jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 29 May 2012

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਦਾ ਐਲਾਨ

www.sabblok.blogspot.com




 


ਸੂਬਾਈ ਸਿਖਰ ਸਮਾਗਮ ਯਾਦਗਾਰ ਹਾਲ 'ਚ 1 ਨਵੰਬਰ 2013 ਨੂੰ

ਜਲੰਧਰ, 24 ਮਈ:                                               24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਜਨਮੇ, ਗ਼ਦਰ ਪਾਰਟੀ ਦੇ ਜਿਸ ਬਾਲ-ਜਰਨੈਲ ਨੂੰ 19 ਵਰ੍ਹਿਆਂ ਦੀ ਉਮਰ 'ਚ ਬਰਤਾਨਵੀ ਹਕੂਮਤ ਨੇ ਲਾਹੌਰ ਕੇਂਦਰੀ ਜੇਲ੍ਹ 'ਚ ਫਾਂਸੀ ਲਟਕਾ ਦਿੱਤਾ ਸੀ ਅੱਜ ਉਸਦੇ ਜਨਮ ਦਿਹਾੜੇ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇਸ਼-ਵਿਦੇਸ਼ ਅੰਦਰ ਮਨਾਉਣ ਲਈ ਦੋ ਵਰ੍ਹੇ ਲੰਮੀ ਮੁਹਿੰਮ ਸਬੰਧੀ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 'ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਉਦੇਸ਼ ਅਤੇ ਸਰਗਰਮੀ ਦੀ ਰੂਪ-ਰੇਖਾ' ਕਿਤਾਬਚਾ ਲੋਕ-ਅਰਪਣ ਕੀਤਾ ਗਿਆ।  ਕਮੇਟੀ ਵਲੋਂ 2008 ਤੋਂ ਸ਼ੁਰੂ ਕੀਤੀ ਲੜੀਵਾਰ ਮੁਹਿੰਮ ਨੂੰ ਅੱਜ ਬੁਲੰਦੀ 'ਤੇ ਪਹੁੰਚਾਉਣ ਲਈ ਸਿਖਰ ਸ਼ਤਾਬਦੀ ਸਮਾਰੋਹ 2013 ਦੀ ਆਧਾਰਸ਼ਿਲਾ ਅਤੇ ਕਾਰਜ-ਸੇਧ ਐਲਾਨ ਕੀਤੀ ਗਈ। 
         ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਹੁਣ ਤੋਂ ਸ਼ੁਰੂ ਹੋਈ ਇਸ ਲੜੀ ਦੇ ਸਿਖਰ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਮਾਰੋਹ-2013 ਗ਼ਦਰੀ ਬਾਬਿਆਂ ਦੇ 1 ਨਵੰਬਰ 2013 'ਚ ਮੇਲੇ ਦੀ ਸਿਖਰ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਯਾਦਗਾਰੀ ਅੰਦਾਜ਼ 'ਚ ਮਨਾਇਆ ਜਾਏਗਾ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ 'ਚ ਪ੍ਰਵੇਸ਼ ਹੁੰਦਿਆਂ ਹੀ ਬਣੇ ਖੁੱਲ੍ਹੇ ਪਾਰਕ ਅਤੇ ਮੰਚ ਨੂੰ 'ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ' ਦਾ ਨਾਂਅ ਦਿੱਤਾ ਗਿਆ।  ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸਰਾਭਾ ਦੇ ਜਨਮ ਦਿਨ 'ਤੇ ਜਿਥੇ ਆਰਥਕ, ਸਮਾਜਕ, ਰਾਜਨੀਤਕ ਅਤੇ ਜਿਹਨੀ ਗ਼ੁਲਾਮੀ ਦਾ ਹਨੇਰਾ ਦੂਰ ਕਰਨ ਅਤੇ ਆਜ਼ਾਦ, ਜਮਹੂਰੀ, ਧਰਮ-ਨਿਰਪੱਖ, ਖੁਸ਼ਹਾਲ, ਜਾਤ-ਪਾਤ ਦੇ ਭੇਦ ਭਾਵ ਤੋਂ ਮੁਕਤ, ਔਰਤ ਵਰਗ ਦੀ ਬਰਾਬਰੀ ਅਤੇ ਸਾਂਝੀਵਾਲਤਾ ਭਰੇ ਸਮਾਜ ਦੀ ਸਿਰਜਣਾ ਲਈ ਕੁਰਬਾਨ ਹੋਵੇ ਰੌਸ਼ਨ ਦਿਮਾਗ ਇਨਕਲਾਬੀ ਦੇਸ਼ ਭਗਤਾਂ ਦੀ ਸੋਚ ਦੀ ਰੌਸ਼ਨੀ, ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ 2013 'ਚ ਹੋਣ ਵਾਲੇ ਸਿਖ਼ਰ ਸਮਾਗਮ ਰਾਹੀਂ ਲੋਕਾਂ ਤੱਕ ਲਿਜਾਣ ਦਾ ਸੰਕਲਪ ਉਚਿਆਇਆ ਗਿਆ।
ਅੱਜ ਜਾਰੀ ਕੀਤੇ ਕਿਤਾਬਚੇ 'ਚ ਗ਼ਦਰ ਲਹਿਰ ਦੇ ਉਠਾਣ ਵੇਲੇ ਦੇ ਦੌਰ ਬਾਰੇ ਜ਼ਿਕਰਯੋਗ ਹੈ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਅਮਰੀਕਾ ਦੀ ਧਰਤੀ 'ਤੇ ਵਸਦੇ ਭਾਰਤੀਆਂ ਨੇ 'ਹਿੰਦੋਸਤਾਨੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਸੀ।  ਇਕ ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਅਤੇ ਮਕਬੂਲੀਅਤ ਸਦਕਾ ਇਸਨੂੰ ਗ਼ਦਰ ਪਾਰਟੀ ਵਜੋਂ ਹੀ ਜਾਣਿਆ ਜਾਣ ਲੱਗਾ।  ਇਸ ਗ਼ਦਰ ਲਹਿਰ 'ਚ 8000 ਲੋਕ ਅਮਰੀਕਾ, ਕੈਨੇਡਾ, ਹਾਂਗਕਾਂਗ ਅਤੇ ਫਿਲਪਾਈਨ ਆਦਿ ਦੇਸ਼ਾਂ ਤੋਂ ਆਪਣਾ ਸਭ ਕੁੱਝ ਨਿਛਾਵਰ ਕਰਨ ਦੇ ਦ੍ਰਿੜ ਇਰਾਦੇ ਅਤੇ ਦੇਸ਼ ਭਗਤੀ ਲਈ ਸਮਰਪਤ ਵਿਚਾਰਧਾਰਾ ਨਾਲ ਲੈਸ ਹੋ ਕੇ ਆਏ।  ਆਜ਼ਾਦੀ ਲਈ ਆਖਰੀ ਦਮ ਤੱਕ ਜੂਝਦੇ ਰਹੇ।  ਇਨ੍ਹਾਂ ਗ਼ਦਰੀ ਦੇਸ਼ ਭਗਤਾਂ 'ਚੋਂ 202 ਨੂੰ ਫਾਂਸੀ ਲਟਕਾਇਆ ਗਿਆ, 316 ਨੂੰ ਉਮਰ ਕੈਦ ਦੀਆਂ ਸਖ਼ਤ ਸਜ਼ਾਵਾਂ ਦੇ ਕੇ ਕਾਲੇ ਪਾਣੀ ਵਰਗੀਆਂ ਨਰਕੀ ਜੇਲ੍ਹਾਂ 'ਚ ਸੁੱਟਿਆ ਗਿਆ।  121 ਨੂੰ ਘੱਟ ਸਖ਼ਤ ਸਜ਼ਾਵਾਂ ਹੋਈਆਂ।  ਗ਼ਦਰ ਲਹਿਰ ਦੀਆਂ ਅਗਲੀਆਂ ਕੜੀਆਂ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗਾਵਤਾਂ ਅਤੇ ਆਜ਼ਾਦ ਹਿੰਦ ਫੌਜ ਤੱਕ ਗ਼ਦਰ ਲਹਿਰ ਵੀ ਅਮਿੱਟ ਮੋਹਰ ਛਾਪ ਰਹੀ ਹੈ ਅਤੇ ਅੱਜ ਗ਼ਦਰ ਲਹਿਰ ਦੇ ਉਦੇਸ਼ਾਂ ਦੀ ਪ੍ਰਸੰਗਕਤਾ ਹੋਰ ਵੀ ਉੱਘੜ ਅਤੇ ਤਿੱਖੀ ਹੋ ਗਈ ਹੈ ਜਦੋਂ ਵਿਸ਼ਵੀਕਰਣ ਦੇ ਨਾਂਅ ਹੇਠ ਸਾਡੇ ਵਰਗੇ ਮੁਲਕ ਅੰਦਰ ਲੋਕਾਂ ਦੀ ਲੁੱਟ ਅਤੇ ਕੁੱਟ ਦਾ ਸਿਲਸਿਲਾ ਹੋਰ ਵੀ ਵਿਆਪਕ ਅਤੇ ਤਿੱਖਾ ਕਰ ਦਿੱਤਾ ਹੈ। 
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਸੌ ਵਰ੍ਹੇ ਪਹਿਲਾਂ ਇਹ ਅਹਿਦ ਲਿਆ ਕਿ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਵਸਦੇ ਗ਼ਦਰੀ ਦਾ ਮੁੱਢਲਾ ਫਰਜ਼ ਹੋਏਗਾ ਉਥੇ ਚੱਲ ਰਹੀ ਸਾਮਰਾਜ ਵਿਰੋਧੀ ਲਹਿਰ 'ਚ ਡਟਕੇ ਆਪਣਾ ਯੋਗਦਾਨ ਪਾਉਣਾ, ਇਉਂ ਕਰਕੇ ਉਹ ਨਾਲ ਦੀ ਨਾਲ ਹੀ ਆਪਣੀ ਮਾਂ ਧਰਤੀ ਉਪਰ ਚੱਲ ਰਹੇ ਸਾਮਰਾਜ ਵਿਰੋਧੀ ਆਜ਼ਾਦੀ ਸੰਗਰਾਮ 'ਚ ਵੀ ਹਿੱਸਾ ਪਾ ਰਿਹਾ ਹੋਵੇਗਾ।  ਉਨ੍ਹਾਂ ਨੇ ਬਦੇਸ਼ੀ ਅਤੇ ਦੇਸੀ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਾਕੇ, ਖਰੀ ਕੌਮੀ ਆਜ਼ਾਦੀ ਦਾ ਸੁਪਨਾ ਲਿਆ।  ਉਹਨਾਂ ਦੇ ਇਹ ਸੁਪਨੇ ਅਧੂਰੇ ਹਨ।  ਸ਼ਤਾਬਦੀ ਰਸਮੀ ਤੌਰ 'ਤੇ ਮਨਾਉਣ ਦਾ ਕੋਈ ਅਰਥ ਨਹੀਂ ਅਸਲ 'ਚ ਵਕਤ ਦੀ ਲੋੜ ਤਾਂ ਗ਼ਦਰ ਲਹਿਰ ਦੇ ਉਦੇਸ਼ਾਂ ਦੀ ਪਰਸੰਗਕਤਾ ਉਭਾਰਨ ਦੀ ਹੈ ਅਤੇ ਗ਼ਦਰੀ ਸੋਚਵਾਨਾਂ ਵਾਂਗ ਗੰਭੀਰਤਾ ਨਾਲ ਅੱਗੇ ਲੱਗਕੇ ਲੋਕਾਂ ਨੂੰ ਜਾਗਣ ਅਤੇ ਜੂਝਣ ਦਾ ਹੋਕਾ ਦੇਣ ਦੀ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਪਣੇ ਸੰਬੋਧਨ 'ਚ ਗੱਲ ਅੱਗੇ ਤੋਰਦਿਆਂ ਕਿਹਾ ਕਿ ਅੱਜ ਜਦੋਂ 65 ਵਰ੍ਹਿਆਂ ਮਗਰੋਂ ਵੀ ਸਾਡੇ ਮੁਲਕ ਦੇ ਮੁੱਠੀ ਭਰ ਅਜ਼ਾਰੇਦਾਰ ਘਰਾਣਿਆਂ ਕੋਲ ਕੁੱਲ ਪੂੰਜ਼ੀ ਦਾ 80 ਪ੍ਰਤੀਸ਼ਤ ਤੋਂ ਵੀ ਵੱਧ ਧਨ ਦੌਲਤ ਹੈ ਅਤੇ ਦੂਜੇ ਬੰਨੇ 80 ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਗੁਜ਼ਾਰਾ ਕਰ ਰਹੇ ਹਨ।  ਇਨ੍ਹਾਂ ਹਾਲਤਾਂ ਅੰਦਰ ਜਦੋਂ ਅਸੀਂ ਪੰਜਾਬ, ਮੁਲਕ ਦੇ ਹੋਰਨਾਂ ਥਾਵਾਂ ਅਤੇ ਬਦੇਸ਼ਾਂ ਅੰਦਰ ਜਿੱਥੇ ਵੀ ਸ਼ਤਾਬਦੀ ਸਮਾਰੋਹਾਂ ਦੀ ਲੜੀ ਤੋਰਨ ਜਾ ਰਹੇ ਹਾਂ ਉਥੇ ਸਾਡਾ ਕੇਂਦਰੀ ਨੁਕਤਾ ਹੋਏਗਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹਨਾਂ ਨੂੰ ਭੁੱਖ-ਨੰਗ, ਕਰਜ਼ੇ, ਗਰੀਬੀ, ਮੰਦਹਾਲੀ, ਖੁਦਕੁਸ਼ੀਆਂ, ਬੇਰੁਜ਼ਗਾਰੀ, ਸਿੱਖਿਆ, ਸਿਹਤ, ਅਸ਼ਲੀਲ ਸਭਿਆਚਾਰ, ਫਿਰਕਾਪ੍ਰਸਤੀ, ਜਾਤ-ਪਾਤ, ਹਰ ਵੰਨਗੀ ਦੀ ਵਿਤਕਰੇਬਾਜ਼ੀ, ਔਰਤਾਂ ਉਪਰ ਚੌਤਰਫ਼ੇ ਦਾਬੇ ਅਤੇ ਜ਼ਬਰ ਜ਼ੁਲਮ ਤੋਂ ਮੁਕਤ ਨਿਜ਼ਾਮ ਸਿਰਜਣ ਲਈ ਗ਼ਦਰੀ ਸੋਚਵਾਨ, ਚਿੰਤਨਸ਼ੀਲ ਅਤੇ ਰੌਸ਼ਨ ਦਿਮਾਗ ਦੇਸ਼ ਭਗਤਾਂ ਦੇ ਪਾਏ ਪੂਰਨਿਆਂ 'ਤੇ ਹੋਰ ਅੱਗੇ ਵੱਧਕੇ ਆਪਣੇ ਸਵੈਮਾਣ ਭਰਿਆ ਪ੍ਰਬੰਧ ਸਿਰਜਣ ਲਈ ਲੋਕਾਂ ਨੂੰ ਸੰਘਰਸ਼ਸ਼ੀਲ ਹੋਣ ਦਾ ਸੱਦਾ ਦੇਣਾ।
ਸ਼ਤਾਬਦੀ ਸਮਾਰੋਹ ਦੇ ਸਿਖਰ 2013 ਤੱਕ ਚੱਲਣ ਵਾਲੀਆਂ ਸਰਗਰਮੀਆਂ ਸੂਤਰਬੱਧ ਕਰਨ ਲਈ ਉਚੇਚੇ ਤੌਰ 'ਤੇ ਜੱਥੇਬੰਦ ਕੀਤੀ 'ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ' ਦੇ ਕਨਵੀਨਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਨੌਨਿਹਾਲ ਸਿੰਘ ਨੇ ਮੀਡੀਆ ਪਰਿਵਾਰ ਅੱਗੇ ਮੁਹਿੰਮ ਦੀ ਤਫ਼ਸੀਲ ਅਤੇ ਕਾਰਜਾਂ ਬਾਰੇ ਬਿਆਨਦਿਆਂ ਕਿਹਾ ਕਿ ਸ਼ਤਾਬਦੀ ਦੀ ਸਫ਼ਲਤਾ ਲਈ ਅਸੀਂ ਦੇਸ਼ ਵਿਦੇਸ਼ ਵਿਸ਼ੇਸ਼ ਕਰਕੇ ਪੰਜਾਬ ਦੇ ਸਮੂਹ ਬੁੱਧੀਜੀਵੀਆਂ, ਇਤਿਹਾਸਕਾਰਾਂ, ਖੋਜ਼ਕਾਰਾਂ, ਲੇਖਕਾਂ, ਸਾਹਿਤਕਾਰਾਂ ਅਤੇ ਪੱਤਰਕਾਰ ਭਾਈਚਾਰੇ ਸਮੇਤ ਗ਼ਦਰ ਲਹਿਰ ਦੀਆਂ ਵਾਰਸ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਸ ਮੁਹਿੰਮ 'ਚ ਖ਼ੁਦ ਅੱਗੇ ਹੋਕੇ ਆਪਣੇ ਹਿੱਸੇ ਦਾ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ।  ਉਨ੍ਹਾਂ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਗ਼ਦਰੀ ਸਿਰਫ਼ 'ਜੋਸ਼' ਭਰਪੂਰ ਨਹੀਂ ਸਨ।  ਉਹ ਗੰਭੀਰ ਇਨਕਲਾਬੀ ਸਨ ਜਿਨ੍ਹਾਂ ਪਾਸ ਬਦੇਸ਼ੀ ਅਤੇ ਦੇਸੀ ਲੋਕ-ਦੋਖੀ ਪ੍ਰਬੰਧ ਮੂਲੋਂ ਬਦਲਕੇ ਨਵਾਂ, ਤਰੱਕੀਪਸੰਦ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਸਮਾਜ ਸਿਰਜਣ ਦੀ ਦੂਰ-ਦ੍ਰਿਸ਼ਟੀ ਸੀ।  ਉਹ ਸਿਰਫ ਜਾਂਬਾਜ ਸੂਰਮੇ ਹੀ ਨਹੀਂ ਸਨ ਇਸ ਤੋਂ ਕਿਤੇ ਵਧਕੇ ਉਹ ਬੌਧਿਕ ਪੱਖੋਂ ਚੇਤਨ ਅਤੇ ਰੌਸ਼ਨ ਦਿਮਾਗ ਅਸਧਾਰਣ ਸਖਸ਼ੀਅਤਾਂ ਸਨ।

ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਦੇਸ਼-ਭਗਤਾਂ ਦੀ ਵੱਡ-ਅਕਾਰੀ ਸੂਚੀ ਤਿਆਰ ਕੀਤੀ ਹੈ।  ਜਿਹੜੀ ਸਥਾਨਕ ਅਤੇ ਇਲਾਕਾ ਪੱਧਰ 'ਤੇ ਆਪਣੇ ਮਹਿਬੂਬ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਸਿਜਦਾ ਕਰਨ ਲਈ ਲੋਕਾਂ ਨੂੰ ਨਾਲ ਲੈ ਕੇ ਤੁਰਨ 'ਚ ਮਦਦਗਾਰ ਸਾਬਤ ਹੋਏਗੀ।  ਪਿੰਡਾਂ 'ਚ ਯਾਦਗਾਰਾਂ, ਲਾਇਬਰੇਰੀਆਂ ਬਣਾਉਣ, ਸਾਂਝੀਆਂ ਥਾਵਾਂ ਤੇ ਉਨ੍ਹਾਂ ਗ਼ਦਰੀਆਂ ਬਾਰੇ ਜਾਣਕਾਰੀ ਬਿਆਨਦੇ ਬੋਰਡ ਲਗਾਉਣ, ਸਮਾਗਮ ਕਰਨ 'ਚ ਮੱਦਦ ਮਿਲੇਗੀ।
ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗੀਤਾਂ, ਕਵੀਸ਼ਰੀ ਅਤੇ ਢਾਡੀ ਰੰਗ 'ਚ ਢੁਕਵੀਂ ਕੈਸਿਟ, ਗੀਤ-ਸੰਗ੍ਰਿਹ ਛਪਵਾਉਣ, ਦਸਤਾਵੇਜ਼ੀ ਫ਼ਿਲਮ, ਗ਼ਦਰ ਸ਼ਤਾਬਦੀ ਨੂੰ ਸਮਰਪਤ ਰੰਗ ਮੰਚ ਦੀਆਂ ਵਰਕਸ਼ਾਪਾਂ ਲਗਾਕੇ ਗ਼ਦਰੀ ਸਾਹਿਤ/ਸਭਿਆਚਾਰ ਨੂੰ ਸਮੋਂਦੀ ਅਤੇ ਅਜੋਕੀਆਂ ਚੁਣੌਤੀ ਨੂੰ ਮੁਖ਼ਾਤਬ ਹੁੰਦੀ ਸਭਿਆਚਾਰਕ ਲਹਿਰ ਖੜੀ ਕੀਤੀ ਜਾਏਗੀ।  ਉਹਨਾਂ ਨੇ ਪੰਜਾਬ ਦੇ ਸਮੂਹ ਰੰਗ ਕਰਮੀਆਂ, ਕਵੀਆਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਬਦਲਵਾਂ ਇਨਕਲਾਬੀ ਸਭਿਆਚਾਰ ਉਸਾਰਕੇ ਗ਼ਦਰੀ ਸ਼ਹੀਦਾਂ ਨੂੰ ਹਕੀਕੀ ਸ਼ਰਧਾਂਜ਼ਲੀ ਦੇਣ ਲਈ ਅੱਗੇ ਆਉਣ।  

No comments: