ਤਿੰਨ ਸਾਲਾਂ 'ਚ 1200 ਪਟਵਾਰੀਆਂ ਦੀ ਹੋਵੇਗੀ ਭਰਤੀ
ਲੁਧਿਆਣਾ, 7 ਮਈ (ਪਰਮੇਸ਼ਰ ਸਿੰਘ)-ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਨਵੀਂ ਭਰਤੀ ਲਈ ਪਹਿਲੇ ਨਿਯਮਾਂ ਵਿਚ ਸੋਧ ਕਰਕੇ ਪਟਵਾਰੀਆਂ ਲਈ ਘੱਟੋ ਘੱਟ ਯੋਗਤਾ ਗਰੈਜੂਏਟ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਇਸ ਵਰ੍ਹੇ ਤੋਂ ਸ਼ੁਰੂ ਹੋ ਰਹੀ ਪਟਵਾਰੀਆਂ ਦੀ ਨਵੀਂ ਭਰਤੀ ਲਈ ਲਾਗੂ ਹੋਵੇਗੀ। ਮਾਲ ਵਿਭਾਗ ਦੇ ਸਕੱਤਰ ਨਵਰੀਤ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿਚ ਖਾਲੀ ਪਈਆਂ ਪਟਵਾਰੀਆਂ ਦੀਆਂ ਆਸਾਮੀਆਂ ਪੁਰ ਕਰਨ ਲਈ ਪੜਾਅਵਾਰ ਭਰਤੀ ਕਰਨ ਦਾ ਫੈਸਲਾ ਕੀਤਾ ਸੀ ਜਿਸ 'ਚੋਂ ਇਸ ਵਰ੍ਹੇ 600 ਪਟਵਾਰੀ ਭਰਤੀ ਕੀਤੇ ਜਾਣੇ ਹਨ ਅਤੇ ਆਉਂਦੇ ਦੋ ਸਾਲਾਂ ਦੌਰਾਨ ਹਰੇਕ ਵਰ੍ਹੇ 300-300 ਪਟਵਾਰੀ ਹੋਰ ਭਰਤੀ ਕੀਤੇ ਜਾਣਗੇ। ਮੰਤਰੀ ਮੰਡਲ ਵੱਲੋਂ ਕੀਤੇ ਫੈਸਲੇ ਮੁਤਾਬਕ ਹੀ ਪਟਵਾਰੀ ਦੇ ਅਹੁਦੇ 'ਤੇ ਨਿਯੁਕਤੀ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ ਵੀ ਦਸਵੀਂ ਤੋਂ ਵਧਾ ਕੇ ਘੱਟੋ-ਘੱਟ ਗਰੈਜੂਏਟ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਨੋਟੀਫਿਕੇਸ਼ਨ ਕਾਨੂੰਨ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਆਉਂਦੇ ਕੁਝ ਦਿਨਾਂ ਦੌਰਾਨ ਜਾਰੀ ਕਰ ਦਿੱਤਾ ਜਾਵੇਗਾ।
No comments:
Post a Comment