jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 3 April 2014

2 ਅਪ੍ਰੈਲ ਨੂੰ ਜਨਮ ਦਿਨ ਸੰਬੰਧੀ ਸਮਾਗਮ ਤੇ ਵਿਸ਼ੇਸ਼ ----ਸੰਘਰਸ਼ ਭਰੀ ਸਦੀ ਦਾ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ

www.sabblok.blogspot.com

ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ।ਉਹਨਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ। ਆਪ ਆਪਣੇ ਭੈਣਾਂ ਭਰਾਵਾਂ 'ਚਂੋਂ ਸਭ ਤੋਂ ਛੋਟੇ ਸਨ। ਇਹਨਾਂ ਤੋਂ ਵੱਡੇ ਇਹਨਾਂ ਦੇ ਇੱਕ ਭਰਾ ਚੌਧਰੀ ਰਾਮ ਬਖਸ਼ ਤੇ ਇਹਨਾਂ ਦੇ ਬਾਪ ਦੇ ਪਹਿਲੇ ਵਿਆਹ ਤੋਂ ਦੋ ਭੈਣਾਂ ਸਨ। ਇਹ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਇਹਨਾਂ ਦੇ ਬਾਪ ਦੀ ਅਕਾਲ ਮ੍ਰਿਤੂ ਦਾ ਕਹਿਰ ਪਰਿਵਾਰ 'ਤੇ ਟੁੱਟ ਪਿਆ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਹਨਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ ਪਰ ਫੇਰ ਵੀ ਪੂਰੀ ਨਾ ਪਈ ਅਤੇ ਅਖੀਰ ਘਰ ਘਾਟ ਤਕ ਵੀ ਗਰਵੀ ਰੱਖਣਾ ਪਿਆ। ਭਗਤ ਸਿੰਘ ਬਿਲਗਾ ਬਚਪਨ ਵਿੱਚ ਮਾਲਵੇ ਦੇ ਪਿੰਡ ਅਜੀਤ ਵਾਲ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ। ਉੱਥੋਂ ਮਿਡਲ ਪਾਸ ਕਰਕੇ ਉਹਨਾਂ ਨੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਕੱਟਣ ਖਾਤਿਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਪਹੁੰਚੇ ਪਰ ਉਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ।

ਬਾਬਾ ਭਗਤ ਸਿੰਘ ਬਿਲਗਾ 2 ਅਪ੍ਰੈਲ 1907 ਤੋਂ 22 ਮਈ 2009 ਤੱਕ ਦੀ ਲੰਮੀ ਸਰਗਰਮ ਜ਼ਿੰਦਗੀ ਜੀਉ ਕੇ ਗੁਜ਼ਰੇ ਹਨ। ਬਾਬਾ ਜੀ ਦੇ ਬਰਤਾਨਵੀ ਸਾਮਰਾਜ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਹਨਾਂ ਦੇ ਵਿਦਿਆਰਥੀ ਜੀਵਨ ਵਿੱਚ ਭਾਵ ਲੁਧਿਆਣੇ ਪੜ੍ਹਦੇ ਸਮੇਂ ਹੀ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ 'ਤੇ ਇਹਨਾਂ ਨੇ ੍ਹਪਿ ੍ਹਪਿ ੍ਹੁਰਰaੇ ਕਹਿਣ ਦੀ ਥਾਂ ਵਾਇਸਰਾਏ ਹਾਏ ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲ ਕੀਤੀ। ਘਰ ਦੀ ਗ਼ਰੀਬੀ ਧੋਣ ਲਈ ਕਮਾਈ ਕਰਨ ਲਈ ਉਹ ਵੇਦਸ਼ ਗਏ ਤੇ 21 ਸਾਲ ਦੀ ਉਮਰ ਵਿੱਚ 1928 ਨੂੰ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਵਾਲੀ ਅਰਜਨਟਾਈਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ  ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜੱਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਬਿਲਗਾ ਜੀ ਮਾਰਕਸਵਾਦ ਅਤੇ ਫੌਜੀ ਵਿਦਿਆ ਦੀ ਉਚੇਰੀ ਟਰੇਨਿੰਗ ਲੈਣ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਰਤੇ। ਉਹਨਾਂ ਨੇ 1934 ਤੋਂ 1936 ਤੱਕ ਕਲੱਕਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਲਾਹੌਰ ਦੇ ਕਿਲੇ ਵਿੱਚ ਦੋ ਮਹੀਨੇ ਅਣ ਮਨੁੱਖੀ ਤਸੀਹੇ ਦਿੱਤੇ ਗਏ ਅਤੇ ਰਿਹਾਈ ਉਪਰੰਤ ਇੱਕ ਸਾਲ ਲਈ ਪਿੰਡ ਬਿਲਗਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਾਬਾ ਬਿਲਗਾ ਜੀ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਉਹਨਾਂ ਨੇ ਕਾਂਗਰਸ ਦੇ ਗੁਜਰਾਤ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੂੰ 1939 ਵਿੱਚ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾ ਹੋਣ 'ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਉਹਨਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ। 1947-48 ਵਿੱਚ ਫਿਰਕੂ ਵੰਡ ਦਾ ਵਿਰੋਧ ਕਰਨ 'ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਭਗਤ ਸਿੰਘ ਬਿਲਗਾ ਜੀ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿਚ ਖੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ 'ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਉਹਨਾਂ ਨੂੰ 1971 ਵਿੱਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨ 'ਤੇ 4 ਮਹੀਨੇ ਪਟਿਆਲੇ ਜੇਲ਼੍ਹ ਵਿੱਚ ਕੈਦ ਰੱਖਿਆ ਗਿਆ। ਉਹਨਾਂ ਦੇ ਆਖਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ 'ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸੰਬੰਧੀ ਕੀਤੇ ਰੋਸ ਮਾਰਚ ਨੂੰ ਉਹਨਾਂ ਦੇ ਵਿਦਰੋਹੀ ਜੀਵਨ ਦਾ ਆਖਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਮਾਰਚ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵੀਲ੍ਹ ਚੇਅਰ 'ਤੇ ਬੈਠ ਕੇ ਕੀਤੀ। ਬਾਬਾ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ, ਨਾਬਰਾਬਰੀ, ਬੇਗਾਨਗੀ ਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੇ ਨਾਲ ਨਾਲ ਉਮਰ ਭਰ ਰੰਗ, ਨਸਲ, ਧਰਮ ਤੇ ਜਾਤੀ ਵਿਤਰਕੇ ਦੇ ਖਿਲਾਫ਼ ਵੀ ਨਿਰੰਤਰ ਅਤੇ ਪੂਰੀ ਤਨਦੇਹੀ ਨਾਲ ਜੱਦੋ-ਜਹਿਦ ਕੀਤੀ।ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਖਾਤਿਰ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਸਮੁੱਚੇ ਮਾਨਵੀ ਸਮਾਜ ਪ੍ਰਤੀ ਦਿੱਤੀਆਂ ਵੱਡਮੁਲੀਆਂ ਸੇਵਾਵਾਂ ਦੇ ਇਵਜ਼ ਵਿੱਚ ਕੋਈ ਵੀ ਸਰਕਾਰੀ ਪੈਨਸ਼ਨ ਜਾਂ ਕੋਈ ਹੋਰ ਸੁਵਿਧਾ ਪ੍ਰਵਾਨ ਨਹੀਂ ਕੀਤੀ ਪਰ ਉੇਹਨਾਂ ਨੂੰ ਦੁਨੀਆਂ ਭਰ ਵਿੱਚੋਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਅਤੇ ਸਨਮਾਨਜਨਕ ਖਿਤਾਬ ਮਿਲਦੇ ਰਹੇ। ਉਹਨਾਂ ਨੇ ਇੱਕ ਰਾਸ਼ਟਰੀ ਅਵਾਰਡ 'ਸਦੀ ਦਾ ਹੌਸਲਾ ਅਤੇ ਬਹਾਦੁਰੀ ਦਾ ਸਨਮਾਨ' ਸਿਰਫ਼ ਆਪਣੇ ਪਿਆਰਿਆਂ ਦੇ ਜ਼ੋਰ ਦੇਣ ਤੇ ਇਸ ਕਰਕੇ ਪ੍ਰਵਾਨ ਕੀਤਾ ਕਿ ਇਸ ਨਾਲ ਕੋਈ ਵਿੱਤੀ ਲਾਭ ਨਹੀਂ ਸੀ ਜੁੜਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਰਨ ਉਪਰਾਂਤ 'ਪੰਜਾਬ ਰਤਨ' ਦਾ ਖਿਤਾਬ ਦੇਕੇ ਸਨਮਾਨਿਤ ਕੀਤਾ। ਇਸ ਵਿੱਚ ਵੀ ਕੋਈ ਨਕਦ ਰਾਸ਼ੀ ਨਾ ਸ਼ਾਮਿਲ ਹੋਣ ਕਰਕੇ ਹੀ ਉਹਨਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ। 

ਬਾਬਾ ਭਗਤ ਸਿੰਘ ਬਿਲਗਾ ਜੀ ਨੇ ਆਜ਼ਾਦੀ ਉਪਰੰਤ ਆਜ਼ਾਦੀ ਸੰਗਰਾਮੀਏ ਗ਼ਦਰੀ ਯੋਧਿਆਂ ਦੀ ਯਾਦਗਾਰ 'ਦੇਸ਼ ਭਗਤ ਯਾਦਗਾਰ ਹਾਲ ਜਲੰਧਰ' ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ । ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਵਿਸ਼ਾਲ ਯਾਦਗਾਰ ਦਾ ਨਿਰਮਾਣ ਕਰਵਾਇਆ ਤੇ ਫਿਰ ਇਸ ਨੂੰ ਅਗਾਂਹਵਧੂ ਤੇ ਧਰਮ ਨਿਰਪੱਖ ਲੋਕਾਂ ਦੇ ਮੰਚ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਆਪ ਸੈਮੀਨਾਰ ਕਰਵਾ ਕੇ, ਕਾਨਫਰੰਸਾਂ ਕਰਵਾ ਕੇ, ਨਾਟਕ ਮੇਲੇ ਕਰਵਾ ਕੇ ਤੇ ਚੇਤਨਾ ਰੈਲੀਆਂ ਕੱਢ ਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕੀਤਾ। 

