ਟੋਰਾਂਟੋ ਵਿੱਚ ਸਕੂਲ ਦੇ ਸਾਹਮਣੇ ਗੋਲੀ ਚੱਲੀ
ਟੋਰਾਂਟੋ, 3 ਨਵੰਬਰ (ਪੋਸਟ ਬਿਊਰੋ) : ਵੀਰਵਾਰ ਨੂੰ ਟੋਰਾਂਟੋ ਪਬਲਿਕ ਸਕੂਲ ਦੇ ਬਾਹਰ ਇੱਕ 19 ਸਾਲਾ ਲੜਕੇ ਤੇ ਅੱਲ੍ਹੜ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਸਮੇਂ ਦੋਵੇਂ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਪੈਰਾਮੈਡਿਕਸ ਸਵੇਰੇ 10:00 ਵਜੇ ਜੇਨ ਸਟਰੀਟ ਤੇ ਗ੍ਰੈਂਡਰੇਵਾਈਨ ਡਰਾਈਵ ਇਲਾਕੇ ਵਿੱਚ ਪਹੁੰਚੇ। ਪੁਲਿਸ ਨੇ ਦੱਸਿਆ ਕਿ ਲੜਕੇ ਨੂੰ ਇੱਥੋਂ ਨੇੜਲੇ ਕਮਿਊਨਿਟੀ ਸੈਂਟਰ ਵਿੱਚੋਂ ਬਾਹਰ ਨਿਕਲਦੇ ਸਮੇਂ ਕਈ ਗੋਲੀਆਂ ਮਾਰੀਆਂ ਗਈਆਂ ਜਦਕਿ ਓਕਡੇਲ ਪਾਰਕ ਮਿਡਲ ਸਕੂਲ ਦੇ ਲਾਨ ਦੇ ਸਾਹਮਣੇ ਖੜ੍ਹੀ 14 ਸਾਲ ਦੀ ਸਮਝੀ ਜਾ ਰਹੀ ਲੜਕੀ ਦੀ ਲੱਤ ਉੱਤੇ ਇੱਕ ਗੋਲੀ ਮਾਰੀ ਗਈ। ਇੰਸਪੈਕਟਰ ਰੈਂਡੀ ਕਾਰਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੰਜ ਲੱਗਦਾ ਹੈ ਜਿਵੇਂ ਕੋਈ ਕਿਸੇ ਦੇ ਕਮਿਊਨਿਟੀ ਸੈਂਟਰ ਤੋਂ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੋਵੇ। ਜਦੋਂ ਇਹ ਵਿਅਕਤੀ ਕਮਿਊਨਿਟੀ ਸੈਂਟਰ ਵਿੱਚੋਂ ਬਾਹਰ ਆਇਆ ਤਾਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਲੜਕੇ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਕਾਰਟਰ ਦਾ ਕਹਿਣਾ ਹੈ ਕਿ ਲੜਕੇ ਦੀ ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ। ਲੜਕੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਬਹੁਤੀ ਖਰਾਬ ਨਹੀਂ ਸੀ। |
No comments:
Post a Comment