jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 11 January 2013

ਸਾਬਕਾ ਜਥੇਦਾਰ ਵੱਲੋਂ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ

www.sabblok.blogspot.com
ਚੰਡੀਗੜ੍ਹ, 7 ਜਨਵਰੀ
ਸ੍ਰੀ ਅਕਾਲ ਤਖਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਤੇ ਪ੍ਰਸਿੱਧ ਰਾਗੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਅੱਜ ਇੱਥੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮ ਦੀ ਨਵੀਂ ਪੰਥਕ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਰਾਹੀਂ ਕਥਿਤ ਤੌਰ ’ਤੇ ਅਕਾਲ ਤਖਤ ਅਤੇ ਸਿੱਖ ਧਰਮ ’ਤੇ ਕਾਇਮ ਹੋਏ ਸਿਆਸਤ ਦੇ ਗਲਬੇ ਨੂੰ ਉਖੇੜਨ ਦੀ ਮੁਹਿੰਮ ਚਲਾਈ ਜਾਵੇਗੀ।
ਪ੍ਰੋ. ਖਾਲਸਾ ਨੇ ਅੱਜ ਇੱਥੇ ਖਾਲਸਾ ਪੰਚਾਇਤ ਦੇ ਮੁਖੀ ਰਾਜਿੰਦਰ ਸਿੰਘ ਖਾਲਸਾ, ਸਾਬਕਾ ਆਈ.ਏ.ਐੱਸ. ਅਧਿਕਾਰੀ ਗੁਰਤੇਜ ਸਿੰਘ, ਜਰਨੈਲ ਸਿੰਘ ਅਤੇ ਮਨਜੀਤ ਸਿੰਘ ਦੀ ਮੌਜੂਦਗੀ ਵਿੱਚ ਨਵੀਂ ਜਥੇਬੰਦੀ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਅੱਜ ਸਿੱਖ ਜਗਤ ਵਿੱਚ ਇਹ ਭੁਲੇਖਾ ਹੈ ਕਿ ਜਥੇਦਾਰ ਹੀ ਅਕਾਲ ਤਖ਼ਤ ਹੈ ਜਦਕਿ ਜਥੇਦਾਰ ਅਕਾਲ ਤਖਤ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸਿਆਸੀ ਪਾਰਟੀ ਵੱਲੋਂ ਅਕਾਲ ਤਖਤ ਉਪਰ ਨਿਯੁਕਤ ਕੀਤੇ ਜਥੇਦਾਰ, ਸਿਆਸੀ ਪ੍ਰਭਾਵ ਹੇਠ ਗੁਰਮਤਿ ਵਿਰੋਧੀ ਹੁਕਮਨਾਮੇ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਜਿਹੇ ਕਿਸੇ ਵੀ ਆਦੇਸ਼ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਜਿਹੇ ਆਦੇਸ਼ਾਂ ਮੰਨਣ ਨਾਲ ਪੰਥ ਵਿਰੋਧੀ ਤਾਕਤਾਂ ਦੇ ਹੱਥ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਦੌਰਾਨ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਲੋੜ ਹੈ।
ਅਕਾਲ ਤਖ਼ਤ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਸਮੇਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਨੂੰ ਉਹ ਬਿਲਕੁਲ ਨਹੀਂ ਮੰਨਦੇ ਕਿਉਂਕਿ ਇਹ ਹੁਕਮਨਾਮਾ ਸਿਆਸੀ ਦਬਾਅ ਹੇਠ ਇੱਕ ਤਰਫਾ ਤੌਰ ’ਤੇ ਜਾਰੀ ਕੀਤਾ ਗਿਆ ਸੀ। ਇੱਥੋਂ ਤੱਕ ਕਿ ਜਦੋਂ ਉਹ ਆਪਣਾ ਪੱਖ ਰੱਖਣ ਅਕਾਲ ਤਖਤ ਗਏ ਸਨ ਤਾਂ ਜਥੇਦਾਰ ਨੇ ਉਨ੍ਹਾਂ ਦੀ ਸੁਣਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਉਨ੍ਹਾਂ ਵਿਰੁੱਧ ਜਾਰੀ ਕੀਤੇ ਹੁਕਮਨਾਮੇ ਦਾ ਸਮਾਜਿਕ ਤੌਰ ’ਤੇ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਅੱਜ ਵੀ ਉਨ੍ਹਾਂ ਨੂੰ ਪੰਥ ਵੱਲੋਂ ਪੂਰਾ ਮਾਣ-ਤਾਣ ਮਿਲ ਰਿਹਾ ਹੈ।
ਨਵੀਂ ਬਣਾਈ ਜਥੇਬੰਦੀ ਦੇ ਪ੍ਰੋ. ਦਰਸ਼ਨ ਸਿੰਘ ਪ੍ਰਧਾਨ ਹੋਣਗੇ ਅਤੇ ਗੁਰਤੇਜ ਸਿੰਘ ਤੇ ਰਾਜਿੰਦਰ ਸਿੰਘ ਖਾਲਸਾ ਨੂੰ ਇਸ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਜਥੇਬੰਦੀ ਦਾ ਕੰਮਕਾਜ ਕੇਂਦਰੀ ਪੰਚਾਇਤ ਚਲਾਵੇਗੀ ਅਤੇ ਇਸ ਦੀਆਂ ਦੁਨੀਆਂ ਭਰ ਵਿੱਚ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ। ਇਸ ਮੁਹਿੰਮ ਲਈ ਮਿਆਰੀ ਸਾਹਿਤ ਵੀ ਤਿਆਰ ਕਰਵਾਉਣ ਦੀ ਰਣਨੀਤੀ ਬਣਾਈ ਗਈ ਹੈ।
ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਇਹ ਜਥੇਬੰਦੀ ਗੈਰ-ਸਿਆਸੀ ਹੋਵੇਗੀ ਅਤੇ ਉਹ ਖੁਦ ਭਾਵੇਂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਪਰ ਸਿਆਸੀ ਖੇਤਰ ਵਿੱਚ ਚੰਗੀਆਂ ਸ਼ਖ਼ਸੀਅਤਾਂ ਦੀ ਹਮਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਬਣਾਉਣ ਦੀ ਲੋੜ ਇਸ ਲਈ ਪਈ ਹੈ ਕਿ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਕਰਮਕਾਂਡਾਂ ਦੀ ਜਿਲ੍ਹਣ ਵਿੱਚੋਂ ਕੱਢ ਕੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਹੁਣ ਪੰਥਕ ਵਿਰੋਧੀ ਤਾਕਤਾਂ ਗੁਰਮਤਿ ਵਿਚਾਰਧਾਰਾ ਨੂੰ ਅਨਮਤਿ ਨਾਲ ਰਲਗਡ ਕਰਨ ਲਈ ਯਤਨਸ਼ੀਲ ਹਨ। ਗੁਰੂ ਗ੍ਰੰਥ ਸਾਹਿਬ ਉਪਰ ਪੂਰਨ ਸ਼ਰਧਾ ਤੇ ਭਰੋਸਾ ਰੱਖਣ ਵਾਲਿਆਂ ਦੇ ਵਿਸ਼ਵਾਸ਼ ਨੂੰ ਥਿੜਕਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਕਾਲ ਤਖਤ ਨੂੰ ਸਿਆਸੀ ਅਤੇ ਪੰਥ ਵਿਰੋਧੀ ਸ਼ਕਤੀਆਂ ਤੋਂ ਆਜ਼ਾਦ ਕਰਵਾਉਣ ਲਈ ਮੁਹਿੰਮ ਚਲਾਈ ਜਾਵੇ।

No comments: