www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਵਿਧਾਨ ਸਭਾ ਚੋਣਾਂ ਹੋਣ ਤੋਂ ਤੁਰੰਤ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਚੈਨਲਾਂ ਅਤੇ ਅਖਬਾਰਾਂ ਵਿਚ ਬਿਆਨ ਦਿੱਤਾ ਸੀ ਕਿ ਮੈਨੂੰ ਲੰਬੀ ਹਲਕੇ ਤੋਂ ਆਪਣੇ ਤਾਇਆ ਜੀ ਬਾਦਲ ਸਾਹਿਬ ਦੀ ਹਾਰ ਦਾ ਸਭ ਤੋਂ ਵੱਡਾ ਦੁੱਖ ਹੋਵੇਗਾ। ਪਰ ਇਸਦੇ ਨਾਲ ਹੀ ਮਨਪ੍ਰੀਤ ਦੇ ਸਤਿਕਾਰਯੋਗ ਪਿਤਾ ਜੀ ਸ: ਗੁਰਦਾਸ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਲੰਬੀ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਹੀ ਜਿੱਤਣਗੇ। ਇਸ ਬਿਆਨ ਤੋਂ ਲੋਕਾਂ ਵਿਚ ਘੁਸਰ ਮੁਸਰ ਸ਼ੁਰੂ ਹੋ ਗਈ ਸੀ ਕਿ ਮਾਮਲਾ ਗੜਬੜ ਹੈ। ਹੋਇਆ ਵੀ ਸੱਚ ਕਿ ਜਦੋਂ ਸ: ਬਾਦਲ ਇਕੱਲੇ ਮਹੇਸ਼ਇੰਦਰ ਬਾਦਲ ਨਾਲ ਚੋਣ ਲੜੇ ਸੀ ਤਾਂ ਉਹ 10 ਕੁ ਹਜ਼ਾਰ ਵੋਟ ਤੇ ਜਿੱਤੇ ਅਤੇ ਹੁਣ ਤਿਕੋਣੀ ਟੱਕਰ ਵਿਚ ਉਸਤੋਂ ਕਿਤੇ ਜਿਆਦਾ ਵੋਟਾਂ ਨਾਲ ਜਿੱਤ ਹੋਈ ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅੰਦਰਖਾਤੇ ਗੁਰਦਾਸ ਸਿੰਘ ਬਾਦਲ ਨੇ ਪਰਕਾਸ਼ ਸਿੰਘ ਬਾਦਲ ਨੂੰ ਵੋਟ ਪਵਾਈ ਹੈ ਅਤੇ ਇਕ ਰਾਜਨੀਤਕ ਚਾਲ ਤਹਿਤ ਇਨਾਂ ਦੋਹਾਂ ਪਰੀਵਾਰਾਂ ਦਾ ਇਹ ਚੋਣ ਵੱਖ ਵੱਖ ਲੜਨਾ ਕਾਂਗਰਸ ਨੂੰ ਹਰਾਉਣ ਲਈ ਇਕ ਰਣਨੀਤੀ ਸੀ ਤਾਂ ਕਿ ਅਕਾਲੀ ਦਲ ਤੋਂ ਰੁੱਸੇ ਲੋਕ ਕਾਂਗਰਸ ਵੱਲ ਜਾਣ ਦੀ ਬਜਾਏ ਪੀਪਲਜ਼ ਪਾਰਟੀ ਨੂੰ ਵੋਟ ਪਾ ਦੇਣਗੇ। ਇਹ ਰਣਨੀਤੀ ਸਫਲ ਰਹੀ ਅਤੇ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਪੀ ਪੀ ਪੀ ਹੀ ਬਣੀ ਅਤੇ ਬਾਦਲ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਸਹਾਈ ਹੋਈ। ਇਸ ਗੱਲ ਦੀ ਪ੍ਰੋੜਤਾ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਵੀ ਕਰ ਚੁੱਕੀ ਹੈ। ਚੋਣਾਂ ਜਿੱਤਣ ਤੋਂ ਬਾਅਦ ਸ: ਪਰਕਾਸ਼ ਸਿੰਘ ਬਾਦਲ ਜਿੱਥੇ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਨੂੰ ਲਗਾਤਾਰ ਮਿਲਦੇ ਗਿਲਦੇ ਆ ਰਹੇ, ਉੱਥੇ ਉਨਾਂ ਨੇ ਆਪਣੇ ਭਰਾ ਲਈ ਇਕ ਮਹਿੰਗੀ ਕੈਮਰੀ ਗੱਡੀ ਸਰਕਾਰ ਵੱਲੋਂ ਦੇਣ ਦਾ ਐਲਾਨ ਵੀ ਕੀਤਾ ਹੈ। ਦੇਣੀ ਵੀ ਚਾਹੀਦੀ ਹੈ, ਕਿਉਂ ਕਿ ਜੇਕਰ ਪੀਪਲਜ਼ ਪਾਰਟੀ ਖੜੀ ਨਾ ਹੁੰਦੀ ਤਾਂ ਅੱਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣੀ ਸੀ। ਇੱਥੇ ਇਕ ਹੋਰ ਅਜਿਹੀ ਰਾਜਨੀਤਕ ਘਟਨਾ ਦਾ ਜਿਕਰ ਕਰਨਾਂ ਬਣਦਾ ਹੈ ਕਿ ਜਦੋਂ ਸ: ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਹਰਚੰਦ ਸਿੰਘ ਫੱਤਣਵਾਲਾ ਮੁਕਤਸਰ ਤੋਂ ਅਕਾਲੀ ਦਲ ਦੀ ਟਿਕਟ ਤੇ ਐਮ ਐਲ ਏ ਦੀ ਚੋਣ ਕਾਂਗਰਸ ਦੇ ਉਮੀਦਵਾਰ ਸ: ਹਰਚਰਨ ਸਿੰਘ ਬਰਾੜ ਨਾਲ ਲੜੇ ਅਤੇ ਸ: ਬਰਾੜ ਨੂੰ ਹਰਾ ਦਿੱਤਾ ਪਰ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਮੁੱਖ ਮੰਤਰੀ ਸ: ਦਰਬਾਰਾ ਸਿੰਘ ਬਣੇ। ਉਸ ਸਮੇਂ ਸ: ਹਰਚੰਦ ਸਿੰਘ ਫੱਤਣਵਾਲਾ ਨੇ ਸ: ਦਰਬਾਰਾ ਸਿੰਘ ਨੂੰ ਮਸ਼ਕਰੀ ਲਹਿਜੇ ਚ ਕਿਹਾ ਕਿ ਮੁੱਖ ਮੰਤਰੀ ਸਾਹਬ ਤੁਹਾਨੂੰ ਮੇਰੀ ਤਸਵੀਰ ਆਪਣੇ ਕਮਰੇ ਚ ਲਗਾਕੇ ਰੱਖਣੀ ਚਾਹੀਦੀ ਹੈ , ਕਿਉਂ ਕਿ ਜੇ ਮੈਂ ਮੁਕਤਸਰ ਤੋਂ ਹਰਚਰਨ ਸਿੰਘ ਬਰਾੜ ਨੂੰ ਨਾਂ ਹਰਾਉਂਦਾ ਤਾਂ ਅੱਜ ਤੁਹਾਡੀ ਥਾਂ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਹਰਚਰਨ ਸਿੰਘ ਬਰਾੜ ਨੇ ਬੈਠੇ ਹੋਣਾ ਸੀ। ਸੋ ਜੇ ਪੀਪਲਜ਼ ਪਾਰਟੀ ਨਾਂ ਹੁੰਦੀ ਤਾਂ ਅੱਜ ਮੁੱਖ ਮੰਤਰੀ ਰਾਜਾ ਸਾਹਿਬ ਨੇ ਹੋਣਾਂ ਸੀ। ਇਹ ਪੀਪਲਜ਼ ਪਾਰਟੀ ਦੀ ਦੇਣ ਹੈ ਕਿ ਅਕਾਲੀ ਦਲ ਦੀ ਸਰਕਾਰ ਦੁਬਾਰਾ ਹੋਂਦ ਵਿਚ ਆਈ। ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਅਸੀਂ ਉਦੋਂ ਹੀ ਇਕ ਲੇਖ ਲਿਖਕੇ ਇਹ ਸ਼ੱਕ ਜਾਹਿਰ ਕੀਤਾ ਸੀ ਕਿ ਇਹ ਕੋਈ ਰਾਜਨੀਤਕ ਚਾਲ ਹੋ ਸਕਦੀ ਹੈ। ਕਿਉਂ ਕਿ ਸ: ਬਾਦਲ ਦੀ ਸਰਕਾਰ ਵਿਚ 4 ਸਾਲ ਖਜ਼ਾਨਾਂ ਮੰਤਰੀ ਰਹਿਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲੇ 4 ਸਾਲ ਬਾਦਲ ਸਰਕਾਰ ਦੀਆਂ ਮਨਮਾਨੀਆਂ ਦਾ ਖਿਆਲ ਕਿਉਂ ਨਾਂ ਆਇਆ। ਮਨਪ੍ਰੀਤ ਬਾਦਲ ਦੇ ਖਜ਼ਾਨਾਂ ਮੰਤਰੀ ਹੁੰਦਿਆਂ ਪੰਜਾਬ ਦੇ ਖਜ਼ਾਨੇ ਦਾ 80 ਪ੍ਰਤੀਸ਼ਤ ਪੈਸਾ ਗਿੱਦੜਬਹਾ, ਬਠਿੰਡਾ, ਲੰਬੀ ਅਤੇ ਜਲਾਲਾਬਾਦ ਹਲਕੇ ਤੇ ਖਰਚ ਹੋਇਆ। ਉਂਦੋਂ ਮਨਪ੍ਰੀਤ ਬਾਦਲ ਨੇ ਇਹ ਕਿਉਂ ਨਾ ਕਿਹਾ ਕਿ ਤਾਇਆ ਜੀ ਬਾਕੀ 113 ਹਲਕਿਆਂ ਚ ਵੀ ਬੰਦੇ ਹੀ ਰਹਿੰਦੇ ਹਨ, ਚਾਰ ਹਲਕਿਆਂ ਨੂੰ ਹੀ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਪਰ ਉਹ ਚੁੱਪ ਰਹੇ ਅਤੇ ਅਖੀਰਲੇ ਸਾਲ ਸਭ ਕੁੱਝ ਮਾੜਾ ਜਾਪਣ ਲੱਗ ਪਿਆ। ਚੋਣਾਂ ਤੋਂ ਬਾਅਦ ਵੀ ਉਨਾਂ ਨੇ ਆਪਣੀ ਪਾਰਟੀ ਦੀ ਕੋਈ ਸਰਗਰਮੀ ਨਹੀਂ ਵਿਖਾਈ ਤੇ ਹੁਣ ਨਗਰ ਨਿਗਮ ਅਤੇ ਹੋਰ ਅਦਾਰਿਆਂ ਦੀਆਂ ਚੋਣਾਂ ਨੂੰ ਅਤੇ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ ਤਾਂ ਕਿ ਨਿਰਾਸ਼ ਵਰਕਰ ਖਿੰਡਪੁੰਡ ਨਾ ਜਾਣ। ਲੋਕਾਂ ਦੀਆਂ ਕਿਆਸ ਅਰਾਂਈਆਂ ਅਨੁਸਾਰ ਇਨਾਂ ਚੋਣਾਂ ਵਿਚ ਵੀ ਅਸਿੱਧੇ ਢੰਗ ਨਾਲ ਅਕਾਲੀ ਦਲ ਦੀ ਹੀ ਮਦਦ ਕੀਤੀ ਜਾਵੇਗੀ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਲੋਕ ਸਭਾ ਦੀ ਚੋਣ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਟਿਕਟ ਤੇ ਹੀ ਲੜਾਈ ਜਾਵੇਗੀ ਅਤੇ ਜਿਤਾਕੇ ਕੇਂਦਰ ਵਿਚ ਭੇਜਿਆ ਜਾਵੇਗਾ। ਭਾਵੇਂ ਮਨਪ੍ਰੀਤ ਸਿੰਘ ਬਾਦਲ ਇਨਾਂ ਕਿਆਸ ਅਰਾਂਈਆਂ ਦਾ ਖੰਡਨ ਕਰ ਰਹੇ ਹਨ ਪਰ ਉਨਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ ਨੇ ਗੋਲਮੋਲ ਗੱਲ ਕਰ ਦਿੱਤੀ ਹੈ ਕਿ ਹਾਲੇ ਤਾਂ ਅਕਾਲੀ ਦਲ ਵਿਚ ਰਲੇਵੇਂ ਦੀ ਕੋਈ ਗੱਲ ਨਹੀਂ ਪਰ ਫੇਰ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਸਿਆਸਤ ਵਿਚ ਸਭ ਸੰਭਵ ਹੈ।
No comments:
Post a Comment