ਫਾਂਸੀ ਦੀ ਤਰੀਕ ਨੇੜੇ ਆਉਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਦੇ ਆਸ ਪਾਸ ਦੇ ਕਰੀਬ 15 ਪਿੰਡਾਂ ਵਿਚ ਤਣਾਅ ਵਧਿਆ
www.sabblok.blogspot.com
ਲੁਧਿਆਣਾ--(ਅਮਨ ਰਿਆੜ)--ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੰਭਾਵਤ ਫਾਂਸੀ ਦੀ ਤਰੀਕ ਨੇੜੇ ਆਉਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਦੇ ਆਸ ਪਾਸ ਦੇ ਕਰੀਬ 15 ਪਿੰਡਾਂ ਵਿਚ ਤਣਾਅ ਵਧ ਗਿਆ ਹੈ। ਲੁਧਿਆਣਾ ਤੋਂ ਪੱਤਰਕਾਰਾਂ ਦੀ ਟੀਮ ਅੱਜ ਪਿੰਡ ਰਾਜੋਆਣਾ ਪੁੱਜੀ। ਹਲਵਾਰਾ ਲੰਘ ਕੇ ਸੱਜੇ ਹੱਥ ਮੁੱਖ ਸੜਕ ਉਪਰ ਰਾਜੋਆਣਾ ਦਾ ਗੇਟ ਹੈ। ਪਹਿਲਾਂ ਰਾਜੋਆਣਾ ਖੁਰਦ ਦੀ ਅਬਾਦੀ ਆਉਂਦੀ ਹੈ ਤੇ ਉਥੋਂ ਕੁਝ ਕਦਮ ਅੱਗੇ ਵੱਡਾ ਰਾ...ਜੋਆਣਾ ਆਉਂਦਾ ਹੈ। ਪਿੰਡ ਦੇ ਛਿਪਦੇ ਪਾਸੇ ਫਿਰਨੀ ’ਤੇ ਫਾਂਸੀਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਘਰ ਹੈ। ਇੱਥੇ ਦੋ ਘਰ ਇੱਕੋ ਜਿਹੇ ਹਨ। ਇਨ੍ਹਾਂ ਵਿਚੋਂ ਇੱਕ ਘਰ ਭਾਈ ਬਲਵੰਤ ਸਿੰਘ ਦੇ ਚਾਚੇ ਅਵਤਾਰ ਸਿੰਘ ਦਾ ਹੈ। ਉਸਦਾ ਪੂਰਾ ਪਰਿਵਾਰ ਵੀ ਸਿੱਖੀ ਸਰੂਪ ਨੂੰ ਸਮਰਪਿਤ ਹੈ। ਅਗਲਾ ਦਰਵਾਜ਼ਾ ਭਾਈ ਬਲਵੰਤ ਸਿੰਘ ਦੇ ਘਰ ਦਾ ਹੈ। ਪੱਤਰਕਾਰਾਂ ਨੂੰ ਦੇਖ ਕੇ ਇੱਕ ਉਦਾਸ ਤੇ ਸਹਿਮੇ ਹੋਏ ਚਿਹਰੇ ਵਾਲਾ ਨੌਜਵਾਨ ਗੇਟ ਤੋਂ ਬਾਹਰ ਆਇਆ। ਉਸ ਦਾ ਨਾਂ ਕੁਲਵੰਤ ਸਿੰਘ (47) ਹੈ ਅਤੇ ਉਹ ਬਲਵੰਤ ਦਾ ਵੱਡਾ ਭਰਾ ਹੈ। ਬਲਵੰਤ ਉਸ ਤੋਂ ਤਿੰਨ ਸਾਲ ਛੋਟਾ ਹੈ। ਕੁਲਵੰਤ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਭਾਈ ਬਲਵੰਤ ਘੱਟ ਬੋਲਦਾ ਤੇ ਸਿੱਖੀ ਸਿਦਕ ਨਾਲ ਭਰਿਆ ਹੋਇਆ ਸੀ। ਉਸ ਨੇ ਬੀ.ਏ. ਤੱਕ ਦੀ ਪੜ੍ਹਾਈ ਖਾਲਸਾ ਕਾਲਜ ਸੁਧਾਰ ਤੋਂ ਕੀਤੀ। ਨੀਲਾ ਤਾਰਾ ਅਪਰੇਸ਼ਨ 1984 ਤੋਂ ਬਾਅਦ ਉਹ ਇਕਦਮ ਬਦਲ ਗਿਆ ਤੇ ਚੁੱਪ ਰਹਿਣ ਲੱਗ ਪਿਆ। ਪੜ੍ਹਾਈ ਉਪਰੰਤ ਉਹ ਹੁਸ਼ਿਆਰਪੁਰ ਜਹਾਨ ਖੇਲਾਂ ਜਾ ਕੇ ਪੁਲੀਸ ਵਿਚ ਭਰਤੀ ਹੋ ਗਿਆ ਤੇ ਤਿੰਨ ਸਾਲ ਉਥੇ ਰਿਹਾ। ਉਸ ਉਪਰੰਤ ਉਹ ਪਟਿਆਲੇ ਚਲਾ ਗਿਆ। ਨੌਕਰੀ ਦੌਰਾਨ ਕਦੇ ਕਦਾਈਂ ਪਿੰਡ ਮਿਲਣ ਆਉਂਦਾ ਸੀ। ਉਸ ਨੂੰ ਪਿੰਡ ਦੇ ਸਭ ਔਰਤ–ਮਰਦ ਘਰੇ ਮਿਲ ਕੇ ਜਾਂਦੇ ਸਨ। ਪਰਿਵਾਰ ਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਉਸ (ਕੁਲਵੰਤ) ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲੀਸ ਚੁਕ ਕੇ ਲੈ ਗਈ। ਜਦੋਂ ਉਸ ਨੂੰ ਪੁਲੀਸ ਦੀ ਕੁੱਟ ਪੈ ਰਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਬਲਵੰਤ ਦੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਮੂਲੀਅਤ ਸੀ। ਉਹ ਕੁਝ ਕਰ ਨਹੀਂ ਸਕਦਾ ਸੀ, ਕਿਸਮਤ ਨੂੰ ਕੋਸਦਾ ਕਿ ਬਲਵੰਤ ਨੇ ਇਹ ਕੰਮ ਕਿਉਂ ਕੀਤਾ। ਕਿਹੇ ਚੰਦਰੇ ਵਕਤ ਉਹ ਅੱਤਵਾਦੀਆਂ ਦੇ ਧੱਕੇ ਚੜ੍ਹ ਗਿਆ। ਉਹ 6 ਮਹੀਨੇ ਥਾਣਿਆਂ ਵਿਚ ਰੁਲਦਾ ਰਿਹਾ ਤੇ ਉਸ ਵੇਲੇ ਛੱਡਿਆ ਗਿਆ ਜਦੋਂ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਰ ਆ ਕੇ ਫੇਰ ਉਹ ਦੋ ਸਾਲ ਤੱਕ ਲੁਕਦਾ ਰਿਹਾ ਕਿਉਂਕਿ ਉਸ ਉਪਰ ਤਸ਼ੱਦਦ ਇੰਨਾ ਹੋਇਆ ਸੀ ਕਿ ਪਿੰਡ ਵਾਲੇ ਘਰ ਤੋਂ ਉਸ ਨੂੰ ਡਰ ਆਉਂਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਗੁਰਮੀਤ ਕੌਰ (70) ਇਸ ਵੇਲੇ ਬਹੁਤ ਭੈੜੀ ਮਾਨਸਿਕ ਹਾਲਤ ਵਿਚ ਹੈ। ਉਸ ਦੀਆਂ ਅੱਖਾਂ ਦੀ ਜੋਤ ਵੀ ਨਾਂਮਾਤਰ ਹੀ ਰਹਿ ਗਈ ਹੈ। ਬਲਵੰਤ ਸਿੰਘ ਦਾ ਵਿਆਹ ਨਹੀਂ ਹੋਇਆ ਜਦਕਿ ਉਸ ਦੇ ਆਪਣੇ ਦੋ ਪੁੱਤਰ ਹਨ। ਰਵਨੀਤ ਸਿੰਘ (22) ਬੀ.ਏ. ਕਰ ਰਿਹਾ ਹੈ ਅਤੇ ਅਮਨਪ੍ਰੀਤ ਸਿੰਘ (14) 9ਵੀਂ ਜਮਾਤ ਵਿਚ ਪੜ੍ਹ ਰਿਹਾ ਹੈ। ਕੁਲਵੰਤ ਨੇ ਦੱਸਿਆ ਕਿ ਉਹ ਦੋ ਭਰਾ ਹੀ ਹਨ, ਕੋਈ ਭੈਣ ਨਹੀਂ ਹੈ। ਕਮਲਪ੍ਰੀਤ ਕੌਰ ਉਸ ਦੇ ਦੀ ਭਰਾ ਦੀ ਆਪਣੇ ਆਪ ਨੂੰ ਧਰਮ ਭੈਣ ਦੱਸਦੀ ਹੈ। ਉਸ ਦਾ ਭਰਾ ਵੀ ਉਸ ਦੀ ਇੱਜ਼ਤ ਕਰਦਾ ਹੈ ਪਰ ਉਨ੍ਹਾਂ ਦੇ ਬਾਕੀ ਪਰਿਵਾਰ ਨਾਲ ਉਸ ਦਾ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ। ਰਹਿਮ ਦੀ ਅਪੀਲ ਬਾਰੇ ਉਸ ਨੇ ਕਿਹਾ ਕਿ ਬਲਵੰਤ ਸਿੰਘ ਇਸ ਗੱਲ ਨੂੰ ਨਹੀਂ ਮੰਨਦਾ। ਪਰਿਵਾਰ ਦੋ ਵਾਰ ਪੱਕੇ ਕਾਗਜ਼ਾਂ ’ਤੇ ਅਪੀਲ ਟਾਈਪ ਕਰਵਾ ਕੇ ਪਟਿਆਲਾ ਜੇਲ੍ਹ ਵਿਚ ਗਿਆ ਸੀ ਪਰ ਉਸ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਤਾਂ ਮਾਂ ਦੀ ਵੀ ਨਹੀਂ ਮੰਨੀ। ਮਾਂ ਨੂੰ ਕਹਿ ਦਿੱਤਾ ਕਿ ‘ਤੰੂ ਰੋਣਾ ਨਹੀਂ, ਚੜ੍ਹਦੀ ਕਲਾ ਵਿਚ ਰਹਿਣਾ ਹੈ।’ ਬਲਵੰਤ ਸਿੰਘ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਮਕਾਨ ਦੀ ਡਿੱਗ ਚੁੱਕੀ ਛੱਤ ਤੋਂ ਸਾਫ ਹੈ ਕਿ ਪਰਿਵਾਰ ਦਾ ਗਰੀਬੀ ਨੇ ਲੱਕ ਤੋੜ ਦਿੱਤਾ ਹੈ। ਡਿੱਗੀਆਂ ਕੰਧਾਂ ਤੇ ਛੱਤ ’ਤੇ ਪਾਟੀ ਪੁਰਾਣੀ ਤਰਪਾਲ ਪਾ ਕੇ ਪਰਿਵਾਰ ਆਪਣੇ ਆਪ ਨੂੰ ਘਰ ਵਿਚ ਰਹਿਣ ਦਾ ਭੁਲੇਖਾ ਪਾ ਰਿਹਾ ਹੈ। ਪਿਛਲੇ ਪਾਸੇ ਇੱਕ ਦਲਾਨ ਨੁਮਾ ਵੱਡਾ ਕਮਰਾ ਵੀ ਤਿਆਰੀ ਬਿਨਾਂ ਅਧੂਰਾ ਹੈ। ਪਤਾ ਲੱਗਾ ਹੈ ਕਿ ਕੁਲਵੰਤ ਦੀ ਪਤਨੀ ਪਰਮਜੀਤ ਕੌਰ ਤਿੰਨ ਸਾਲ ਪਹਿਲਾਂ ਬਲਵੰਤ ਨਾਲ ਮੁਲਾਕਾਤ ਕਰ ਕੇ ਪਿੰਡ ਪਰਤੀ ਤੇ ਬੇਹੋਸ਼ ਹੋ ਕੇ ਗਈ ਅਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ ਸੀ। ਬਲਵੰਤ ਦੇ ਪਿਤਾ ਮਲਕੀਅਤ ਸਿੰਘ ਮਾਰਟਗੇਜ ਬੈਂਕ ਦੇ ਡਾਇਰੈਕਟਰ ਤੇ ਪੰਜ ਸਾਲ ਪਿੰਡ ਦੇ ਸਰਪੰਚ ਰਹੇ। ਉਹ ਲੁਟੇਰਾ ਗਰੋਹ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਪੱਤਰਕਾਰਾਂ ਦੀ ਟੀਮ ਨੇ ਘਰ ਦੇ ਅੰਦਰ ਜਾ ਕੇ ਬਲਵੰਤ ਦੀ ਮਾਂ ਗੁਰਮੀਤ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੰਨਾ ਹੀ ਕਿਹਾ, ‘‘ਮੇਰੇ ਪੁੱਤਰ ਨੇ ਜੋ ਕੀਤਾ ਹੋਵੇਗਾ ਠੀਕ ਹੀ ਕੀਤਾ ਹੋਵੇਗਾ।’’ ਉਸਨੂੰ ਹਾਲੇ ਵੀ ਅਕਾਲ ਪੁਰਖ ਵੱਲੋਂ ਕੁਝ ਚੰਗਾ ਹੋ ਜਾਣ ਦੀ ਆਸ ਹੈ। ਉਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਵੀ ਅਪੀਲ ਕੀਤੀ। ਬਲਵੰਤ ਦੇ ਭਤੀਜੇ ਰਵੀ ਅਤੇ ਅਮਨ ਦੀਆਂ ਅੱਖਾਂ ਵਿੱਚ ਉਦਾਸੀ ਦੀ ਨਮੀ ਸਾਫ ਝਲਕ ਰਹੀ ਸੀ। —
No comments:
Post a Comment