ਕੋਲਕਾਤਾ(PTI)- ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਭਾਰਤੀ ਟੀਮ ਬਦਲਾਅ ਦੇ ਦੌਰ 'ਚੋਂ ਗੁਜ਼ਰ ਰਹੀ ਹੈ ਅਤੇ ਅਜਿਹੇ 'ਚ ਸੀਨੀਅਰ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਕੇ ਨੌਜਵਾਨ ਖਿਡਾਰੀਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਧੋਨੀ ਨੇ ਕਿਹਾ ਹੈ ਕਿ ਦੋ-ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਕੋਈ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਦਬਾਅ ਸਹਿ ਸਕੇ ਅਤੇ ਪਾਰੀ ਨੂੰ ਸੰਭਾਲਣ ਦਾ ਕੰਮ ਕਰੇ। ਪਾਕਿਸਤਾਨ ਦੇ ਖਿਲਾਫ ਛੇ ਜਨਵਰੀ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਹੋਣ ਵਾਲੇ ਤੀਸਰੇ ਅਤੇ ਆਖਰੀ ਇਕ ਰੋਜ਼ਾ ਮੈਚ 'ਚ ਜਿੱਤ ਦਰਜ ਕਰਨੀ ਹੈ ਤਾਂ ਬੱਲੇਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਧੋਨੀ ਨੇ ਕਿਹਾ, ''ਜੇਕਰ ਉਹ ਵਧੀਆ ਪ੍ਰਦਰਸ਼ਨ ਨਹੀਂ ਕਰਨਗੇ ਤਾਂ ਨੌਜਵਾਨਾਂ 'ਤੇ ਦਬਾਅ ਵਧੇਗਾ। ਜ਼ਿੰਮੇਵਾਰੀ ਲੈਣੀ ਅਤੇ ਜ਼ਿੰਮੇਵਾਰੀ 'ਚ ਹਿੱਸਾ ਪਾਉਣਾ ਮਹੱਤਵਪੂਰਨ ਹੈ।'' ਧੋਨੀ ਨੇ ਕਿਹਾ ਹੈ ਕਿ ਹਾਰ ਤੋਂ ਬਾਅਦ ਖਿਡਾਰੀ ਦੁਖੀ ਸਨ। ਤੁਹਾਨੂੰ ਠੰਡੇ ਦਿਮਾਗ ਨਾਲ ਸੋਚਣਾ ਹੋਵੇਗਾ ਕਿ ਅੱਗੇ ਕੀ ਕਰਨਾ ਚਾਹੀਦਾ ਹੈ। ਧੋਨੀ ਨੇ ਕਿਹਾ, ''ਹਾਰ ਦਾ ਢੁਕਵਾਂ ਕਾਰਨ ਦੱਸ ਸਕਣਾ ਮੁਸ਼ਕਲ ਹੈ। ਤੁਸੀਂ ਆ ਕੇ ਸਿੱਧਾ ਖਿਡਾਰੀਆਂ 'ਤੇ ਦੋਸ਼ ਨਹੀਂ ਮੜ੍ਹ ਸਕਦੇ। ਆਖਿਰ ਅਸੀਂ ਇਕ ਟੀਮ ਹਾਂ ਅਤੇ ਅਸੀਂ ਇਕ ਟੀਮ ਦੇ ਤੌਰ 'ਤੇ ਹਾਰੇ ਹਾਂ।''