀਆਂ ਧੁਰ ਡੂੰਘਾਣਾਂ ਤੋਂ ਪਿਆਰ ਵਿਚ ਭਿੱਜ ਕੇ ਸਦਾ ਆਪਣੇ ਦਿਲ ਤੇ ਗਲ ਨਾਲ ਲਾਉਂਦੇ ਆਏ ਹਨ। ਅੱਜ ਤੁਹਾਡੀ ਆਮਦ 'ਤੇ ਜਿੱਥੇ ਅਸੀਂ ਤੁਹਾਡੇ ਭਰਾ-ਭਤੀਜੇ ਆਪਣੇ ਉਹਨਾਂ ਮਹਾਨ ਮਾਪਿਆਂ ਦੀ ਯਾਦ ਨੂੰ ਨਤਮਸਤਕ ਹੁੰਦੇ ਹਾਂ ਓਥੇ ਰਿਸ਼ਤੇ ਅਨੁਸਾਰ ਆਪਣੇ ਪੇਕੇ ਘਰ ਆਈ ਧੀ-ਧਿਆਣੀ, ਭੂਆ ਜਾਂ ਭੈਣ ਨੂੰ ਦਿਲ ਦੇ ਪੂਰੇ ਚਾਅ ਤੇ ਉਮਾਹ ਨਾਲ 'ਜੀ ਆਇਆਂ' ਆਖਦੇ ਹੋਏ ਆਪਣੀ ਡੁੱਲ੍ਹ ਡੁੱਲ੍ਹ ਪੈਂਦੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ।
ਵੱਲੋਂ: ਦੇਸ਼ ਭਗਤ ਯਾਦਗ਼ਾਰ ਕਮੇਟੀ, ਜਲੰਧਰ

No comments: