jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 4 April 2014

ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ ਲਈ ਕਾਗਜ ਦਾਖਲ ਕੀਤੇ

www.sabblok.blogspot.com

ਸਰਕਾਰੀ ਮਸੀਨਰੀ ਦੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ

ਬਠਿੰਡਾ/4 ਅਪਰੈਲ/ ਬੀ ਐਸ ਭੁੱਲਰ

        ਆਪਣੇ ਸਹਿਯੋਗੀਆਂ ਆਗੂਆਂ ਇੱਥੋਂ ਤੱਕ ਕਿ ਰਾਜਸੀ ਗੁਰੂ ਨੂੰ ਠਿੱਬੀ ਲਾ ਕੇ ਸੱਤ੍ਹਾ ਦੇ ਸਿਖ਼ਰ ਤੇ ਪੁੱਜੇ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਆਪਣਾ ਮਸਲਾ ਤਾਂ ਕੋਈ ਰਹਿਣ ਨਹੀਂ ਦਿੱਤਾ, ਲੇਕਿਨ ਆਮ ਜਨਤਾ ਦੀਆਂ ਮੁਸਕਿਲਾਂ ਬਰਕਰਾਰ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪਲਜ ਪਾਰਟੀ, ਕਾਂਗਰਸ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਚੋਣ ਕਮਿਸਨ ਤੋਂ ਮੰਗ ਕੀਤੀ ਕਿ ਇਸ ਅਤੀ ਸੁਖਮ ਹਲਕੇ ਦੀਆਂ ਵੋਟਾਂ ਪਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ।

* ਵੋਟਾਂ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ

* ਚੋਣ ਕਮਿਸਨ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰ

* ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ

* ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ

* ਸੋਨੀਆਂ, ਰਾਹੁਲ, ਪ੍ਰਿਯਕਾ, ਕੈਪਟਨ, ਬਾਜਵਾ, ਦਿਆਲ, ਬਰਨਾਲਾ ਪੁੱਜਣਗੇ

   ਨਾਮਜਦਗੀ ਕਾਗਜ ਦਾਖਲ ਕਰਨ ਉਪਰੰਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਉਹਨਾਂ ਦੀ ਲੜਾਈ ਸਿਰਫ ਅਕਾਲੀ ਦਲ ਨਾਲ ਹੀ ਨਹੀਂ ਬਲਕਿ ਸਮੁੱਚੀ ਪੰਜਾਬ ਸਰਕਾਰ ਨਾਲ ਹੈ, ਕਿਉਂਕਿ ਸੂਬੇ ਦੀ ਸਾਰੀ ਸਰਕਾਰੀ ਮਸੀਨਰੀ ਦੀ ਉਹਨਾਂ ਦੇ ਵਿਰੋਧੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਮਲੋਟ ਨੇੜਲੇ ਛਾਪਿਆਂਵਾਲੀ ਪੋਲੀਟੈਕਨਿਕ ਕਾਲਜ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਬਲਵਿੰਦਰ ਸਿੰਘ ਨੂੰ ਪੇਸ ਕਰਦਿਆਂ ਉਹਨਾਂ ਦੱਸਿਆ ਕਿ ਉਸਨੂੰ ਇਸ ਰੁਤਬੇ ਤੋਂ ਇਸ ਲਈ ਅਲਹਿਦਾ ਹੋਣਾ ਪੈ ਗਿਐ, ਕਿਉਂਕਿ ਖ਼ੁਦ ਮੁੱਖ ਮੰਤਰੀ ਸ੍ਰ: ਬਾਦਲ ਨੇ ਇਹ ਸੁਨੇਹਾ ਭੇਜਿਆ ਸੀ ਕਿ ਅਗਰ ਉਸਨੇ ਅਜਿਹਾ ਨਾ ਕੀਤਾ ਤਾਂ ਸਾਂਝੇ ਮੋਰਚੇ ਦੇ ਉਮੀਦਵਾਰ ਦੀ ਮੱਦਦ ਕਰਨ ਬਦਲੇ ਭਿਆਨਕ ਨਤੀਜੇ ਭੁਗਤਣੇ ਪੈਣਗੇ।

        ਵਾਰ ਵਾਰ ਸਿਕਾਇਤਾਂ ਕਰਨ ਦੇ ਬਾਵਜੂਦ ਵੀ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਨਪ੍ਰੀਤ ਨੇ ਅਪੀਲ ਕੀਤੀ ਕਿ ਲੋਕ ਰਾਜ ਨੂੰ ਸੱਦਾਮ ਹੁਸੈਨਾ ਤੇ ਹੋਸੀ ਮੁਬਾਰਕਾਂ ਦੀ ਮੁਥਾਜੀ ਤੋਂ ਬਚਾਉਣ ਲਈ ਚੋਣ ਕਮਿਸਨ ਨੂੰ ਚਾਹੀਦਾ ਹੈ ਕਿ ਉਹ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰੇ। ਰਾਜਨੀਤਕ ਦਾਦਾਗਿਰੀ ਦੇ ਚਲਦਿਆਂ ਬਠਿੰਡਾ ਨੂੰ ਦੇਸ ਦੇ ਪੰਦਰਾਂ ਅਤੀ ਸੰਗੀਨ ਹਲਕਿਆਂ ਚੋਂ ਇੱਕ ਹੋਣ ਨੂੰ ਲੋਕਤੰਤਰ ਲਈ ਮੰਦਭਾਗਾ ਮਨਦਿਆਂ ਉਹਨਾਂ ਮੰਗ ਕੀਤੀ ਕਿ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਣ।

        ਮੁੱਖ ਮੰਤਰੀ ਵਲੋਂ ਉਹਨਾਂ ਤੇ ਵਾਰ ਵਾਰ ਲਾਏ ਜਾ ਰਹੇ ਇਸ ਦੋਸ ਕਿ ਉਹਨਾਂ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਬੇਵਫ਼ਾਈ ਕੀਤੀ ਹੈ, ਨੂੰ ਸਿਰੇ ਤੋਂ ਰੱਦ ਕਰਦਿਆਂ ਮਨਪ੍ਰੀਤ ਨੇ ਸੁਆਲ ਕੀਤੀ ਕਿ ਸੱਤ੍ਹਾ ’ਚ ਹੁੰਦਿਆਂ ਉਹਨਾਂ ਜੇਕਰ ਭ੍ਰਿਸਟਾਚਾਰ ਜਾਂ ਇਖਲਾਕਹੀਣਤਾ ਵਾਲਾ ਕੋਈ ਕੰਮ ਕੀਤੈ ਤਾਂ ਉਹ ਬੇਝਿਜਕ ਅਜਿਹੇ ਦੋਸ਼ ਨੂੰ ਮੰਨਣ ਲਈ ਤਿਆਰ ਹਨ, ਲੇਕਿਨ ਹਕੀਕਤ ਇਹ ਹੈ ਕਿ ਅਹਿਮ ਵਜਾਰਤ ਨੂੰ ਠੋਕਰ ਮਾਰਦਿਆਂ ਉਹਨਾਂ ਉਹ ਰਾਹ ਅਪਣਾਇਆ ਹੈ, ਜਿਸਤੇ ਨੰਗੇ ਧੜ ਤੁਰ ਕੇ ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ।

        ਬਾਦਲ ਪਰਿਵਾਰ ਵੱਲੋਂ ਬਠਿੰਡਾ ਨੂੰ ਪੈਰਿਸ ਤੇ ਕੈਲੇਫੋਰਨੀਆਂ ’ਚ ਤਬਦੀਲ ਕਰਨ ਦੇ ਦਾਅਵਿਆਂ ਤੇ ਸੁਆਲ ਖੜਾ ਕਰਦਿਆਂ ਉਹਨਾਂ ਪੁੱਛਿਆ ਕਿ ਉਹ ਜਰਾ ਇਹ ਤਾਂ ਦੱਸਣ ਕਿ ਇਸ ਇਲਾਕੇ ਨੂੰ ਕੈਂਸਰ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਇਲਾਵਾ ਉਹਨਾਂ ਨੇ ਹੋਰ ਦਿੱਤਾ ਹੀ ਕੀ ਹੈ। ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਮਨਪ੍ਰੀਤ ਨੇ ਸੱਦਾ ਦਿੱਤਾ ਕਿ ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਤੇ ਸੱਟ ਮਾਰਨ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ। ਮਨਪ੍ਰੀਤ ਨੇ ਦੱਸਿਆ ਕਿ ਕਿਸੇ ਹੋਰ ਮਨਪ੍ਰੀਤ ਬਾਦਲ ਦੇ ਕਾਗਜ ਭਰਵਾ ਕੇ ਪਤੰਗ ਚੋਣ ਨਿਸਾਨ ਹਥਿਆਉਣ ਲਈ ਬਾਦਲਾਂ ਦੇ ਹੱਥਕੰਡਿਆਂ ਨੂੰ ਅਸਫਲ ਬਣਾਉਣ ਵਾਸਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਨਿਸਾਨ ਪੰਜੇ ਤੇ ਚੋਣ ਲੜਣ ਦਾ ਫੈਸਲਾ ਲਿਆ ਹੈ।

        ਇਹ ਵਿਚਾਰ ਪ੍ਰਗਟ ਕਰਦਿਆਂ ਕਿ ਰਾਜਨੀਤਕ ਆਗੂਆਂ ਨੂੰ ਕਿਸੇ ਵਿਅਕਤੀ ਵਿਸੇਸ਼ ਨਾਲੋਂ ਧਰਤੀ ਮਾਂ ਅਤੇ ਕੌਮ ਪ੍ਰਤੀ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ, ਮਨਪ੍ਰੀਤ ਨੇ ਸੀਨੀਅਰ ਬਾਦਲ ਨੂੰ ਸੁਆਲ ਕੀਤਾ ਕਿ ਉਹ ਉਸ ਉਪਰ ਦਗਾ ਕਮਾਉਣ ਦੇ ਦੋਸ ਲਾਉਣ ਤੋਂ ਪਹਿਲਾਂ ਆਪਣੀ ਜਮੀਰ ਤੋਂ ਇਹ ਤਾਂ ਪੁੱਛਣ ਕਿ ਸੱਤ੍ਹਾ ਦੇ ਸਿਖ਼ਰਲੇ ਟੰਬੇ ਤੇ ਚੜਣ ਲਈ ਉਹਨਾਂ ਜਥੇਦਾਰ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਜ: ਗੁਰਚਰਨ ਸਿੰਘ ਟੌਹੜਾ ਇੱਥੋਂ ਤੱਕ ਕਿ ਆਪਣੇ ਰਾਜਸੀ ਗੁਰੂ ਸ੍ਰ: ਤੇਜਾ ਸਿੰਘ ਬਾਦਲ ਨੂੰ ਵੀ ਠਿੱਬੀ ਲਾਉਣ ਤੋਂ ਗੁਰੇਜ ਕਿਉਂ ਨਾ ਕੀਤਾ।

        ਸਰਕਾਰੀ ਅਫ਼ਸਰਾਂ ਨੂੰ ਨਿਰਪੱਖਤਾ ਨਾਲ ਡਿਉਟੀ ਨਿਭਾਉਣ ਦੀ ਅਪੀਲ ਕਰਦਿਆਂ ਮਨਪ੍ਰੀਤ ਨੇ ਉਹਨਾਂ ਨੂੰ ਪੁੱਛਿਆ ਕਿ ਅਹੁਦਾ ਪ੍ਰਾਪਤ ਕਰਨ ਵੇਲੇ ਉਹਨਾਂ ਭਾਰਤੀ ਸੰਵਿਧਾਨ ਦੀ ਕਸਮ ਖਾਧੀ ਸੀ ਜਾਂ ਸੁਖਬੀਰ ਬਾਦਲ ਦੀ। ਸਹਿਯੋਗੀ ਪਾਰਟੀਆਂ ਅਤੇ ਆਮ ਲੋਕਾਂ ਤੋਂ ਮਿਲ ਰਹੇ ਮਿਲਵਰਤਨ ਦਾ ਹਵਾਲਾ ਦਿੰਦਿਆਂ ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਿੱਤ ਯਕੀਨੀ ਹੈ। ਇੱਕ ਸੁਆਲ ਦੇ ਜਵਾਬ ਵਿੱਚ ਮਨਪ੍ਰੀਤ ਨੇ ਦੱਸਿਆ ਕਿ ਉਹ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਡਾ: ਜੁਗਿੰਦਰ ਦਿਆਲ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਚੋਣ ਮੁਹਿੰਮ ਵਿੱਚ ਸਾਮਲ ਹੋਣ ਲਈ ਸੱਦਾ ਦਿੱਤਾ ਹੈ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ 15 ਅਪਰੈਲ ਤੋਂ ਬਾਅਦ ਬਠਿੰਡਾ ਦੌਰੇ ਤੇ ਆਉਣਗੇ।

        ਭੁੱਚੋ ਕਲਾਂ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਨਿਸਾਨਾ ਅਕਾਲੀ ਦਲ ਨੂੰ ਹਰਾਉਣਾ ਹੈ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾ: ਜਗਜੀਤ ਜੋਗਾ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਦਹਿਸ਼ਤ ਦੇ ਰਾਜ ਦੇ ਖਾਤਮੇ ਅਤੇ ਲੋਕਤੰਤਰ ਨੂੰ ਭ੍ਰਿਸਟਾਚਾਰ ਤੋਂ ਬਚਾਉਣ ਲਈ ਮਨਪ੍ਰੀਤ ਨੂੰ ਹਿਮਾਇਤ ਦਿੱਤੀ ਹੈ, ਸ੍ਰੀ ਜੋਗਾ ਅਨੁਸਾਰ ਸਿਆਸੀ ਫ਼ਿਜਾ ਇਸ ਕਦਰ ਤਬਦੀਲ ਹੋ ਚੁੱਕੀ ਹੈ ਕਿ ਬਾਦਲਾਂ ਦੀ ਹਾਰ ਅਟੱਲ ਹੈ। ਇਸ ਮੌਕੇ ਸਰਵ ਸ੍ਰੀ ਹਰਮੰਦਰ ਸਿੰਘ ਜੱਸੀ, ਗੁਰਾ ਸਿੰਘ ਤੁੰਗਵਾਲੀ, ਗੁਰਮੀਤ ਸਿੰਘ ਖੁੱਡੀਆਂ, ਸੁਖਦੇਵ ਸਿੰਘ ਚਹਿਲ, ਕਾ: ਕ੍ਰਿਸਨ ਚੌਹਾਨ, ਹਨੀ ਫੱਤਣਵਾਲਾ, ਕੁਲਬੀਰ ਸਿੰਘ ਸਿੱਧੂ, ਸੱਤਪਾਲ ਮੂਲੇਵਾਲ, ਨਰਿੰਦਰ ਭਲੇਰੀਆ ਅਤੇ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।

No comments: