www.sabblok.blogspot.com
ਅਮ੍ਰਿਤਸਰ (ਕਰਨ ਬਰਾੜ )ਮੌਜੂਦਾ ਸਿਆਸੀ ਪ੍ਰਣਾਲੀ ‘ਚ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕੇਵਲ ਨਿੱਜੀ ਮੁਫਾਦਾਂ ਦੀ ਲੜਾਈ ਲੜ ਰਹੀਆਂ ਹਨ ਅਤੇ ਭਾਜਪਾ, ਕਾਂਗਰਸ ਆਦਿ ਨੂੰ ‘ਤਿਆਗ’ ਸ਼ਬਦ ਦੇ ਅਰਥਾਂ ਦਾ ਗਿਆਨ ਨਹੀਂ ਹੈ। ਭਗਵਾਨ ਰਾਮ ਦੇ ਨਾਂਅ ਦਾ ਲਾਹਾ ਲੈਣ ਲਈ ਯਤਨਸ਼ੀਲ ਭਾਜਪਾ ਜੇਕਰ ਸ੍ਰੀ ਰਾਮ ਦੇ ਕਾਲ ਵੇਲੇ ਮੌਜੂਦ ਹੁੰਦੀ ਤਾਂ ਤਿਆਗ ਦੇ ਰੂਪ ‘ਚ ਉਨ੍ਹਾਂ ਵੱਲੋਂ ਕੱਟੇ 14 ਸਾਲ ਦੇ ਬਨਵਾਸ ਵਲੇ ਉਨ੍ਹਾਂ ਨੂੰ ਭਗੌੜਾ ਕਹਿ ਕੇ ਤ੍ਰਿਸਕਾਰ ਕਰਦੀ। ਪ੍ਰਮੁੱਖ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ ਨੇ ਅੱਜ ਇਥੇ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਾਂਗਰਸ ਅਤੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਭ੍ਰਿਸ਼ਟਾਚਾਰ ‘ਚ ਲੁਪਤ ਆਗੂ ਕਦੀ ਵੀ ਨਹੀਂ ਚਾਹੁੰਦੇ ਕਿ ਆਮ ਲੋਕਾਂ ‘ਚ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋਵੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਨੂੰ ਸਿਆਸਤ ਦਾ ਇਕ ਦਲੇਰਾਨਾ ਉਦਮ ਕਰਾਰ ਦਿੰਦਿਆਂ ਕਿਹਾ ਕਿ ਇਹੋ ਜਿਹੇ ਤਿਆਗ ਲਈ ਕਲੇਜ਼ਾ ਚਾਹੀਦਾ ਹੈ, ਪਰ ਪ੍ਰਮੁੱਖ ਪਾਰਟੀਆਂ ਦੇ ਆਗੂ ਛੱਡਣ ਦੀ ਥਾਂ ਕੁਰਸੀਆਂ ਨੂੰ ਜੱਫੇ ਮਾਰਨ ‘ਚ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੁਰਸੀ ਛੱਡਣ ਨੂੰ ਭਗੌੜਾ ਹੋਣਾ ਦੱਸਣ ਵਾਲੇ ਭਾਜਪਾਈ ਜੇਕਰ ਸ੍ਰੀ ਰਾਮ ਦੇ ਵੇਲੇ ਮੌਜੂਦ ਹੁੰਦੇ ਤਾਂ ਉਨ੍ਹਾਂ ਦੇ ਬਨਵਾਸ ਨੂੰ ਵੀ ਭਗੌੜਾ ਹੋਣਾ ਕਹਿ ਦਿੰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸਦਾ ਸਪੱਸ਼ਟ ਰੂਪ ਲੋਕ ਸਭਾ ਨਤੀਜ਼ਿਆਂ ਤੋਂ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੱਲ੍ਹ ਹੋਈਆਂ ਚੋਣਾਂ ਮੌਕੇ ਲੋਕਾਂ ਵੱਲੋਂ ਖੁਲਦਿਲੀ ਨਾਲ ਪਾਈਆਂ ਵੋਟਾਂ ਆਪ ਦੇ ਹੱਕ ‘ਚ ਫਤਵਾ ਨਜ਼ਰ ਆ ਰਹੀਆਂ ਹਨ, ਕਿਉਂਕਿ ਭ੍ਰਿਸ਼ਟ ਸਿਆਸੀ ਪਾਰਟੀਆਂ ਵਿਰੁੱਧ ਆਮ ਲੋਕ ਆਪ ਦੇ ਹੱਕ ‘ਚ ਨਿੱਤਰੇ ਹਨ। ਪੰਜਾਬ ‘ਚ ਪਾਰਟੀ ਦੇ ਆਧਾਰ ਬਾਰੇ ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਇਸ ਸਮੇਂ ਭ੍ਰਿਸ਼ਟਾਤੰਤਰ ਤੋਂ ਪ੍ਰੇਸ਼ਾਨ ਹੈ ਅਤੇ ਨੌਜਵਾਨ ਵਰਗ ‘ਆਪ’ ਦੇ ਰੂਪ ‘ਚ ਆਪਣਾ ਭਵਿੱਖ ਵੇਖ ਰਿਹਾ ਹੈ, ਜਿਸਦਾ ਅਸਰ ਪੰਜਾਬ ‘ਚ ਵੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸ੍ਰੀ ਕੇਜ਼ਰੀਵਾਲ ਨੇ ਅੱਜ ਗੁਰੂ ਨਗਰੀ ਵਿਖੇ ਰੋਡ ਸ਼ੋਅ ਦੌਰਾਨ ਖੁੱਲੀ ਜੀਪ ਦੀ ਸਵਾਰੀ ਕਰਦਿਆਂ ਲੋਕਾਂ ਦਾ ਸਵਾਗਤ ਕਬੂਲਿਆ। ਉਨ੍ਹਾਂ ਦੇ ਰੋਡ ਸ਼ੋਅ ਮੌਕੇ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਮਦ ਵਾਂਗ ਭੀੜ ਤਾਂ ਨਹੀਂ ਜੁੱਟ ਸਕੀ ਪਰ ਹਾਜ਼ਰ ਸੈਂਕੜੇ ਹਮਾਇਤੀਆਂ ‘ਚ ਭਰਪੂਰ ਜੋਸ਼ ਸੀ।
No comments:
Post a Comment