jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 28 January 2013

ਪੰਜਾਬੀ ਭਾਸ਼ਾ ਦੇ ਵਿਕਾਸ 'ਚ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ -ਸੀ. ਪੀ. ਕੰਬੋਜ

www.sabblok.blogspot.com

ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਚਾਰ-ਪ੍ਰਸਾਰ ਦੇ ਰਸਤੇ 'ਚ ਅਨੇਕਾਂ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਕੰਪਿਊਟਰੀਕਰਨ ਦੇ ਪੱਖ ਤੋਂ ਵਾਚਣ ਦੀ ਅਤਿਅੰਤ ਲੋੜ ਹੈ। ਇਸੇ ਪ੍ਰਕਾਰ ਭਾਸ਼ਾ ਦੇ ਖੋਜ ਕਾਰਜਾਂ ਵਿਚ ਆ ਚੁੱਕੀ ਖੜੋਤ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਦੇ ਪੱਖ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ।
   
ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਤੇ ਕਿਸੇ ਭਾਸ਼ਾ ਦੀ ਤਰੱਕੀ ਕੰਪਿਊਟਰ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਕਿਸੇ ਭਾਸ਼ਾ ਦੇ ਕੰਪਿਊਟਰੀਕਰਨ ਦੀ ਪਹਿਲੀ ਲੋੜ ਹੈ-ਬੁਨਿਆਦੀ ਸਮਗਰੀ। ਜਿਸ ਭਾਸ਼ਾ ਵਿਚ ਵਿਸ਼ਾਲ ਸ਼ਬਦ ਕੋਸ਼, ਸ਼ਬਦ ਭੰਡਾਰ, ਸਮ ਅਰਥ ਕੋਸ਼, ਉਲਟ ਭਾਵੀ ਕੋਸ਼, ਉਪਭਾਸ਼ਾਈ ਕੋਸ਼, ਤਕਨੀਕੀ ਸ਼ਬਦਾਵਲੀਆਂ ਵਿਸ਼ਵ ਕੋਸ਼ ਅਤੇ ਹੋਰਨਾਂ ਸਬੰਧਿਤ ਭਾਸ਼ਾਵਾਂ ਦੇ ਕੋਸ਼, ਸ਼ਬਦ ਜੋੜਾਂ ਅਤੇ ਵਿਆਕਰਨ ਦਾ ਮਿਆਰ ਹੋਵੇਗਾ, ਉਹ ਭਾਸ਼ਾ ਬਹੁਤ ਜਲਦੀ ਅਤੇ ਆਸਾਨੀ ਨਾਲ ਕੰਪਿਊਟਰ 'ਤੇ ਚੜ੍ਹਨ ਦੇ ਅਨੁਕੂਲ ਹੋ ਸਕਦੀ ਹੈ। ਇਸੇ ਪ੍ਰਕਾਰ ਭਾਸ਼ਾ ਦੀ ਸਰਲਤਾ ਦਾ ਮੁੱਦਾ ਵੀ ਵਿਚਾਰਨਯੋਗ ਹੈ। ਦੁਨੀਆ ਦੀਆਂ ਅਰਬੀ, ਚੀਨੀ ਆਦਿ ਭਾਸ਼ਾਵਾਂ ਕੰਪਿਊਟਰ ਰਾਹੀਂ ਉਦੋਂ ਹੀ ਵਿਕਸਿਤ ਹੋਈਆਂ ਜਦੋਂ ਉਨ੍ਹਾਂ ਨੂੰ ਕੰਪਿਊਟਰ ਦੇ ਲਿਹਾਜ਼ ਨਾਲ ਸਰਲ ਤੇ ਸੌਖਾ ਬਣਾਇਆ ਗਿਆ।

   
ਪੰਜਾਬੀ ਭਾਸ਼ਾ ਕੋਲ ਨਾ ਤਾਂ ਲੋੜੀਂਦੇ ਬੁਨਿਆਦੀ ਸਰੋਤ ਹਨ ਤੇ ਨਾ ਹੀ ਇਸ ਨੂੰ ਸੌਖਾ ਤੇ ਮਿਆਰੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੋ ਬੁਨਿਆਦੀ ਸਰੋਤਾਂ ਦੀ ਫ਼ੌਰੀ ਤੌਰ 'ਤੇ ਸਿਰਜਣਾ ਦੇ ਨਾਲ-ਨਾਲ ਇਸ ਨੂੰ ਕੰਪਿਊਟਰ 'ਤੇ ਚਲਾਉਣ ਲਈ ਇਸ ਦੀਆਂ ਲਗਾ-ਮਾਤਰਾਵਾਂ, ਸ਼ਬਦ-ਜੋੜਾਂ ਅਤੇ ਵਿਆਕਰਨਿਕ ਨਿਯਮਾਂ ਵਿਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਸਰਲ ਤੇ ਮਿਆਰੀ ਬਣਾਇਆ ਜਾ ਸਕਦਾ ਹੈ।
   
ਕੰਪਿਊਟਰ ਵਰਤੋਂਕਾਰ ਪੰਜਾਬੀ ਫੌਂਟਾਂ ਅਤੇ ਕੀਬੋਰਡਾਂ ਦੀਆਂ ਸਮੱਸਿਆਵਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ। ਭਾਵੇਂ ਯੂਨੀਕੋਡ ਪ੍ਰਣਾਲੀ ਦੇ ਰੂਪ ਵਿਚ ਫੌਂਟਾਂ ਦਾ ਮਿਆਰੀਕਰਨ ਅਚੇਤ ਰੂਪ ਵਿਚ ਹੋ ਚੁੱਕਾ ਹੈ ਪਰ ਯੂਨੀਕੋਡ ਦੇ ਤਕਨੀਕੀ ਮੈਦਾਨ ਵਿਚ ਚੱਲਣ ਵਾਲੇ ਸੋਹਣੀ ਦਿੱਖ ਵਾਲੇ ਫੌਂਟਾਂ ਦੀ ਵੱਡੀ ਲੋੜ ਹੈ। ਕੀਬੋਰਡਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਫੌਨੈਟਿਕ ਰਮਿੰਗਟਨ ਅਤੇ ਇਨਸਕਰਿਪਟ ਤਿੰਨ ਕੀਬੋਰਡ ਲੇਆਉਟ ਉਪਲਬਧ ਹਨ। ਦੁਨੀਆ ਦੇ ਵਧੇਰੇ ਵਰਤੋਂਕਾਰ ਪੰਜਾਬੀ ਫੋਨੈਟਿਕ ਕੀਬੋਰਡ ਇਸਤੇਮਾਲ ਕਰ ਰਹੇ ਹਨ। ਜਿਸ ਦਾ ਕਾਰਨ ਇਹ ਹੈ ਕਿ ਫੋਨੈਟਿਕ ਤਰੀਕੇ ਰਾਹੀਂ ਅਸੀਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਮੁਤਾਬਿਕ ਟਾਈਪ ਕਰ ਸਕਦੇ ਹਾਂ। ਅਜਿਹੇ ਕੰਮ ਲਈ ਪ੍ਰੋਫੈਸ਼ਨਲ ਟਾਈਪਿੰਗ ਸਿੱਖਣ ਦੀ ਲੋੜ ਨਹੀਂ। ਸੋ ਜ਼ਿਆਦਾ ਵਰਤੋਂਕਾਰ ਗੈਰ-ਟਾਈਪਿਸਟ ਹਨ ਜਿਸ ਕਾਰਨ ਇਸ ਦਾ ਪ੍ਰਚਲਣ ਵੱਧ ਹੈ। ਦੂਜੇ ਪਾਸੇ ਭਾਰਤ ਵਿਚ ਜ਼ਿਆਦਾਤਰ ਵਰਤੋਂਕਾਰ ਉਹ ਹਨ ਜੋ ਟਾਈਪ ਮਸ਼ੀਨ ਵਾਲੀ ਟਾਈਪਿੰਗ ਅਰਥਾਤ ਰਮਿੰਗਟਨ ਟਾਈਪਿੰਗ ਜਾਣਦੇ ਹਨ। ਭਾਰਤ ਸਰਕਾਰ ਦੇ ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੱਲੋਂ ਇਨਸਕਰਿਪਟ ਨਾਂ ਦੇ ਲੇਆਉਟ ਵੀ ਤਿਆਰ ਕੀਤਾ ਗਿਆ ਹੈ ਪਰ ਇਸ ਦੀ ਵਰਤੋਂ ਸ਼ਾਇਦ ਕੇਂਦਰ ਸਰਕਾਰ ਦੇ ਕੁੱਝ ਕੁ ਦਫ਼ਤਰਾਂ ਤੱਕ ਹੀ ਸੀਮਤ ਹੈ।
ਇਹਨਾਂ ਕੀਬੋਰਡਾਂ ਲੇਆਉਟਾਂ (ਖ਼ਾਕਿਆਂ) ਵਿਚੋਂ ਕਿਸੇ ਇੱਕ ਨੂੰ ਮਿਆਰੀ ਕੀਬੋਰਡ ਮੰਨਣ ਦਾ ਫ਼ੈਸਲਾ ਬਹੁਤ ਜਲਦੀ ਕਰ ਲੈਣਾ ਚਾਹੀਦਾ ਹੈ। ਕੀਬੋਰਡਾਂ ਦਾ ਮਿਆਰੀਕਰਨ ਨਾ ਹੋਣ ਕਾਰਨ ਸਾਡੀ ਜ਼ੁਬਾਨ ਮੋਬਾਈਲ ਤਕਨਾਲੋਜੀ ਤੋਂ ਵਿਰਵਾਂ ਰਹਿ ਗਈ ਹੈ। ਸਿੱਟੇ ਵਜੋਂ ਓਡਰਾਇਡ ਅਤੇ ਵਿੰਡੋਜ਼ ਆਧਾਰਿਤ ਫੌਂਟਾਂ ਤੋਂ ਬਿਨਾਂ ਹੋਰ ਕਿਸੇ ਵੀ ਸਾਧਾਰਨ ਫੌਂਟ ਵਿਚ ਪੰਜਾਬੀ ਨੂੰ ਲੋੜੀਂਦਾ ਸਮਰਥਨ ਪ੍ਰਾਪਤ ਨਹੀਂ ਹੈ।
   
ਕਿਸੇ ਭਾਸ਼ਾ ਦੇ ਵਿਕਾਸ ਲਈ ਸਾਫ਼ਟਵੇਅਰਾਂ ਦਾ ਵਿਕਾਸ ਕਰਨਾ ਇੱਕ ਪੇਚੀਦਾ ਮਾਮਲਾ ਹੈ। ਇਸ ਕੰਮ ਲਈ ਸਾਰਾ ਸਾਜੋ-ਸਮਾਨ, ਸਾਫ਼ਟਵੇਅਰਾਂ ਅਤੇ ਹੁਨਰਮੰਦ ਵਿਅਕਤੀਆਂ ਦੀ ਲੋੜ ਪੈਂਦੀ ਹੈ। ਪਰ ਇਸ ਕੰਮ ਨੂੰ ਉਤਸ਼ਾਹਿਤ ਕਰਨ ਲਈ ਫ਼ੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਦੀ ਵੱਡੀ ਘਾਟ ਹੈ। ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿੱਜੀ ਰੂਪ ਵਿਚ ਦਿਲਚਸਪੀ ਲਵੇ ਅਤੇ ਇਸ ਖੇਤਰ ਵਿਚ ਕੰਮ ਕਰ ਰਹੇ ਵਿਅਕਤੀਆਂ ਨੂੰ ਆਰਥਿਕ ਮਦਦ ਦੇਣ ਦਾ ਉਪਰਾਲਾ ਕੀਤਾ ਜਾਵੇ।
   
