ਫਲਾਪ ਰਹੇ ਬੱਲੇਬਾਜ਼- ਜਿਸ ਤਰ੍ਹਾਂ ਕਿ ਸ਼ੁਰੂ ਤੋਂ ਹੀ ਭਾਰਤ ਦੀ ਬੱਲੇਬਾਜ਼ੀ ਅਤੇ ਪਾਕਿਸਤਾਨ ਦੀ ਗੇਂਦਬਾਜ਼ੀ ਦਾ ਮੁਕਾਬਲਾ ਹੁੰਦਾ ਰਿਹਾ ਹੈ ਪਰ ਇਸ ਵਾਰ ਬੱਲੇਬਾਜ਼ ਦੀ ਦੁਨੀਆ 'ਚ ਵੱਡੇ ਨਾਂ ਨਾਲ ਜਾਣੇ ਜਾਂਦੇ ਸਾਰੇ ਬੱਲੇਬਾਜ਼ ਬੁਰੀ ਤਰ੍ਹਾਂ ਫਲਾਪ ਸਾਬਤ ਹੋਏ। ਦੋਵੇਂ ਇਕ ਰੋਜ਼ਾ ਮੈਚਾਂ 'ਚ ਕਪਤਾਨ ਧੋਨੀ ਦੀਆਂ ਅਜੇਤੂ 113 ਅਤੇ 54 ਦੌੜਾਂ ਛੱਡ ਦਈਏ ਤਾਂ ਕੋਈ ਵੀ ਦੂਸਰਾ ਬੱਲੇਬਾਜ਼ ਅਰਧ ਸੈਂਕੜੇ ਤੱਕ ਨਹੀਂ ਪਹੁੰਚ ਸਕਿਆ। ਭਾਰਤ ਦੀ ਸਲਾਮੀ ਜੋੜੀ ਸਹਿਵਾਗ (4,31) ਅਤੇ ਗੰਭੀਰ (8,11) ਕਦੇ ਲੈਅ 'ਚ ਨਹੀਂ ਦਿਸੇ। ਵਿਰਾਟ, ਯੁਵਰਾਜ ਅਤੇ ਰੈਣਾ ਦਾ ਵੀ ਇਹ ਹੀ ਹਾਲ ਰਿਹਾ।
ਧੋਨੀ ਦੀ ਖਰਾਬ ਚੋਣ- ਰੋਹਿਤ ਸ਼ਰਮਾ ਨੇ ਜੁਲਾਈ 'ਚ ਪੰਜ ਇਕ ਰੋਜ਼ਾਂ ਮੈਚਾਂ 'ਚ ਕੁੱਲ 13 ਦੌੜਾਂ ਬਣਾਈਆਂ ਸਨ, ਇਸ ਦੇ ਬਾਵਜੂਦ ਉਸ ਨੂੰ ਪਹਿਲੇ ਇਕ ਰੋਜ਼ਾ ਮੈਚ 'ਚ ਮੌਕਾ ਦਿੱਤਾ ਗਿਆ। ਦੂਜੇ ਪਾਸੇ ਪਾਕਿਸਤਾਨ ਦੇ ਖਿਲਾਫ ਦੋਵੇਂ ਟੀ-20 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਜਿੰਕਿਆ ਰਹਾਣੇ (42 ਅਤੇ 28) ਨੂੰ ਮੌਕਾ ਨਹੀਂ ਦਿੱਤਾ ਗਿਆ। ਆਲਰਾਊਂਡਰ ਰਵਿੰਦਰ ਜਡੇਜਾ ਨੂੰ ਟੀਮ 'ਚ ਸ਼ਾਮਲ ਕਰਨ ਨਾਲ ਬੇਸ਼ੱਕ ਉਸ ਨੇ ਗੇਂਦਬਾਜ਼ੀ 'ਚ ਜ਼ਰੂਰ ਤਿੰਨ ਵਿਕਟਾਂ ਲਈਆਂ ਪਰ ਬੱਲੇ ਨਾਲ ਉਹ ਕੋਈ ਕਮਾਲ ਨਹੀਂ ਕਰ ਸਕਿਆ।
ਗੇਂਦਬਾਜ਼ੀ 'ਚ ਧਾਰ ਨਹੀਂ- ਪਾਕਿਸਤਾਨ ਦੇ ਮੁਕਾਬਲੇ ਭਾਰਤ ਦਾ ਗੇਂਦਬਾਜ਼ੀ ਹਮਲਾ ਕਦੇ ਮਜ਼ਬੂਤ ਨਹੀਂ ਦਿਸਿਆ। ਇਸ ਵਾਰ ਜ਼ਹੀਰ ਖਾਨ ਦੀ ਗੈਰ ਮੌਜੂਦਗੀ ਨਾਲ ਗੇਂਦਬਾਜ਼ੀ ਹਮਲੇ ਕੋਲ ਤਜ਼ਰਬੇ ਦੀ ਘਾਟ ਸੀ ਅਤੇ ਟੀਮ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ। ਨਵੇਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਦੋਵੇਂ ਟੀ-20 ਮੈਚਾਂ ਅਤੇ ਪਹਿਲੇ ਇਕ ਰੋਜ਼ਾ ਮੈਚ 'ਚ ਜ਼ਰੂਰ ਪ੍ਰਭਾਵਿਤ ਕੀਤਾ ਹੈ ਪਰ ਕੋਲਕਾਤਾ 'ਚ ਪਾਕਿਸਤਾਨੀ ਬੱਲੇਬਾਜ਼ਾਂ ਨੇ ਉਸ ਦੀ ਖੂਬ ਸਾਰ ਲਈ।
ਜਮਸ਼ੇਦ ਦੀ ਬੱਲੇਬਾਜ਼ੀ- ਪਾਕਿਸਤਾਨ ਦਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ ਫਾਰਮ 'ਚ ਹੈ। ਉਸ ਨੇ ਦੋਵੇਂ ਇਕ ਰੋਜ਼ਾ ਮੈਚਾਂ 'ਚ ਸੈਂਕੜਾ ਜੜਿਆ ਅਤੇ ਦੂਸਰੇ ਬੱਲੇਬਾਜ਼ਾਂ ਨੇ ਵੀ ਉਸ ਦਾ ਸਾਥ ਦਿੱਤਾ। ਦੂਜੇ ਪਾਸੇ ਭਾਰਤ ਵੱਲੋਂ ਕੋਈ ਵੀ ਬੱਲੇਬਾਜ਼ ਕਪਤਾਨ ਧੋਨੀ ਦੇ ਨਾਲ ਪਿੱਚ 'ਤੇ ਖੜ੍ਹਾ ਨਹੀਂ ਦਿਸਿਆ ਅਤੇ ਉਹ ਇੱਕਲੇ ਸੰਘਰਸ਼ ਕਰਦੇ ਰਹੇ।
ਜੁਨੇਦ ਨੂੰ ਝੱਲ ਨਹੀਂ ਸਕੇ- ਭਾਰਤੀ ਬੱਲੇਬਾਜ਼ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੁਨੇਦ ਖਾਨ ਦੀਆਂ ਕਹਿਰ ਵਰਤਾਉਂਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕੇ। ਪਾਕਿਸਤਾਨ ਦੇ 23 ਸਾਲਾ ਗੇਂਦਬਾਜ਼ ਨੇ ਦੋਵੇਂ ਇਕ ਰੋਜ਼ਾ ਮੈਚਾਂ 'ਚ ਭਾਰਤੀ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਚੇਨਈ 'ਚ ਉਸ ਨੇ ਚਾਰ ਅਤੇ ਕੋਲਕਾਤਾ 'ਚ 3 ਵਿਕਟਾਂ ਲਈਆਂ। ਭਾਰਤ ਵੱਲੋਂ ਕੋਈ ਵੀ ਗੇਂਦਬਾਜ਼ ਅਜਿਹਾ ਕਮਾਲ ਨਹੀਂ ਕਰ ਸਕਿਆ।