www.sabblok.blogspot.com
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਪੀ. ਐਮ. ਆਈ.):- ਸਥਾਨਕ ਬਠਿੰਡਾ ਰੋਡ ਸਥਿਤ ਹਰਿਆਲੀ ਪੈਟਰੋਲ ਪੰਪ ਦੇ ਕੋਲ ਮੇਲਾ ਮਾਘੀ ਨੂੰ ਲੈ ਕੇ ਸਾਂਝੇ ਮੋਰਚੇ ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰੰਸ ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਮੌਜੂਦਾ ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਸਾਂਝਾ ਮੋਰਚਾ ਪੰਜਾਬ ਦੇ ਲੋਕਾਂ ‘ਤੇ ਹੁਕਮਰਾਨ ਪਾਰਟੀ ਵੱਲੋਂ ਕਰਾਏ ਜਾਂਦੇ ਅਤੇ ਉਸ ਦੀ ਸ਼ਹਿ ‘ਤੇ ਕੀਤੇ ਜਾਂਦੇ ਅੱਤਿਆਚਾਰ ‘ਤੇ ਜ਼ੁਲਮ ਦੇ ਸਬੰਧ ਵਿੱਚ 6 ਮਹੀਨੇ ਚੱਲਣ ਵਾਲਾ ਇੱਕ ਸੂਬਾ ਵਿਆਪੀ ਪ੍ਰੋਗਰਾਮ ਵਿੱਢੇਗਾ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਇੱਕ ਕੁੜੀ ਨਾਲ ਘਿਨਾਉਣੀ ਵਾਰਦਾਤ ਹੋਣ ਮਗਰੋਂ ਸਾਰਾ ਦੇਸ਼ ਉਸ ਦੀ ਹਮਾਇਤ ਵਿੱਚ ਇੱਕਮੁੱਠ ਹੋ ਕੇ ਡਟ ਗਿਆ, ਪੰਜਾਬ ਦੇ ਕਿਸੇ ਵੀ ਮੰਤਰੀ ਨੇ ਜਾਂ ਅਕਾਲੀ ਭਾਜਪਾ ਹੁਕਮਰਾਨ ਗਠਜੋੜ ਦੇ ਇੱਕ ਵੀ ਮੈਂਬਰ ਨੇ ਪੰਜਾਬ ਵਿੱਚ ਹਜ਼ਾਰਾਂ ਲੜਕੀਆਂ ਦੇ ਲਗਾਤਾਰ, ਹੁਕਮਰਾਨ ਧਿਰ ਦੇ ਗੁੰਡਿਆਂ ਦੇ ਖੌਫ਼ ਹੇਠ ਜਿਉਣ ‘ਤੇ ਉਨ੍ਹਾਂ ਕੁੜੀਆਂ ਦੇ ਹੱਕ ਵਿੱਚ ਅਵਾਜ਼ ਨਹੀ ਉਠਾਈ। ਪੰਜਾਬ ਦੇ ਲੋਕ ਆਪਣੀ ਧੀ ਦੀ ਇੱਜ਼ਤ ਬਚਾਉਂਦਿਆਂ ਇੱਕ ਬਾਪ ਨੂੰ ਕੋਹ ਕੋਹ ਕੇ ਮਾਰ ਸੁੱਟਣ ਦੀ ਵਾਰਦਾਤ ਕਦੇ ਨਹੀ ਭੁਲਾ ਸਕਦੇ। ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸਾਂਝਾ ਮੋਰਚਾ, ਪਹਿਲੀ ਮਾਰਚ ਤੋਂ 6 ਮਹੀਨਿਆਂ ਲਈ ਸੂਬੇ ਭਰ ਵਿੱਚ ਨਿੱਜੀ ਸੰਪਰਕ ਪ੍ਰੋਗਰਾਮ ਚਲਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਂਝਾ ਮੋਰਚਾ ਪੁਲਸ ਨੂੰ ਸਿਆਸੀ ਗਲਬੇ ਹੇਠੋਂ ਕੱਢਣ ਲਈ ਵਚਨਬੱਧ ਹੈ ਤੇ ਇਸ ਤਰ੍ਹਾਂ ਕੀਤੇ ਬਗੈਰ ਸੂਬੇ ‘ਚ ਕਾਨੂੰਨੀ ਨੂੰ ਠੱਲ ਨਹੀ ਪਾਈ ਜਾ ਸਕਦੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਨਿੱਜੀ ਸੰਪਰਕ ਮੁਹਿੰਮ, ਮੋਗਾ ਦੀ ਜ਼ਿਮਨੀ ਚੋਣ ਤੋਂ ਬਾਅਦ ਮਾਰਚ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਰੈਲੀ ਵਿੱਚ ਹੀ ਮੋਗਾ ਦੀ ਜ਼ਿਮਨੀ ਚੋਣ ਲਈ ਪੀਪਲਜ਼ ਪਾਰਟੀ ਆਫ ਪੰਜਾਬ ਦੀ ਮੋਗਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਮੋਗਾ ਚੋਣ ਪੀ. ਪੀ. ਪੀ. ਬੜੇ ਹੀ ਉਤਸ਼ਾਹ ਨਾਲ ਲੜੇਕੀ ਅਤੇ ਜਿੱਤ ਹਾਸਲ ਕਰੇਗੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਜ਼ਮਾਨੇ ਵਿੱਚ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲੇ, ਸਮੁੰਦਰੋਂ ਪਾਰੋਂ ਆਏ ਵਿਦੇਸ਼ੀ ਸਨ। ਪਰ ਹੁਣ ਲੁਟੇਰਿਆਂ ਦੀ ਇਹ ਨਵੀ ਨਸਲ, ਪੰਜਾਬ ਦੀ ਧਰਤੀ ਦੀ ਆਪਣੀ ਪੈਦਾਇਸ਼ ਹੈ। ਪਰ ਇਹ ਲੁਟੇਰੇ ਵੀ ਉਨ੍ਹਾਂ ਵਿਦੇਸ਼ੀ ਲੁਟੇਰਿਆਂ ਦੀ ਤਰਜ਼ ‘ਤੇ ਲੁੱਟ-ਮਾਰ ਕਰਦੇ ਹਨ ਤੇ ਲੁੱਟਿਆ ਹੋਇਆ ਮਾਲ ਵਿਦੇਸ਼ਾਂ ਦੀਆਂ ਬੈਂਕਾ ਦੇ ਗੁਪਤ ਖਾਤਿਆਂ ਵਿੱਚ ਢੇਰੀ ਕਰੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ ਅਤੇ ਅੜਿੱਕੇ ਪਾਉਣ ਦੇ ਬਾਵਜੂਦ ਲੋਕਾਂ ਨੇ ਵੱਧ ਚੜ੍ਹ ਕੇ ਰੈਲੀ ਵਿੱਚ ਭਾਗ ਲਿਆ ਕਿਉਂਕਿ ਉਹ ਸਰਕਾਰ ਦੀਆਂ ਵਧੀਕੀਆਂ, ਭ੍ਰਿਸ਼ਟ ਕਾਰਵਾਈਆਂ ਸਿਰੇ ਦੀ ਲਾਕਾਨੂੰਨੀ ਤੇ ਜੁਰਮਾਂ ਤੋਂ ਅੱਕੇ ਹੋਏ ਹਨ। ਇਸ ਰੈਲੀ ਵਿੱਚ ਸਾਂਝੇ ਮੋਰਚੇ ਦੇ ਆਗੂਆਂ ਨੇ ਅਫ਼ਸੋਸ ਜਾਹਿਰ ਕੀਤਾ ਕਿ ਸਰਕਾਰ ਕਾਲੀ ਕਮਾਈ ਕਰਨ ਵਿੱਚ ਅਤੇ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਅੱਕੀ-ਪਲਾਹੀ ਹੀ ਹੱਥ ਮਾਰਨ ਵਿੱਚ ਹੀ ਲੱਗੀ ਹੋਈ ਹੈ। ਇਹ ਸਭ ਕੁਝ ਕਾਰਨ ਹੀ ਸਿੱਖਿਆ, ਸਿਹਤ ਅਤੇ ਕਾਨੂੰਨ ਪ੍ਰਬੰਧ ਵਰਗੇ ਬੁਨਿਆਦੀ ਮੁੱਦੇ ਅਣਗੌਲੇ ਰਹਿ ਗਏ ਹਨ। ਸਰਕਾਰ ਦਾ ਸਾਰਾ ਧਿਆਨ ਵਿਰੋਧੀ ਧਿਰ ਨੂੰ ਡਰਾਉਣ ਧਮਕਾਉਣ ਵੱਲ ਅਤੇ ਪੁਲਿਸ ਨੂੰ ਕੋਈ ਵੀ ਕਾਰਵਾਈ ਆਜ਼ਾਦ ਨਾ ਤੌਰ ‘ਤੇ ਕਰਨ ਤੋਂ ਰੋਕਣ ਵੱਲ ਲੱਗਿਆ ਹੋਇਆ ਹੈ। ਇਸੇ ਦੇ ਨਤੇਜੇ ਵਜੋਂ ਸੂਬੇ ਵਿੱਚ ਅਪਰਾਧੀਆਂ ਤੇ ਮੁਜ਼ਰਮਾਂ ਦਾ ਸਿੱਕਾ ਚੱਲ ਰਿਹਾ ਹੈ। ਆਖਿਰ ‘ਚ ਪੀਪੀਪੀ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਏ ਹੋਏ ਸਾਰੇ ਹੀ ਸਾਂਝੇ ਮੋਰਚੇ ਦੇ ਵਰਕਰਾਂ ਦਾ ਧੰਨਵਾਦ ਕੀਤਾ। | |
No comments:
Post a Comment