ਮਲੇਰਕੋਟਲਾ—ਉਂਝ ਤਾਂ ਅਕਾਲੀ-ਭਾਜਪਾ ਗਠਜੋੜ ਦੇ ਨੇਤਾ ਇਹ ਕਹਿੰਦੇ ਨਹੀਂ ਥੱਕਦੇ ਕਿ ਇਸ ਵਾਰ ਉਹ ਪੰਜਾਬ ਤੋਂ 13 ਦੀਆਂ 13 ਸੀਟਾਂ ਜਿੱਤਣਗੇ ਪਰ ਸ਼ਾਇਦ ਲੋਕਾਂ ਨੂੰ ਉਨ੍ਹਾਂ ਦੇ ਇਹ ਦਾਅਵੇ ਜ਼ਿਆਦਾ ਰਾਸ ਨਹੀਂ ਆ ਰਹੇ ਅਤੇ ਉਹ ਹਲਕਿਆਂ ਵਿਚ ਹੋਣ ਵਾਲੀਆਂ ਰੈਲੀਆਂ ਵਿਚ ਉਤਸ਼ਾਹ ਨਾਲ ਸ਼ਾਮਲ ਨਹੀਂ ਹੋ ਰਹੇ ਅਤੇ ਰੈਲੀਆਂ ਵਿਚ ਭੀੜ ਦਿਖਾਉਣ ਲਈ ਉਨ੍ਹਾਂ ਨੂੰ ਮਨਰੇਗਾ ਕਰਮਚਾਰੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਹਾਲ ਹੀ ਵਿਚ ਇਹ ਨਜ਼ਾਰਾ ਹਲਕਾ ਫਤਹਿਗੜ੍ਹ ਵਿਖੇ ਅਕਾਲੀ-ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਰੈਲੀ ਵਿਚ ਦੇਖਣ ਮਿਲਿਆ। ਰੈਲੀ ਵਿਚ ਉਚੇਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਖੁਬੀਰ ਬਾਦਲ ਮੌਜੂਦ ਸਨ ਪਰ ਲੋਕਾਂ ਦਾ ਕੋਈ ਠਾਠਾਂ ਮਾਰਦਾ ਇਕੱਠ ਰੈਲੀ ਵਿਚ ਹਿੱਸਾ ਲੈਣ ਨਹੀਂ ਆਇਆ। ਰੈਲੀ ਵਿਚ ਜੋ ਲੋਕ ਮੌਜੂਦ ਸਨ ਉਹ ਮਨਰੇਗਾ ਵਰਕਰ ਦੱਸੇ ਜਾ ਰਹੇ ਸਨ। ਇਸ ਬਾਬਤ ਜਦੋਂ ਸੁਖਬੀਰ ਬਾਦਲ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਮਨਰੇਗਾ ਵਰਕਰ ਨਹੀਂ ਸਗੋਂ ਅਕਾਲੀ ਦਲ ਦੇ ਵਰਕਰ ਹੀ ਹਨ।
ਦਿਲਚਸਪ ਗੱਲ ਇਹ ਹੈ ਕਿ 13 ਸੀਟਾਂ ਦਾ ਦਾਅਵਾ ਕਰਨ ਵਾਲਾ ਇਹ ਗਠਜੋੜ ਅਜੇ ਤੱਕ ਰੈਲੀਆਂ  ਵਿਚ ਭੀੜ ਇਕੱਠੀ ਕਰਨ ਵਿਚ ਅਸਫਲ ਰਿਹਾ ਹੈ ਤਾਂ ਇਹ ਚੋਣਾਂ ਵਿਚ ਸਫਲਤਾ ਕਿਵੇਂ ਹਾਸਲ ਕਰੇਗਾ। ਪਟਿਆਲਾ ਅਤੇ ਹੁਸ਼ਿਆਰਪੁਰ ਦੀਆਂ ਰੈਲੀਆਂ ਇਸ ਗੱਲ ਦਾ ਸਬੂਤ ਪੇਸ਼ ਕਰਦੀਆਂ ਹਨ।