jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 14 May 2012

2 ਮਈ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ ਕੁਸ਼ਤੀ ਅੰਬਰ ਦੇ ਤਾਰਿਆਂ ਦਾ ਖੋਜੀ : ਐੱਚ.ਐੱਮ. ਬਿਲਗਾ

www.sabblok.blogspot.com

ਸਾਹਿਤ ਅਤੇ ਸਿਹਤ ਦੀਆਂ ਦੋਵੇਂ ਨਿਆਮਤਾਂ ਦੇ ਸੰਗਮ ਨਾਲ ਭਰਪੂਰ, ''ਕੁਸ਼ਤੀ ਅੰਬਰ ਦੇ ਤਾਰੇ'' ਅਤੇ ''ਕੁਸ਼ਤੀ ਦੇ ਧਨੰਤਰ'' ਨਾਮੀ ਵੱਡ-ਆਕਾਰੀ, ਮੁੱਲਵਾਨ ਪੁਸਤਕਾਂ ਦਾ ਲੇਖਕ, ਕੌਮਾਂਤਰੀ ਪ੍ਰਸਿੱਧੀ ਵਾਲੇ ਕੁਸ਼ਤੀ ਖੇਤਰ ਦੇ ਅਨੇਕਾਂ ਪੱਖਾਂ ਨੂੰ ਸੰਭਾਲਣ ਦਾ ਉੱਦਮ ਕਰਨ ਵਾਲਾ ਸੂਝਵਾਨ ਲੇਖਕ, ਬੇਲੀਆਂ ਦਾ ਸੱਚਾ ਬੇਲੀ, ਸਾਹਿਤ ਪ੍ਰੇਮੀ, ਲੋਕ-ਪੱਖੀ, ਵਿਗਿਆਨਕ ਸੋਚ ਦਾ ਝੰਡਾ ਬਰਦਾਰ ਅਤੇ ਲੋਕ ਹਿੱਤਾਂ ਲਈ ਆਪਾ ਸਮਰਪਤ ਕਰਨ ਵਾਲਿਆਂ ਦੀ ਵਿਰਾਸਤ ਦਾ ਕਦਰਦਾਨ ਐਚ.ਐਮ. ਬਿਲਗਾ 22 ਅਪ੍ਰੈਲ 2012 ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਸਦੀਵੀਂ ਅਲਵਿਦਾ ਆਖ ਗਏ। 
ਜਿਸਦੀ ਕਲਮ ਨੇ ਖੇਡ ਸੰਸਾਰ ਖਾਸ ਕਰਕੇ ਕੁਸ਼ਤੀ ਅਖਾੜਿਆਂ ਅੰਦਰ ਆਪਣੀ ਪ੍ਰਤਿਭਾ ਦੀ ਅਮਿੱਟ ਮੋਹਰ-ਛਾਪ ਛੱਡੀ। ਉਸਦੀ ਸਰੂ ਵਰਗੀ ਜੁਆਨੀ, ਮਿੱਠ ਬੋਲੜਾ ਸੁਭਾਅ, ਅਗਾਂਹਵਧੂ, ਲੋਕ-ਹਿਤੈਸ਼ੀ ਵਿਚਾਰਾਂ ਨਾਲ ਲਬਰੇਜ਼ ਹੋਣ ਅਤੇ ਪ੍ਰਭਾਵਸ਼ਾਲੀ ਜੁੱਸੇ ਦੀ ਚਰਚਾ ਆਮ ਹੀ ਅਖਾੜਿਆਂ 'ਚ ਹੁੰਦੀ ਰਹਿੰਦੀ। ਉਸ ਸਿੱਕੇਬੰਦ ਸੁਡੌਲ ਸਰੀਰ ਵਾਲੇ ਐਚ.ਐਮ. ਬਿਲਗਾ ਨੂੰ ਚੰਦਰੀ ਬਿਮਾਰੀ ਨੇ ਦੇਖਦਿਆਂ ਦੇਖਦਿਆਂ ਪਿੰਜਰ ਬਣਾ ਧਰਿਆ ਅਤੇ ਅੰਤ ਨੂੰ ਉਹ ਸਦੀਵੀਂ ਵਿਛੋੜਾ ਦੇ ਗਏ। 
'ਕੁਸ਼ਤੀ ਅੰਬਰ ਦੇ ਤਾਰੇ' ਪੁਸਤਕ ਵਿੱਚ ਇੱਕ ਇੱਕ ਤਾਰਾ ਜੋੜਨ ਵਾਲਾ ਇਹ ਤਾਰਿਆਂ ਦੀ ਪਾਲ਼ ਦਾ ਮੋਢੀ ਅਤੇ ਖੋਜੀ ਖੁਦ ਹੀ ਬਿਮਾਰੀ ਦੇ ਪੰਜਿਆਂ ਹੇਠ ਬੁਝ ਗਿਆ। 
'ਕੁਸ਼ਤੀ ਦੇ ਧਨੰਤਰ' ਪੁਸਤਕ ਵਾਲਾ ਐਚ.ਐਮ. ਬਿਲਗਾ ਜਿਹੜਾ ਦੋਵੇਂ ਪੁਸਤਕਾਂ 'ਚ ਸ਼ਾਮਲ ਸਖਸ਼ੀਅਤਾਂ ਦੇ ਸਾਰੇ ਪੱਖਾਂ ਦੀ ਖੋਜ-ਪੜਤਾਲ ਦਾ ਵਡੇਰਾ ਕਾਰਜ, ਕੌਮਾਂਤਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਵੱਲੋਂ ਕਦਮ ਸੰਗ ਕਦਮ ਮਿਲਾ ਕੇ ਸਾਂਝੇ ਉੱਦਮ ਨਾਲ ਸਿਰੇ ਚਾੜ੍ਹਨ ਦੀਆਂ ਵੱਡਮੁੱਲੀਆਂ ਸਾਹਿਤਕ ਕਿਰਤਾਂ ਪੰਜਾਬੀ ਸਾਹਿਤ ਦੀ ਝੋਲ ਪਾਉਣ ਲਈ ਗਹਿਰੇ ਅਤੇ ਵਿਸ਼ਾਲ ਸਾਗਰਾਂ ਦੇ ਡੂੰਘੇ ਪਤਾਲਾਂ ਤੱਕ ਟੁੱਭੀਆਂ ਲਾਉਂਦਾ ਰਿਹਾ, ਉਸ ਬਾਰੇ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਦੇਖਦੇ ਦੇਖਦੇ ਹੀ ਸਾਨੂੰ ਵਿਯੋਗ ਦੇ ਕਿਨਾਰੇ ਛੱਡ ਕੇ ਮੌਤ ਦੇ ਸਾਗਰ ਵਿੱਚ ਡੁੱਬ ਜਾਏਗਾ। 
ਐਚ.ਐਮ. ਬਿਲਗਾ ਦਾ ਬਚਪਨ ਦਾ ਨਾਂ ਅਮਰਜੀਤ ਸੀ। ਉਸਦਾ ਜਨਮ ਮਾਂ ਭਾਗਵੰਤੀ ਅਤੇ ਪਿਤਾ ਸੰਤ ਰਾਮ ਦੇ ਘਰ 19 ਦਸੰਬਰ 1949 ਨੂੰ ਬਿਲਗਾ ਪਿੰਡ 'ਚ ਹੋਇਆ, ਜੋ ਹੁਣ ਲੰਮੇ ਅਰਸੇ ਤੋਂ ਫਗਵਾੜੇ ਹੀ ਰਹਿੰਦੇ ਸਨ। 
ਉਹਨਾਂ ਨੇ ਮਾਡਲ ਸਕੂਲ ਫਗਵਾੜਾ ਵਿੱਚ ਬਤੌਰ ਖੇਡ-ਅਧਿਆਪਕ ਸੇਵਾ ਸ਼ੁਰੂ ਕੀਤੀ। ਆਰੀਆ ਸੀਨੀਅਰ ਸਕੈਂਡਰੀ ਸਕੂਲ ਫਗਵਾੜਾ ਨੂੰ ਆਪਣੀ ਕਰਮ-ਭੂਮੀ ਬਣਾਇਆ। ਉਸਦੀਆਂ ਲਿਖਤਾਂ, ਜੀਵਨ-ਪੈੜਾਂ, ਮਿੱਤਰਾਂ ਦੀਆਂ ਯਾਦਾਂ ਗਵਾਹ ਹਨ ਕਿ ਉਹ ਖੇਡ ਸੰਸਾਰ ਦੇ ਮਿਆਰ, ਸੁਹੱਪਣ ਅਤੇ ਪਾਰਦਰਸ਼ਤਾ ਦੀ ਜਾਮਨੀ ਲਈ ਸਦਾ ਸੰਘਰਸ਼ਸ਼ੀਲ ਰਿਹਾ। ਉਹ ਸੰਸਾਰ ਭਰ ਦੇ ਮਿਹਨਤਕਸ਼ਾਂ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਕਾਰਨਾਂ ਅਤੇ ਇਲਾਜ ਦੀ ਘੋਖ ਅਤੇ ਨਿਰਖ ਪਰਖ ਕਰਦੇ ਸਾਹਿਤ ਨਾਲ ਸਦਾ ਜੁੜਿਆ ਰਿਹਾ। ਉਹ ਵਿਸ਼ੇਸ਼ ਖੇਡ ਪੱਤਰਕਾਰ ਵਜੋਂ ਵੀ ਕੰਮ ਕਰਦੇ ਰਹੇ। 
25 ਮਾਰਚ 2008 ਨੂੰ ਆਪਣੀ ਦੀ ਵਿਦਾਇਗੀ ਪਾਰਟੀ ਦੇ ਸੱਦਾ ਪੱਤਰ ਲੋਕਾਂ ਤੱਕ ਪਹੁੰਚਾਉਂਦੀ ਉਹਨਾਂ ਦੀ ਜੀਵਨ-ਸਾਥਣ ਦਲਜੀਤ ਕੌਰ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਈ। ਉਸਦਾ ਵਿਛੋੜਾ ਨਾਸੂਰ ਬਣਕੇ ਰਿਸਦਾ ਰਿਹਾ। ਉਸਦੀ ਯਾਦ ਹਰ ਵਰ੍ਹੇ ਆਪਣੇ ਘਰੇ ਕਵੀ ਦਰਬਾਰ ਆਦਿ ਸਾਹਿਤਕ ਸਮਾਗਮ ਆਯੋਜਿਤ ਕਰਕੇ ਮਨਾਉਂਦੇ ਰਹੇ। ਬਿਲਗਾ ਪਰਿਵਾਰ ਦੇ ਵਡੇਰੇ ਆਜ਼ਾਦੀ ਸੰਗਰਾਮ ਨਾਲ ਜੁੜੇ ਰਹੇ। ਪਰਿਵਾਰ 'ਚੋਂ ਮਿਲੀ ਵਿਗਿਆਨਕ, ਅਗਾਂਹਵਧੂ ਅਤੇ ਲੋਕ-ਹਿੱਤੂ ਵਿਚਾਰਾਂ ਦੀ ਗੁੜ੍ਹਤੀ ਨਾਲ ਉਹਨਾਂ ਆਖਰੀ ਸਾਹਾਂ ਤੱਕ ਵਫ਼ਾ ਪਾਲੀ। 
2 ਮਈ ਨੂੰ ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਉਹਨਾਂ ਦੀ ਯਾਦ 'ਚ ਪਰਿਵਾਰ ਅਤੇ ਸਾਕ ਸਬੰਧੀਆਂ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। 
ਸੁਖਦੇਵ ਸਿੰਘ ਰਾਏਪੁਰ ਡੱਬਾ
ਜਨਰਲ ਸਕੱਤਰ
ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ, ਸ਼ਹੀਦ ਭਗਤ ਸਿੰਘ ਨਗਰ
(ਫੋਨ- 95018 06823)

No comments: