ਜੀ ਐਸ ਸੀ: ਟੋਸਮਾਸਟਰ ਕਲੱਬ ਦੇ ਗਠਨ ਸਮੇਂ ਹਾਜ਼ਰ ਸ਼ਖਸ਼ੀਅਤਾਂ। ਤਸਵੀਰ ਗੁਰਭੇਜ ਸਿੰਘ ਚੌਹਾਨ |
ਦੁਬਈ 25 ਜੂਨ ( ਗੁਰਭੇਜ ਸਿੰਘ ਚੌਹਾਨ ) ਸਰਬੱਤ ਦਾ ਭਲਾ ਸੰਸਥਾ ਦੁਬਈ ਜੋ ਕਿ ਪੰਜਾਬੀ ਅਤੇ ਸਿੱਖ ਕੌਮ ਨੂੰ ਹਰ ਪਾਸਿਉਂ ਨਿਖਾਰਨ ਲਈ ਪੁਰਜੋਰ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ, ਭਾਵੇਂ ਉਹ ਸੰਗੀਤ ਵਿੱਦਿਆ ਹੋਵੇ,ਭਾਵੇਂ ਖੇਡਾਂ ਦੀ ਸਿਖਲਾਈ ਅਤੇ ਭਾਵੇਂ ਕੋਈ ਇਲਸਾਨੀਅਤ ਨਾਲ ਜੁੜੇ ਹੋਰ ਭਲੇ ਦੇ ਕੰਮ ਹੋਣ। ਆਪਣੇ ਸੰਸਥਾ ਦੇ ਮੈਂਬਰਾਂ ਦਾ ਵਾਰਤਾਲਾਪ ਅਤੇ ਲੀਡਰਸ਼ਿਪ ਦੇ ਗੁਣਾਂ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਟੋਸਮਾਸਟਰ ਨਾਂ ਦੀ ਇਕ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਹੈ। ਟੋਸਮਾਸਟਰ ਜੋ ਕਿ ਦੁਨੀਆਂ ਵਿਚ ਇਕ ਪ੍ਰਸਿੱਧ ਸੰਸਥਾ ਹੈ ਜੋ ਕਿ ਹਰ ਵਰਗ ਦੇ ਲੋਕਾਂ ਦੀ ਅੰਗਰੇਜ਼ੀ ਵਿਚ ਬੋਲਣ ਦੀ ਮੁਹਾਰਤ ਨੂੰ ਨਿਖਾਰਨ ਵਿਚ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਨਿਖਾਰਨ ਵਿਚ ਬਹੁਤ ਹੀ ਸਹਾਇਕ ਸਿੱਧ ਹੋਈ ਹੈ। ਸਰਬੱਤ ਦਾ ਭਲਾ ਸੰਸਥਾ ਦੇ ਸ਼ੋਸ਼ਲ ਵਿੰਗ ਦੇ ਹੈੱਡ ਅਤੇ ਸੰਸਥਾ ਦੇ ਟੋਸਮਾਸਟਰ ਕਲੱਬ ਦੇ ਪ੍ਰਧਾਨ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਇਹ ਇਕ ਸ਼ੁਰੂਆਤ ਹੈ ਜੋ ਦੁਬਈ ਦੀ ਧਰਤੀ ਤੋਂ ਕੀਤੀ ਗਈ ਹੈ ਪਰ ਅਸੀਂ ਇਸ ਸੋਚ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਵਾਂਗੇ ਤਾਂ ਜੋ ਜਿੱਥੇ ਪੰਜਾਬੀ ਅਤੇ ਸਿੱਖ ਦੁਨੀਆਂ ਭਰ ਵਿਚ ਬਿਜ਼ਨਸ ਦੀਆਂ ਸਿਖਰਾਂ ਛੋਹਣ ਵਿਚ ਮੰਨੇ ਪ੍ਰਮੰਨੇ ਹਨ ਉੱਥੇ ਉਹ ਇਕ ਚੰਗੇ ਬੁਲਾਰੇ ਅਤੇ ਦੁਨੀਆਂ ਦੇ ਸੁਘੜ ਨੇਤਾ ਵਜੋਂ ਵੀ ਕੌਮ ਦਾ ਮਾਰਗ ਦਰਸ਼ਨ ਕਰਨਗੇ। ਸੰਸਥਾ ਦੀ ਇਸ ਸ਼ੁਰੂਆਤ ਨਾਲ ਨੌਜਵਾਨਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪੂਰੀ ਟੀਮ ਦਾ ਮੰਨਣਾ ਹੈ ਕਿ ਇਸ ਦੀ ਸ਼ੁਰੂਆਤ ਨਾਲ ਮੈਂਬਰਾਂ ਨੂੰ ਆਪਣੇ ਆਪਣੇ ਕਿੱਤੇ ਵਿਚ ਅੱਗੇ ਵਧਣ ਲਈ ਬਹੁਤ ਸਹਾਇਤਾ ਮਿਲੇਗੀ ਅਤੇ ਉਹ ਆਪਣੀ ਕੰਪਨੀ ਦੀ ਤਰੱਕੀ ਵਿਚ ਇਕ ਭਰਵਾਂ ਯੋਗਦਾਨ ਪਾ ਸਕਣਗੇ। ਸੰਸਥਾ ਦੀ ਇਹ ਕਲੱਬ ਜੋ ਕਿ ਵੈੱਲਫੇਅਰ ਆਫ ਮੇਨਕਾਈਂਡ ਦੇ ਅੰਗਰੇਜ਼ੀ ਨਾਮ ਨਾਲ ਜਾਣੀ ਜਾਵੇਗੀ। ਇਸਦੀਆਂ ਸਿਖਲਾਈ ਮੀਟਿੰਗਾਂ ਦਾ ਸਿਲਸਿਲਾ ਹਰ ਮਹੀਨੇ ਦੇ ਦੂਜੇ ਚੌਥੇ ਮੰਗਲਵਾਰ ਨੂੰ ਚਲਦਾ ਰਹੇਗਾ। ਟੋਸਮਾਸਟਰ ਸੰਸਥਾ ਦੇ ਗਵਰਨਰ ਸ਼੍ਰੀ ਕਿਰੂਬਾਨੰਦਨ ਅਨੁਸਾਰ ਇਸ ਪਹਿਲੀ ਮੀਟਿੰਗ ਵਿਚ ਸਿਖਲਾਈ ਦਾ ਮਾਰਗ ਦਰਸ਼ਨ ਕਰਨ ਲਈ ਸੀਨੀਅਰ ਟੋਸਮਾਸਟਰ ਵੀ ਸ਼ਾਮਲ ਹੋਣਗੇ। ਇਸ ਮੌਕੇ ਤੇ ਸੰਸਥਾ ਵੱਲੋਂ ਪ੍ਰਭਦੀਪ ਸਿੰਘ, ਅਮਨਜੀਤ ਸਿੰਘ, ਸਰਵਣ ਸਿੰਘ, ਦਿਲਦੀਪ ਸਿੰਘ, ਦਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਵਿਜੇ ਕੁਮਾਰ, ਹਰਮਿੰਦਰ ਸਿੰਘ ਅਤੇ ਬਲਜਿੰਦਰ ਕੌਰ ਹਾਜ਼ਰ ਸਨ।
No comments:
Post a Comment