www.sabblok.blogspot.com
ਚੰਡੀਗੜ੍ਹ, 5 ਫਰਵਰੀ (PMI News):-ਟੋਰਾਂਟੋ ਨਾਲ ਸਬੰਧਤ ਆਸ਼ਾ ਸੇਠ, ਅਜਿਹੀ ਪਹਿਲੀ ਭਾਰਤੀ ਮੂਲ ਦੀ ਕੈਨੇਡੀਅਨ ਔਰਤ ਬਣ ਗਈ ਹੈ, ਜਿਸ ਨੂੰ ਕੈਨੇਡਾ ਦੀ ਸੰਸਦ ਦੇ ਉਪਰਲੇ ਸਦਨ ਸੈਨੇਟ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਨਾਮਜ਼ਦਗੀ ਹਾਕਮ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਹੈ। ਬੀਬੀ ਸੇਠ ਜੋ ਔਰਤਾਂ ਦੀਆਂ ਬੀਮਾਰੀਆਂ ਦੀ ਮਾਹਰ ਹੈ, ਉਂਜ ਵੀ ਕੁੱਲ ਮਿਲਾ ਕੇ ਕੈਨੇਡੀਅਨ ਸੈਨੇਟ ਵਿੱਚ ਜਾਣ ਵਾਲੀ ਦੂਜੀ ਭਾਰਤੀ ਮੂਲ ਦੀ ਆਗੂ ਹੈ ਅਤੇ ਇਸ ਤੋਂ ਪਹਿਲਾਂ ਵਿਮ ਕੋਛੜ ਨੂੰ ਸੈਨੇਟ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਲਖਨਊ ਦੇ ਨਾਮੀ ਕਿੰਗ ਜਾਰਜ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਡਿਗਰੀ ਕਰਨ ਵਾਲੀ ਬੀਬੀ ਸੇਠ 15 ਦਸੰਬਰ, 2014 ਤੱਕ ਇਸ ਅਹੁਦੇ ਉਤੇ ਰਹੇਗੀ ਕਿਉਂਕਿ ਕੈਨੇਡਾ ਵਿੱਚ ਰਵਾਇਤਨ ਉਪਰਲੇ ਸਦਨ ਦੇ ਮੈਂਬਰ 75 ਸਾਲ ਦੀ ਉਮਰ ਪੂਰੀ ਹੋਣ ਉਤੇ ਰਿਟਾਇਰ ਹੋ ਜਾਂਦੇ ਹਨ। ਸ੍ਰੀ ਕੋਛੜ ਇਸ ਅਹੁਦੇ ਉਤੇ ਕਿਤੇ ਘੱਟ ਸਮਾਂ ਰਹੇ ਸਨ ਕਿਉਂਕਿ ਉਨ੍ਹਾਂ ਨੂੰ 29 ਜਨਵਰੀ, 2010 ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਬੀਤੇ ਸਾਲ ਸਤੰਬਰ ਮਹੀਨੇ ਰਿਟਾਇਰ ਹੋ ਗਏ ਸਨ। ਦੋਵੇਂ ਬੀਬੀ ਸੇਠ ਅਤੇ ਸ੍ਰੀ ਕੋਛੜ ਓਂਟਾਰੀਓ ਦੇ ਨੁਮਾਇੰਦੇ ਬਣੇ ਹਨ ਅਤੇ ਦੋਵਾਂ ਦੀ ਚੋਣ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕੀਤੀ ਹੈ। ਅਜਿਹੀਆਂ ਕੋਸ਼ਿਸ਼ਾਂ ਸਦਕਾ ਹੀ ਉਹ ਓਂਟਾਰੀਓ ਸੂਬੇ ਵਿੱਚ ਵਿਰੋਧੀ ਲਿਬਰਲ ਪਾਰਟੀ ਦਾ ਆਧਾਰ ਖਤਮ ਕਰਕੇ ਉਥੇ ਕੰਜ਼ਰਵੇਟਿਵਾਂ ਦਾ ਗੜ੍ਹ ਬਣਾਉਣ ਵਿੱਚ ਕਾਮਯਾਬ ਰਹੇ ਹਨ। ਸ੍ਰੀ ਕੋਛੜ ਦਾ ਜਨਮ ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿਖੇ ਹੋਇਆ ਸੀ ਅਤੇ ਉਨ੍ਹਾਂ ਸੈਨੇਟ ਦੇ ਮੈਂਬਰ ਬਣ ਕੇ ਨਵਾਂ ਇਤਿਹਾਸ ਸਿਰਜਿਆ ਸੀ ਕਿਉਂਕਿ ਉਦੋਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਸਨਮਾਨ ਦੇਣ ਲਈ ਟੈਕਨੋਕਰੈਟ ਤੋਂ ਬਿਜ਼ਨਸਮੈਨ ਬਣੇ ਇਕ ਵਿਅਕਤੀ ਨੂੰ ਵੀ ਚੁਣਿਆ ਜਾ ਸਕਦਾ ਹੈ। ਹੁਣ ਬੀਬੀ ਸੇਠ ਇਹ ਮਾਣ ਹਾਸਲ ਕਰਨ ਵਾਲੀ ਦੂਜੀ ਪੇਸ਼ੇਵਰ ਬਣ ਗਈ ਹੈ, ਜੋ ਇਕ ਡਾਕਟਰ ਹੈ ਅਤੇ ਉਹ ਸੈਨੇਟ ਵਿੱਚ 15 ਲੱਖ ਭਾਰਤੀ-ਕੈਨੇਡੀਅਨ ਭਾਈਚਾਰੇ ਦੀ ਨੁਮਾਇੰਦਗੀ ਕਰੇਗੀ। ਇਹ ਵੀ ਇਤਫ਼ਾਕ ਹੀ ਹੈ ਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਇਹ ਸਨਮਾਨ 70 ਸਾਲ ਤੋਂ ਵੱਧ ਉਮਰ ਵਿੱਚ ਮਿਲਿਆ ਹੈ। ਬੀਬੀ ਸੇਠ ਨੂੰ ਇਸ ਤੋਂ ਪਹਿਲਾਂ 2010 ਵਿੱਚ ਵੱਕਾਰੀ ਓਂਟਾਰੀਓ ਕਾਲਜ ਆਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਕੌਂਸਲ ਐਵਾਰਡ ਹਾਸਲ ਹੋਇਆ ਸੀ। ਉਹ ਅਨੇਕਾਂ ਸਿਹਤ ਸੰਭਾਲ ਸਮਾਜ ਸੇਵੀ ਸੰਸਥਾਵਾਂ ਨਾਲ ਤਾਂ ਜੁੜੇ ਹੋਏ ਹਨ ਨਾਲ ਹੀ ਉਨ੍ਹਾਂ ਇਥੇ ਬਣੇ ਪਹਿਲੇ ਹਿੰਦੂ ਮੰਦਰ ਲਈ ਫੰਡ ਜੁਟਾਉਣ ਵਾਸਤੇ ਵੀ ਮੋਹਰੀ ਕਿਰਦਾਰ ਨਿਭਾਇਆ। ਇਹ ਵਿਸ਼ਨੂੰ ਮੰਦਰ ਗਰੇਟਰ ਨੋਇਡਾ ਇਲਾਕੇ ਵਿੱਚ ਰਿਚਮੰਡ ਹਿੱਲ ਵਿਖੇ ਬਣਾਇਆ ਗਿਆ ਹੈ। ਉਨ੍ਹਾਂ 2003 ਵਿੱਚ ਕੈਨੇਡੀਅਨ ਮਿਊਜ਼ੀਅਮ ਆਫ ਹਿੰਦੂ ਸਿਵਿਲਾਈਜ਼ੇਸ਼ਨ, ਜੋ ਆਲਮੀ ਅਮਨ ਨੂੰ ਸਮਰਪਿਤ ਹੈ, ਲਈ ਫੰਡ ਜੁਟਾਉਣ ਦੀ ਜ਼ਿੰਮੇਵਾਰੀ ਵੀ ਸੰਭਾਲੀ। ਉਨ੍ਹਾਂ ਲਖਨਊ ਤੋਂ ਇੰਗਲੈਂਡ ਜਾ ਕੇ ਜ਼ਨਾਨਾ ਰੋਗਾਂ ਸਬੰਧੀ ਆਪਣੀ ਰੈਜ਼ੀਡੈਂਟ ਟਰੇਨਿੰਗ ਰਾਇਲ ਬਰਕਸ਼ਾਇਰ ਹਸਪਤਾਲ ਵਿੱਚ ਪੂਰੀ ਕੀਤੀ। ਫਿਰ ਉਨ੍ਹਾਂ ਕੈਨੇਡਾ ਪੁੱਜ ਕੇ ਟੋਰਾਂਟੋ ਦੇ ਸੈਂਟ ਜੋਸਫ ਹੈਲਥ ਸੈਂਟਰ ਅਤੇ ਹੌਸਪੀਟਲ ਆਫ ਸਿਕ ਚਿਲਡਰਨ ਵਿੱਚ ਟਰੇਨਿੰਗ ਕੀਤੀ। ਉਹ ਇਕ ਸਮਰਪਿਤ ਕੰਜ਼ਰਵੇਟਿਵ ਹਨ, ਜਿਨ੍ਹਾਂ ਪਿਛਲੀਆਂ ਸੰਸਦੀ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਲਈ ਬਹੁਤ ਮਿਹਨਤ ਕੀਤੀ। ਉਨ੍ਹਾਂ ਪਾਰਟੀ ਉਮੀਦਵਾਰ ਪਰਮ ਗਿੱਲ ਲਈ ਫੰਡ ਵੀ ਇਕੱਤਰ ਕੀਤੇ, ਜਿਨ੍ਹਾਂ ਨੇ ਕੈਨੇਡੀਅਨ ਸਿਆਸਤ ਦੀ ਗਲੈਮਰਸ ਆਗੂ ਰੂਬੀ ਢੱਲਾ ਨੂੰ ਹਰਾ ਕੇ ਚੋਣ ਜਿੱਤੀ। ਉਹ ਬਰੈਂਪਟਨ ਸਪਰਿੰਗ ਡੇਲ ਤੋਂ ਜੇਤੂ ਰਹੇ। ਇਸ ਤੋਂ ਪਹਿਲਾਂ 2004 ਵਿੱਚ ਉਨ੍ਹਾਂ ਨੂੰ ਓਂਟਾਰੀਓ ਸੂਬੇ ਦੀ ਪੁਲੀਸ ਬਹਾਦਰੀ ਸਲਾਹਕਾਰ ਕੌਂਸਲ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਹੁਣ ਵੀ ਇਹ ਅਹੁਦਾ ਉਨ੍ਹਾਂ ਕੋਲ ਹੈ। ਇਹ ਅਹੁਦਾ ਪਹਿਲੀ ਵਾਰ ਦੱਖਣੀ ਏਸ਼ਿਆਈ ਮੂਲ ਦੇ ਆਗੂ ਨੂੰ ਦਿੱਤਾ ਗਿਆ ਸੀ। ਉਹ ਓਂਟਾਰੀਓ ਦੀ ਫਾਇਰ ਫਾਈਟਰ ਬਹਾਦਰੀ ਸਲਾਹਕਾਰ ਕੌਂਸਲ ਦੇ ਵੀ ਮੈਂਬਰ ਹਨ। ਉਹ ਸਥਾਨਕ ਤੇ ਕੌਮਾਂਤਰੀ ਭਾਈਚਾਰੇ ਦੀ ਸੇਵਾ ਕਰਨ ਵਾਲੇ ਕਈ ਚੈਰਿਟੀ ਅਦਾਰਿਆਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਐਨ.ਆਈ.ਐਨ.ਡੀ.ਏ.ਸੀ. ਫਾਊਂਡੇਸ਼ਨ ਵੀ ਬਣਾਈ, ਜੋ ਹਾਰਟ ਐਂਡ ਸਟਰੋਕ ਫਾਊਂਡੇਸ਼ਨ, ਸਰੀਰਕ ਅਪਾਹਜ ਵਿਅਕਤੀਆਂ ਸਬੰਧੀ ਫਾਊਂਡੇਸ਼ਨ ਅਤੇ ਨੇਤਰਹੀਣਾਂ ਸਬੰਧੀ ਕੈਨੇਡੀਅਨ ਇੰਸਟੀਚਿਊਟ ਲਈ ਫੰਡ ਇਕੱਤਰ ਕਰ ਰਹੀ ਹੈ। ਉਹ ਸੀ.ਐਨ. ਆਈ.ਬੀ. ਦੇ ਨੈਸ਼ਨਲ ਬੋਰਡ ਡਾਇਰੈਕਟਰ ਵੀ ਹਨ। ਉਨ੍ਹਾਂ ਦੇ ਪਤੀ ਦਾ ਨਾਂ ਡਾ. ਅਰੁਣ ਸੇਠ ਹੈ ਅਤੇ ਸੇਠ ਪਰਿਵਾਰ ਟੋਰਾਂਟੋ ਵਿੱਚ ਸੁਖੀ ਜੀਵਨ ਬਿਤਾ ਰਿਹਾ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ। ਵੱਡੀ ਧੀ ਅਨਿਲਾ ਸੇਠ ਸ਼ਰਮਾ ਇਕ ਐਂਡੋਕਰਾਈਨਾਲੋਜਿਸਟ ਹੈ ਅਤੇ ਛੋਟੀ ਧੀ ਆਂਗੀ ਸੇਠ ਇਕ ਐਵਾਰਡ ਜੇਤੂ ਪੱਤਰਕਾਰ ਤੇ ਨਿਊਜ਼ ਐਂਕਰ ਹੈ ਤੇ ਉਨ੍ਹਾਂ ਦੇ ਚਾਰ ਦੋਹਤੇ-ਦੋਹਤੀਆਂ ਹਨ।(aapna punjab news) | |
No comments:
Post a Comment