ਦੋ ਦਿਨਾ ਪ੍ਰਵਾਸੀ ਪੰਜਾਬੀ ਸੰਮੇਲਨ
ਚੰਡੀਗੜ੍ਹ(PTI)- ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੰਜਾਬ ¥'ਚ ਪ੍ਰਵਾਸੀ ਭਾਰਤੀ ਸੰਮੇਲਨ-2013 ਪ੍ਰਵਾਸੀ ਭਾਰਤੀ ਵਿਭਾਗ ਪੰਜਾਬ ਵੱਲੋਂ 4 ਅਤੇ 5 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।ਸ਼ੁੱਕਰਵਾਰ 4 ਜਨਵਰੀ ਨੂੰ ਚੰਡੀਗੜ੍ਹ ਦੇ ਹੋਟਲ ਜੇ. ਡਬਲਿਊ. ਮੈਰੀਅਟ ਵਿਖੇ ਵਿਦੇਸ਼ਾਂ 'ਚ ਮੱਲਾਂ ਮਾਰਨ ਵਾਲੇ ਮੀਡੀਆ ਪ੍ਰਤੀਨਿਧੀਆਂ ਨਾਲ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਪੰਜਾਬ ਅਤੇ ਰਾਜ ਦੇ ਉਚ ਅਧਿਕਾਰੀਆਂ ਦਾ ਇਕ ਸੈਸ਼ਨ ਹੋਇਆ। ਇਸ ਸੰਮੇਲਨ 'ਚ ਤਕਰੀਬਨ 45 ਜਨ ਪ੍ਰਤੀਨਿਧੀਆਂ ਅਤੇ 50 ਦੇ ਕਰੀਬ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ 'ਚ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਪੰਜਾਬ ਦੀ ਤਰੱਕੀ ਵਿਚ ਉਨ੍ਹਾਂ ਦੀ ਭਾਈਵਾਲੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਪ੍ਰਵਾਸੀਆਂ ਲਈ ਕਈ ਐਲਾਨ ਵੀ ਕੀਤੇ । ਉਪ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਸਾਰੇ ਰਿਕਾਰਡ ਆਨ ਲਾਈਨ ਕੀਤੇ ਜਾਣਗੇ। ਪ੍ਰਵਾਸੀ ਪੰਜਾਬੀਆਂ ਨੂੰ ਐਨ. ਆਰ. ਆਈ. ਕਾਰਡ ਬਣਾ ਕੇ ਦਿੱਤੇ ਜਾਣਗੇ। ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਕਾਨੂੰਨ ਅਤੇ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ 8 ਥਾਣੇ ਸਥਾਪਤ ਕੀਤੇ ਗਏ ਹਨ। ਉਨ੍ਹਾ ਨੇ ਪ੍ਰਵਾਸੀ ਅਖਬਾਰਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸਰਕਾਰੀ ਇਸ਼ਤਿਹਾਰ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ 'ਚ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ 'ਚ ਹੋਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੱਜ ਵਿਕਾਸ ਦੀਆਂ ਬੁਲੰਦੀਆਂ ਨੂੰ ਛੁਹ ਰਿਹਾ ਹੈ। ਅੱਜ ਦਾ ਪੰਜਾਬ 5 ਸਾਲ ਵਾਲੇ ਪੰਜਾਬ ਨਾਲੋਂ ਕਈ ਗੁਣਾ ਅੱਗੇ ਹੈ। ਹਰ ਖੇਤਰ 'ਚ ਵਿਕਾਸ ਹੋ ਰਿਹਾ ਹੈ। ਇਸ ਮੌਕੇ ਪ੍ਰਵਾਸੀ ਮੀਡੀਆ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀ ਸੰਮੇਲਨ ਕਰਵਾਏ ਜਾਣ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ। ਪ੍ਰਵਾਸੀ ਭਾਰਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀ ਸਿੱਧੀ ਉਡਾਣ ਟੋਰੰਟੋ ਤੋਂ ਅੰਮ੍ਰਿਤਸਰ ਲਈ ਚੱਲਦੀ ਸੀ ਉਸ ਨੂੰ ਦੁਬਾਰਾ ਚਾਲੂ ਕਰਾਇਆ ਜਾ ਸਕੇ ਤਾਂ ਜੋ ਅਸੀਂ ਜਦੋਂ ਵੀ ਆਪਣੀ ਧਰਤੀ 'ਤੇ ਕਦਮ ਰੱਖੀਏ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਵਾਸੀ ਮੀਡੀਆ ਲਈ ਪੰਜਾਬ ਸਰਕਾਰ ਨੇ ਨਵਾਂ ਡੀ. ਪੀ. ਆਰ. ਓ. ਸ. ਗੁਰਮੀਤ ਖਹਿਰਾ ਨੂੰ ਨਿਯੁਕਤ ਕੀਤਾ ਹੈ ਅਤੇ ਉਹ ਆਪਣੀਆਂ ਹਰ ਸਮੱਸਿਆਵਾਂ ਇਨ੍ਹਾਂ ਨੂੰ ਦੱਸ ਸਕਦੇ ਹਨ। ਪ੍ਰਵਾਸੀ ਪ੍ਰਤੀਨਿਧਾਂ ਅਤੇ ਮੀਡੀਆ ਕਰਮੀਆਂ ਨੂੰ ਵਿਰਾਸਤ-ਏ-ਖਾਲਸਾ ਆਨੰਦਪੁਰ ਸਾਹਿਬ ਦੀ ਯਾਤਰਾ ਵੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਰਾਜ ਸਰਕਾਰ ਵੱਲੋਂ ਆਪਣੀ ਨਵੀਂ ਪ੍ਰਵਾਸੀ ਭਾਰਤੀ ਨੀਤੀ ਦਾ ਵੀ ਐਲਾਨ ਕੀਤਾ ਜਾਵੇਗਾ।5 ਜਨਵਰੀ ਨੂੰ ਜਲੰਧਰ ਵਿਖੇ ਹੋਣ ਵਾਲੇ ਖੁੱਲ੍ਹੇ ਸੰਮੇਲਨ ਵਿਚ ਪ੍ਰਵਾਸੀ ਭਾਰਤੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਉਨ੍ਹਾਂ ਦੇ ਵਿਚਾਰ ਵੀ ਲਏ ਜਾਣਗੇ।
No comments:
Post a Comment