ਇਹ ਠੀਕ ਹੈ ਕਿ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਪੰਜਾਬ, ਪੰਜਾਬੋਂ ਬਾਹਰ ਅਤੇ ਵਿਦੇਸ਼ਾਂ ਵਿਚ ਕੰਮ ਹੋ ਰਿਹਾ ਹੈ। ਪਰ ਇਹਨਾਂ ਕੰਮਾਂ ਦੇ ਕੇਂਦਰੀਕਰਨ ਅਤੇ ਮੁਲਾਂਕਣ ਦੀ ਸਖ਼ਤ ਜ਼ਰੂਰਤ ਹੈ। ਇੱਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇੱਕ ਨੋਡਲ ਏਜੰਸੀ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਤਿਆਰ ਹੋ ਚੁੱਕੇ ਸਾਫ਼ਟਵੇਅਰਾਂ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾਵੇ, ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇ ਤੇ ਮਿਆਰੀ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅੰਗਰੇਜ਼ੀ, ਅਰਬੀ ਆਦਿ ਭਾਸ਼ਾਵਾਂ ਕੰਪਿਊਟਰੀਕਰਨ ਦੇ ਖੇਤਰ ਵਿਚ ਸਭ ਤੋਂ ਮੋਹਰੀ ਹਨ। ਭਾਵੇਂ ਬੁਨਿਆਦੀ ਸਮਗਰੀ ਦੀ ਉਪਲਬਧਤਾ, ਫ਼ੰਡਾਂ ਦੀ ਬਹੁਤਾਤ, ਸਿਖਲਾਈ ਦੇਣ ਦਾ ਉਚਿੱਤ ਪ੍ਰਬੰਧ, ਇਸ ਖੇਤਰ ਦੇ ਲੇਖਕਾਂ ਦਾ ਖੋਜਕਾਰਾਂ ਨਾਲ ਮਿਲਵਰਤਨ ਅਤੇ ਉਨ੍ਹਾਂ ਦਾ ਮਾਨ-ਸਨਮਾਨ ਆਦਿ ਪ੍ਰਮੁੱਖ ਹਨ ਪਰ ਸਾਫ਼ਟਵੇਅਰਾਂ ਦਾ ਓਪਨ ਸੋਰਸ ਉਪਲਬਧ ਹੋਣਾ ਇੱਕ ਵੱਡੀ ਤੇ ਅਗਾਂਹਵਧੂ ਪੱਖ ਹੈ। ਇਹਨਾਂ ਭਾਸ਼ਾਵਾਂ ਦੇ ਵਿਕਾਸ ਲਈ ਤਿਆਰ ਹੋ ਚੁੱਕੇ ਸਾਫ਼ਟਵੇਅਰਾਂ ਦੇ ਕੋਡ ਜਗ ਜ਼ਾਹਿਰ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਕੋਈ ਦੂਸਰਾ ਵਰਤੋਂਕਾਰ ਵਰਤ ਸਕਦਾ ਹੈ। ਉਸ ਵਿਚ ਲੋੜੀਂਦੀਆਂ ਸੋਧਾਂ ਕਰ ਸਕਦਾ ਹੈ ਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ ਬਹੁਤ ਘੱਟ ਸਮੇਂ ਵਿਚ ਵਿਕਸਿਤ ਕਾਰਨ 'ਚ ਭੂਮਿਕਾ ਨਿਭਾ ਸਕਦਾ ਹੈ ਪਰ ਮਾਂ-ਬੋਲੀ ਦੇ ਪ੍ਰੋਗਰਾਮ ਕੋਡਾਂ ਨੂੰ ਦੂਜੇ ਲੋਕਾਂ ਲਈ ਮੁਫ਼ਤ 'ਚ ਵਰਤਣ ਲਈ ਓਪਨ ਕਰਨਾ ਤਾਂ ਬਾਅਦ ਦੀ ਗੱਲ ਹੈ। ਇੱਥੇ ਤਿਆਰ ਪ੍ਰੋਗਰਾਮਾਂ ਨੂੰ ਆਮ ਲੋਕਾਂ ਅਤੇ ਨਾਲ ਦੇ ਖੋਜਕਾਰਾਂ ਤੋਂ ਛੁਪਾ ਕੇ ਰੱਖੇ ਜਾਂਦੇ ਹਨ। ਇਸ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਅਜਿਹਾ ਹੋਣ ਨਾਲ ਨਵੇਂ ਖੋਜਕਾਰਾਂ ਨੂੰ ਕੰਮ ਸ਼ੁਰੂ ਕਰਨ ਲਈ ਮੁੜ ਤੋਂ ਮੁੱਢਲੀ ਅਵਸਥਾ ਵਿਚ ਆਉਣਾ ਪੈਂਦਾ ਹੈ।
   
ਅਗਲੀ ਗੱਲ ਪੰਜਾਬੀ ਕੰਪਿਊਟਰ ਸਬੰਧੀ ਸਿਖਲਾਈ ਦੇ ਪ੍ਰਬੰਧ ਨਾਲ ਸਬੰਧਿਤ ਹੈ। ਇਹ ਠੀਕ ਹੈ ਕਿ ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇੱਕ ਆਨ-ਲਾਈਨ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਥਾਪਿਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਕੇਂਦਰ ਦੀ ਵੈੱਬਸਾਈਟ ਅਤੇ ਫ਼ੋਨ ਰਾਹੀਂ ਕੋਈ ਵਰਤੋਂਕਾਰ ਆਪਣੀ ਸਮੱਸਿਆ ਦਾ ਹੱਲ ਪਾ ਸਕਦਾ ਹੈ। ਪਰ ਇੰਟਰਨੈੱਟ ਅਤੇ ਟੈਲੀਫ਼ੋਨ ਦੀ ਵਰਤੋਂ ਨਾ ਕਰਨ ਵਾਲੇ ਵਰਤੋਂਕਾਰ ਇਸ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਸਕਦੇ।
   
ਮੇਰੇ ਵਿਚਾਰ ਮੁਤਾਬਿਕ ਯੂਨੀਵਰਸਿਟੀ ਨੂੰ ਇੱਕ ਵਿਸ਼ੇਸ਼ ਪੰਜਾਬੀ ਕੰਪਿਊਟਰ ਸੇਵਾ ਸਿਖਲਾਈ ਕੇਂਦਰ ਖੋਲ੍ਹਣਾ ਚਾਹੀਦਾ ਹੈ। ਇਸ ਕੇਂਦਰ ਵਿਚ ਪੰਜਾਬੀ ਵਿਚ ਕੰਪਿਊਟਰ ਦੀ ਮੁੱਢਲੀ ਸਿਖਲਾਈ ਅਤੇ ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ ਬਾਰੇ ਘੱਟ ਸਮੇਂ ਦੇ ਨਿਰੰਤਰ ਅਤੇ ਪਾਰਟ ਟਾਈਮ ਕੋਰਸ ਚਾਲੂ ਕਰਨੇ ਚਾਹੀਦੇ ਹਨ। ਇਸ ਨਾਲ ਪੰਜਾਬੀ ਲੇਖਕਾਂ, ਪੱਤਰਕਾਰਾਂ, ਅਧਿਆਪਕਾਂ, ਵਿਦਿਆਰਥੀਆਂ, ਖੋਜਕਾਰਾਂ ਅਤੇ ਹੋਰਨਾਂ ਵਰਤੋਂਕਾਰਾਂ ਨੂੰ ਵੱਡਾ ਲਾਭ ਹੋਵੇਗਾ।
   
ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਅਜਿਹੇ ਕੋਰਸ ਲਾਹੇਵੰਦ ਸਾਬਤ ਹੋ ਸਕਦੇ ਹਨ। ਇਹਨਾਂ ਕੋਰਸਾਂ ਦੇ ਪਾਠਕ੍ਰਮ ਵਿਚ ਕੰਪਿਊਟਰ ਬਾਰੇ ਮੁੱਢਲੇ ਗਿਆਨ ਤੋਂ ਲੈ ਕੇ ਟਾਈਪਿੰਗ, ਯੂਨੀਕੋਡ ਪਲੇਟਫ਼ਾਰਮ 'ਤੇ ਕੰਮ ਕਰਨਾ, ਫੌਂਟ ਕਨਵਰਟ ਕਰਨੇ, ਸਰਚ ਇੰਜਨਾਂ 'ਤੇ ਪੰਜਾਬੀ ਦੀ ਸਮਗਰੀ ਲੱਭਣੀ, ਅਨੁਵਾਦ ਅਤੇ ਲਿਪੀਅੰਤਰ ਸਾਫ਼ਟਵੇਅਰਾਂ ਦੀ ਵਰਤੋਂ, ਈ-ਮੇਲ, ਚੈਟਿੰਗ, ਫੇਸਬੁਕ ਆਦਿ 'ਤੇ ਪੰਜਾਬ ਵਿਚ ਕੰਮ ਕਰਨਾ, ਪੰਜਾਬੀ ਫਾਈਲਾਂ ਨੂੰ ਅਪਲੋਡ ਅਤੇ ਡਾਊਨਲੋਡ ਕਰਨ, ਪੀਡੀਐਫ ਫਾਈਲਾਂ ਬਣਾਉਣਾ, ਕਾਂਟ-ਛਾਂਟ ਕਰਨਾ, ਸਪੈਲਿੰਗ ਤੇ ਗਰੈਮਰ ਚੈੱਕ ਕਰਨਾ ਆਦਿ ਸ਼ਾਮਿਲ ਹੋ ਸਕਦਾ ਹੈ। ਕੰਪਿਊਟਰ, ਸਾਹਿਤ ਭਾਸ਼ਾ, ਡਾਕਟਰੀ, ਪੱਤਰਕਾਰੀ ਆਦਿ ਕਿੱਤਾ ਕੋਰਸਾਂ ਨੂੰ ਪੂਰਾ ਕਰਨ ਉਪਰੰਤ ਨੌਕਰੀ ਪ੍ਰਾਪਤ ਕਰਨ ਲਈ ਅਜਿਹਾ ਘੱਟ ਸਮੇਂ ਦਾ ਕੋਰਸ ਕਰਨ ਦੀ ਸ਼ਰਤ ਹੋਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਹਰੇਕ ਕਿੱਤਾਕਾਰੀ ਖੇਤਰ ਵਿਚ ਦਾਖਲ ਹੋਣ ਵਾਲਾ ਵਿਦਿਆਰਥੀ ਆਪਣੇ ਕੰਮ ਨੂੰ ਕੰਪਿਊਟਰ ਦੀ ਵਰਤੋਂ ਰਾਹੀਂ ਕਰਨ ਦੇ ਬਾਖ਼ੂਬੀ ਕਾਬਲ ਹੋ ਜਾਵੇਗਾ। ਮਿਸਾਲ ਵਜੋਂ ਅਜਿਹਾ ਕੋਰਸ ਕਰਨ ਉਪਰੰਤ ਪੱਤਰਕਾਰੀ ਦੇ ਖੇਤਰ ਵਿਚ ਜਾਣ ਵਾਲੇ ਕਿਸੇ ਵਿਅਕਤੀ ਨੂੰ ਫੌਂਟਾਂ, ਕੀਬੋਰਡਾਂ, ਸਰਚ ਇੰਜਨ, ਸਪੈੱਲ ਚੈੱਕਰ, ਅਨੁਵਾਦ ਤੇ ਲਿਪੀਅੰਤਰਨ ਪ੍ਰੋਗਰਾਮ ਅਤੇ ਇੰਟਰਨੈੱਟ ਦੀ ਵਰਤੋਂ ਬਾਰੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
   
ਅੱਗੇ ਮੈਂ ਪਾਠਕਾਂ ਦਾ ਧਿਆਨ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਾਲੇ ਜਾ ਚੁੱਕੇ ਭਰਮ ਵੱਲ ਦਿਵਾਉਣਾ ਚਾਹੁੰਦਾ ਹਾਂ। ਬਹੁਗਿਣਤੀ ਲੇਖਕਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦਾ ਇਹ ਭਰਮ ਹੈ ਕਿ ਭਾਸ਼ਾ ਦਾ ਵਿਕਾਸ ਕੇਵਲ ਸਾਹਿਤ ਤੇ ਸਭਿਆਚਾਰ ਨਾਲ ਹੀ ਜੁੜਿਆ ਹੋਇਆ ਹੈ। ਹੋ ਸਕਦਾ ਹੈ ਕੁੱਝ ਦਹਾਕੇ ਪਹਿਲਾਂ ਇਹ ਸੱਚ ਹੋਵੇ ਪਰ ਅੱਜ ਭਾਸ਼ਾ ਦੇ ਤਕਨੀਕੀ ਵਿਕਾਸ ਵਿਚ ਸਾਹਿਤ ਤੇ ਸਭਿਆਚਾਰ ਦਾ ਯੋਗਦਾਨ ਮਨਫ਼ੀ ਹੁੰਦਾ ਜਾ ਰਿਹਾ ਹੈ। ਸਾਹਿਤ ਸਾਨੂੰ ਜੀਵਨ ਜਾਂਚ ਸਿਖਾ ਸਕਦਾ ਹੈ। ਕਲਪਨਾ ਦੀ ਦੁਨੀਆ 'ਚ ਉਡਾਰੀਆਂ ਮਰਵਾ ਸਕਦਾ ਹੈ ਪਰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਸਾਨੂੰ ਪੰਜਾਬੀ ਭਾਸ਼ਾ ਅਤੇ ਕੰਪਿਊਟਰੀਕਰਨ ਦੇ ਵਿਆਪਕ ਪ੍ਰੋਜੈਕਟ ਵਿਉਂਤਣ ਦੀ ਫ਼ੌਰੀ ਲੋੜ ਹੈ।
   
ਇੱਕ ਗੱਲ ਪੰਜਾਬੀ ਭਾਸ਼ਾ ਦੀ ਪੜ੍ਹਾਈ, ਅਨੁਵਾਦ ਅਤੇ ਪਾਠਕ੍ਰਮ ਵੀ ਕਰਨਾ ਚਾਹਾਂਗਾ। ਪੰਜਾਬੀ ਦੇ ਸੈਮੀਨਾਰਾਂ ਕਾਨਫ਼ਰੰਸਾਂ ਵਿਚ ਅਕਸਰ ਚਿੰਤਾ ਕੀਤੀ ਜਾਂਦੀ ਹੈ ਕਿ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ। ਮੇਰੇ ਵਿਚਾਰ ਅਨੁਸਾਰ ਮਾਂ-ਬੋਲੀ ਵਿਚ ਵਧੀਆ ਮਿਆਰ ਵਾਲੇ ਕਾਮਿਕਸ, ਕਾਰਟੂਨ ਫ਼ਿਲਮਾਂ, ਚੱਲ ਚਿੱਤਰ ਕਹਾਣੀਆਂ ਦੀਆਂ ਸਾਡੀਆਂ ਪ੍ਰਾਇਮਰੀ ਪੱਧਰ ਦੇ ਬੱਚਿਆਂ ਲਈ ਉਪਲਬਧ ਹੋ ਜਾਣ ਤਾਂ ਉਨ੍ਹਾਂ ਨੂੰ ਮੁੱਢ ਤੋਂ ਹੀ ਮਾਂ-ਬੋਲੀ ਨਾਲ ਜੋੜਿਆ ਜਾ ਸਕਦਾ ਹੈ। ਉਚੇਰੀ ਸਿੱਖਿਆ ਅਤੇ ਕਿੱਤਾਕਾਰੀ ਕੋਰਸਾਂ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ ਪਰ ਸਾਡੇ ਸਾਹਮਣੇ ਵੱਖ-ਵੱਖ ਖੇਤਰਾਂ ਦੀ ਤਕਨੀਕੀ ਸ਼ਬਦਾਵਲੀ ਦਾ ਬਹੁਤ ਵੱਡਾ ਮਸਲਾ ਉੱਭਰ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਵਿਚ ਤਕਨੀਕੀ ਸ਼ਬਦਾਵਲੀ ਘੜਨ ਦੇ ਖੇਤਰ ਵਿਚ ਸਾਡਾ ਕੰਮ ਬਹੁਤ ਚੰਗਾ ਨਹੀਂ ਹੈ। ਸੋ ਸ਼ਬਦਾਵਲੀ ਘੜੀ ਗਈ ਹੈ ਉਸ ਉੱਤੇ ਸੰਸਕ੍ਰਿਤ ਜਾਂ ਉਰਦੂ ਦਾ ਅਸਰ ਭਾਰੂ ਹੈ। ਮੇਰੇ ਵਿਚਾਰ ਅਨੁਸਾਰ ਅੰਗਰੇਜ਼ੀ ਵਾਲੇ ਪਾਸੋਂ ਨਾਂਵ ਵਜੋਂ ਆ ਰਹੇ ਬਹੁਤੇ ਤਕਨੀਕੀ ਸ਼ਬਦਾਂ (ਦੇ ਮੂਲ ਭਾਸ਼ਾਵਾਂ) ਨੂੰ ਉਸੇ ਰੂਪ ਵਿਚ ਅਪਣਾਇਆ ਜਾ ਸਕਦਾ ਹੈ। ਇਸ ਨਾਲ ਇੱਕ ਤਾਂ ਸਾਡੀ ਭਾਸ਼ਾ ਹਿੰਦੀ ਅਤੇ ਉਰਦੂ ਦੇ ਪ੍ਰਭਾਵ ਤੋਂ ਮੁਕਤ ਹੋ ਸਕੇਗੀ ਤੇ ਦੂਸਰਾ ਇਹ ਆਮ ਲੋਕਾਂ ਦੀ ਬੋਲੀ ਬਣਨ 'ਚ ਵਧੇਰੇ ਕਾਰਗਰ ਸਿੱਧ ਹੋਵੇਗੀ।
   
ਸੋ ਸਪਸ਼ਟ ਹੈ ਕਿ ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਭਾਸ਼ਾ ਵਿਗਿਆਨੀਆਂ ਅਤੇ ਕੰਪਿਊਟਰ ਮਾਹਿਰ ਬਹੁਤ ਚੰਗਾ ਯੋਗਦਾਨ ਪਾ ਸਕਦੇ ਹਨ। ਪਰ ਅਫ਼ਸੋਸ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਵੱਖ-ਵੱਖ ਭਾਸ਼ਾ ਅਕਾਦਮੀਆਂ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਵਿਚ ਇਨ੍ਹਾਂ ਖੇਤਰਾਂ ਦੇ ਲੇਖਕਾਂ ਨੂੰ ਆਮ ਤੌਰ 'ਤੇ ਵੱਖ ਰੱਖਿਆ ਜਾਂਦਾ ਹੈ। ਪੰਜਾਬੀ ਦੇ ਕੰਪਿਊਟਰ ਲੇਖਕਾਂ ਤੇ ਖੋਜਕਾਰਾਂ 'ਤੇ ਘੱਟ ਉਮਰ ਅਤੇ ਮੁੱਖ ਧਾਰਾ ਤੋਂ ਬਾਹਰ ਹੋਣ ਦਾ ਲੇਬਲ ਲਗਾ ਕੇ ਨਕਾਰ ਦਿੱਤਾ ਜਾਂਦਾ ਹੈ। ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੀ ਗੱਲ ਹੀ ਕਰ ਲਓ। ਗਿਆਨ ਸਾਹਿਤ ਸਨਮਾਨ ਲਈ ਗਿਆਨ-ਵਿਗਿਆਨ ਤੇ ਆਧੁਨਿਕ ਤਕਨਾਲੋਜੀ ਦੇ ਲੇਖਕਾਂ ਦੀ ਬਜਾਏ ਆਮ ਸਾਹਿਤਕਾਰਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ।
  
 ਜੇਕਰ ਅਸੀਂ ਸੱਚਮੁੱਚ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਅਜਿਹੇ ਲੇਖਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਕੇ ਰਵਾਇਤੀ ਵਿਧਾਵਾਂ ਵਿਚ ਲਿਖਣ ਵਾਲੇ ਲੇਖਕਾਂ ਦਾ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ।

No comments: