ਸੋਲਰ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਨਾਲ ਲੈਸ ਪ੍ਰਦਰਸ਼ਨੀ ਵੈਨ (ਤਸਵੀਰ ਗੁਰਭੇਜ ਸਿੰਘ ਚੌਹਾਨ) |
ਗੁਰਭੇਜ ਸਿੰਘ ਚੌਹਾਨ
98143 06545
ਪੰਜਾਬ ਵਿਚ ਬਿਜਲੀ ਦੀ ਮੰਗ ਹਰ ਸਾਲ ਵਧ ਰਹੀ ਹੈ ਅਤੇ ਉਸਦੇ ਮੁਕਾਬਲੇ ਪੂਰਤੀ ਨਹੀਂ ਹੋ ਰਹੀ। ਜਿਸ ਕਰਕੇ ਪਾਵਰਕਾਮ ਨੂੰ ਗਰਮੀਂ ਦੇ ਮੌਸਮ ਵਿਚ ਵੱਡੇ ਵੱਡੇ ਪਾਵਰ ਕੱਟ ਲਗਾਉਣੇ ਪੈਂਦੇ ਹਨ। ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਦੇਣ ਲਈ ਘਰਾਂ ਅਤੇ ਸਨਅੱਤ ਦੇ ਕੱਟ ਦੇ ਨਾਲ ਨਾਲ ਗੁਆਂਢੀ ਰਾਜਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਬਿਜਲੀ ਮੁੱਲ ਖਰੀਦਣੀ ਪੈਂਦੀ ਹੈ। ਬਿਜਲੀ ਦੀ ਵਧੇਰੇ ਵਰਤੋਂ ਹੋਣ ਕਾਰਨ ਇਸਦੀ ਖਪਤ ਦੇ ਭਾਅ ਵੀ ਬਹੁਤ ਵਧ ਗਏ ਹਨ ਜੋ ਹੁਣ ਗਰੀਬ ਲੋਕਾਂ ਅਤੇ ਮੱਧ ਵਰਗ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇੱਕ ਸਾਧਾਰਣ ਪਰੀਵਾਰ ਨੂੰ 5000 ਤੋਂ ਲੈ ਕੇ 10000 ਰੁਪਏ ਤੱਕ ਦਾ ਬਿੱਲ ਭੇਜਿਆ ਜਾ ਰਿਹਾ ਹੈ ਜੋ ਪਹੁੰਚ ਤੋਂ ਬਾਹਰ ਹੈ। ਸਰਕਾਰ ਵੱਡੇ ਪੱਧਰ ਤੇ ਫੈਕਟਰੀਆਂ, ਕਾਰਖਾਨਿਆਂ, ਸਰਕਾਰੀ ਅਦਾਰਿਆਂ ਚ ਹੁੰਦੀ ਬਿਜਲੀ ਚੋਰੀ ਰੋਕਣ ਦੀ ਬਜਾਏ ਆਮ ਖਪਤਕਾਰਾਂ ਤੇ ਬਿਜਲੀ ਮਹਿੰਗੀ ਕਰਕੇ ਬੋਝ ਵਧਾ ਰਹੀ ਹੈ। ਪਰੰਤੂ ਸਪਲਾਈ ਫੇਰ ਵੀ ਪੂਰੀ ਨਹੀਂ ਹੋ ਰਹੀ ਅਤੇ ਸਰਦੀਆਂ ਵਿਚ ਵੀ ਕਈ ਕਈ ਘੰਟੇ ਦੇ ਕੱਟ ਲੱਗਣੇ ਆਮ ਗੱਲ ਹੈ। ਇਸਦੇ ਹੱਲ ਲਈ ਭਾਵੇਂ ਸਰਕਾਰ ਵੱਡੇ ਵੱਡੇ ਥਰਮਲ ਪਲਾਂਟ ਲਗਾਕੇ ਇਸ ਖਲਾਅ ਨੂੰ ਪੂਰਨ ਦਾ ਯਤਨ ਕਰ ਰਹੀ ਹੈ ਪਰ ਜਦ ਤੱਕ ਕੋਈ ਪਲਾਂਟ ਤਿਆਰ ਹੁੰਦਾ ਹੈ ਮੰਗ ਹੋਰ ਵਧ ਜਾਂਦੀ ਹੈ ਅਤੇ ਕਈ ਸਾਲਾਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ ਪਰ ਇਹ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ। ਇਸਦਾ ਇੱਕੋ ਇਕ ਹੱਲ ਹੈ ਕਿ ਸਰਕਾਰ ਜਿਹੜਾ ਪੈਸਾ ਥਰਮਲ ਪਲਾਂਟਾਂ ਤੇ ਅਤੇ ਇਸਦੇ ਬਾਲਣ ਤੇ, ਬਿਜਲੀ ਲਾਈਂਨਾਂ ਤੇ, ਟਰਾਂਸਫਾਰਮਰਾਂ ਤੇ ਬਿਜਲੀ ਘਰਾਂ ਤੇ ਅਤੇ ਬਿਜਲੀ ਮੁੱਲ ਖਰੀਦਣ ਤੇ ਕਰ ਰਹੀ ਹੈ, ਜੇਕਰ ਸਰਕਾਰ ਇਹ ਪੈਸਾ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਤੇ ਲਗਾਵੇ ਤਾਂ ਇਸ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਹਨ ਅਤੇ ਲੋਕਾਂ ਨੂੰ ਮੁਫਤ ਊਰਜਾ ਮਿਲ ਸਕਦੀ ਹੈ। ਪਿਛਲੇ ਸਾਲ ਇਕੱਲੇ ਖੇਤੀ ਖੇਤਰ ਲਈ 26 ਹਜ਼ਾਰ ਕਰੋੜ ਦੀ ਬਿਜਲੀ ਮੁੱਲ ਖਰੀਦੀ ਗਈ ਸੀ , ਜਦੋਂ ਕਿ ਐਨੇ ਪੈਸੇ ਨਾਲ ਸੋਲਰ ਊਰਜਾ ਨਾਲ ਖੇਤਾਂ ਵਿਚ ਮੋਟਰਾਂ, ਘਰਾਂ ਵਿਚ ਲਾਈਟਾਂ ਤੋਂ ਲੈ ਕੇ ਏ ਸੀ ਤੱਕ ਇਸ ਊਰਜਾ ਨਾਲ ਚਲਾਏ ਜਾ ਸਕਦੇ ਹਨ। ਬਾਜ਼ਾਰ ਵਿਚ ਸੋਲਰ ਕੁਕਰ, ਸੋਲਰ ਵਾਟਰ ਹੀਟਰ, ਸੋਲਰ ਮੋਟਰਾਂ, ਸੋਲਰ ਸਟਰੀਟ ਲਾਈਟਾਂ, ਸੋਲਰ ਗਾਰਡਨ ਲਾਈਟਾਂ, ਸੋਲਰ ਬੈਟਰੀਆਂ ਆਦਿ ਹਰ ਤਰਾਂ ਦਾ ਸਾਮਾਨ ਮਿਲਦਾ ਹੈ ਪਰ ਇਹ ਚੀਜ਼ਾਂ ਮਹਿੰਗੀਆਂ ਹਨ ਜਿਸ ਕਰਕੇ ਇਸਨੂੰ ਹਰ ਖਪਤਕਾਰ ਖਰੀਦ ਨਹੀਂ ਸਕਦਾ। ਜੇਕਰ ਸਰਕਾਰ ਬਿਜਲੀ ਪੈਦਾ ਕਰਨ ਵਾਲੇ ਅਰਬਾਂ ਖਰਬਾਂ ਦੇ ਖਰਚੇ ਘਟਾਕੇ ਉਸ ਪੈਸੇ ਨੂੰ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਵਾਸਤੇ ਖਪਤਕਾਰਾਂ ਨੂੰ ਸਬਸਿਡੀ ਦੇ ਰੂਪ ਵਿਚ ਦੇਵੇ ਤਾਂ ਬਿਜਲੀ ਤੇ ਨਿਰਭਰਤਾ ਘਟ ਸਕਦੀ ਹੈ ਅਤੇ ਬਿਨਾਂ ਵੱਡੇ ਪਲਾਂਟ ਲਗਾਏ ਪੰਜਾਬ ਬਿਜਲੀ ਖੇਤਰ ਵਿਚ ਆਤਮ ਨਿਰਭਰ ਹੋ ਸਕਦਾ ਹੈ। ਪਰੰਤੂ ਪੰਜਾਬ ਸਰਕਾਰ ਨੇ ਇਸ ਪਾਸੇ ਵੱਲ ਲੋੜੀਂਦਾ ਧਿਆਨ ਨਹੀ ਦਿੱਤਾ ਜਦੋਂ ਕਿ ਗੁਆਂਢੀ ਸੂਬੇ ਰਾਜਸਥਾਨ ਵਿਚ ਸਰਕਾਰ ਖਪਤਕਾਰਾਂ ਨੂੰ ਸੋਲਰ ਊਰਜਾ ਤੇ ਵੱਡੀਆਂ ਸਬਸਿਡੀਆਂ ਦੇ ਰਹੀ ਹੈ ਅਤੇ ਉੱਥੇ ਉਜਾੜਾਂ ਵਿਚ ਵੱਗ ਚਾਰਨ ਵਾਲਿਆਂ ਆਜੜੀਆਂ ਕੋਲ ਵੀ ਸੋਲਰ ਲਾਈਟਾਂ ਅਤੇ ਸੋਲਰ ਮੋਬਾਈਲ ਚਾਰਜਜ ਹਨ। ਇਸ ਊਰਜਾ ਲਈ ਕੇਂਦਰ ਸਰਕਾਰ ਵੀ ਸਬਸਿਡੀ ਦੇ ਰਹੀ ਹੈ ਅਤੇ ਇਸਦੇ ਨਾਲ ਪੰਜਾਬ ਸਰਕਾਰ ਵੀ ਆਪਣੇ ਕੋਲੋਂ ਕੁੱਝ ਸਬਸਿਡੀ ਦੇਵੇ ਤਾਂ ਖਪਤਕਾਰਾਂ ਲਈ ਹੋਰ ਸੁਖਾਲਾ ਹੋ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਗਰਮੀਂ ਦੇ ਮੌਸਮ ਵਿਚ ਹੀ ਪੰਜਾਬ ਵਿਚ ਬਿਜਲੀ ਸਮੱਸਿਆ ਆਉਂਦੀ ਹੈ ਅਤੇ ਗਰਮੀਂ ਦੇ ਮੌਸਮ ਵਿਚ ਸਾਨੂੰ ਪੰਜਾਬ ਵਿਚ ਵਾਧੂ ਤੇ ਆਮ ਸੋਲਰ ਊਰਜਾ ਮੁਫਤ ਮਿਲ ਸਕਦੀ ਹੈ।
Converted from Satl
No comments:
Post a Comment