ਬਾਬਾ ਜੀ ਨੇ ਜਿਥੇ ਸਮੁੱਚੇ ਦੇਸ਼ ਅਤੇ ਸਮੁੱਚੀ ਅਗਾਂਹਵਧੂ ਲਹਿਰ ਲਈ ਸੁਹਿਰਦਤਾ ਨਾਲ ਕੰਮ ਕੀਤਾ ਉੱਥੇ ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਸਰਵਪੱਖੀ ਵਿਕਾਸ ਲਈ ਵੀ ਸ਼ਲਾਘਾਯੋਗ ਉਪਰਾਲੇ ਕੀਤੇ। ਉਹਨਾਂ ਨੇ ਆਪਣੀ ਜਵਾਨੀ ਵਿੱਚ ਹੀ ਭਾਵ 1935-36 ਵਿੱਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ ਖੁੱਲ੍ਹਵਾਇਆ ਅਤੇ ਖੁਦ ਉਸਦੀ ਨਿਗਰਾਨੀ ਕੀਤੀ।ਉਹਨਾਂ ਨੇ 1953 ਵਿੱਚ ਬਿਲਗੇ ਵਿਖੇ ਲੜਕਿਆਂ ਦਾ ਹਾਈ ਸਕੂਲ ਖੁੱਲ੍ਹਵਾਇਆ। ਉਹ ਲੜਕੀਆਂ ਦੇ ਕਾਲਜ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ ਉਹਨਾਂ ਨੇ ਇਲਾਕੇ ਵਿੱਚ 1969 ਈ. ਵਿੱਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ 'ਤੇ ਖੁੱਲ੍ਹੇ 'ਗੁਰੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ'  ਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਮੰਜਕੀ ਦੇ ਨਿਰਮਾਣ ਤੇ ਸੰਚਾਲਨ ਵਿੱਚ ਯੋਗਦਾਨ ਪਾਇਆ। ਉਹਨਾਂ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਕਾਮਰੇਡ ਕਰਤਾਰ ਸਿੰਘ ਦੀ ਬਹੁ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ਕਰੋੜਾਂ ਰੁਪਇਆਂ ਦੀ ਲਾਗਤ ਵਾਲਾ ਵੱਡ ਆਕਾਰੀ 'ਜਨਰਲ ਹਸਪਤਾਲ ਬਿਲਗਾ' ਬਿਲਗਾ ਨੂਰਮਹਿਲ ਰੋਡ 'ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ ਵਿੱਚ ਯੋਗਦਾਨ ਪਾਇਆ, ਜਿਸਦਾ ਨੀਂਹ ਪੱਥਰ 13 ਅਪ੍ਰੈਲ 2000 ਈ. ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ।

ਬਾਬਾ ਬਿਲਗਾ ਜੀ ਨੇ ਜਿੱਥੇ ਆਜ਼ਾਦੀ ਦੀ ਲੜਾਈ ਅਤੇ ਲੋਕ ਹਿਤਾਇਸ਼ੀ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ, ਉੱਥੇ ਉਹਨਾਂ ਨੇ ਲੋਕ ਹਿਤਾਇਸ਼ੀ ਲਹਿਰ ਅਤੇ ਇਸਦੇ ਨਾਇਕਾਂ ਨਾਲ ਸੰਬੰਧਿਤ ਇਤਿਹਾਸਿਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਵੀ ਕੀਤੀ। ਉਹਨਾਂ ਦੀਆਂ ਪੁਸਤਕਾਂ 'ਗਦਰ ਲਹਿਰ ਦੇ ਅਣਫੋਲੇ ਵਰਕੇ', 'ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ ਅਤੇ 'ਜੀਵਨੀ ਨਿਰਭੈ-ਯੋਧਾ, ਬਾਬਾ ਗੁਰਮੁਖ ਸਿੰਘ ਲਲਤੋਂ' ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛੱਪਣ ਵਾਲੇ ਉਹਨਾਂ ਦੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ ਹਨ। ਆਪਣੇ ਲੋਕਾਂ ਦੇ ਬਿਹਤਰ ਭਵਿੱਖ ਲਈ ਇੱਕ ਸਦੀ ਲੰਬਾ ਸੰਘਰਸ਼ ਕਰਨ ਵਾਲੇ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ ਜੀ ਨੂੰ ਅਸੀਂ ਉਨ੍ਹਾਂ ਦੇ ਇੱਕ ਸੌ ੬ਵੇ ਜਨਮ ਦਿਨ ਦੇ ਅਵਸਰ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

No comments: